ਪੰਨਾ:ਹੀਰ ਵਾਰਸਸ਼ਾਹ.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੦)

ਰੰਨ ਤਾਹੀਏਂ ਜਾਂ ਘਰੋਂ ਕਢਾਂ ਤੈਨੂੰ ਤੇ ਮੁਰਾਦ ਬਲੋਚ ਹੰਢਾਇਸਾਂ ਨੀ
ਜੇੜ੍ਹੇ ਚੋਚੜੇ ਬੋਲੀਆਂ ਲਾਉਨੀ ਏਂ ਤੇਰੇ ਜੀਉ ਨੂੰ ਪਈ ਖਪਾਇਸਾਂ ਨੀ
ਸਿਰ ਏਸਦਾ ਵੱਢ ਕੇ ਕਰਾਂ ਬੇਰੇ ਏਸੇ ਠੂਠੇ ਦੇ ਨਾਲ ਰਲਾਇਸਾਂ ਨੀ
ਰੱਖੀਂ ਹੀਰੇ ਤੂੰ ਆਪਣੀ ਜਮ੍ਹਾ ਖਾਤਰ ਤੇਰੀ ਰਾਤ ਨੂੰ ਭੰਗ ਲਹਾਇਸਾਂ ਨੀ
ਕੁਟਾਇਸਾਂ ਅਤੇ ਮਰਾਇਸਾਂ ਨੀ ਗੁੱਤੋਂ ਪਕੜ ਕੇ ਘਰੋਂ ਕਢਾਇਸਾਂ ਨੀ
ਨਾਲ ਰੱਸਿਆਂ ਹੱਥ ਤੇ ਪੈਰ ਤੇਰੇ ਹੱਥੀਂ ਆਪਣੀ ਬੰਨ੍ਹ ਟੰਗਵਾਇਸਾਂ ਨੀ
ਜਿਵੇਂ ਅਸਾਂ ਨੂੰ ਦੁੱਖੜੇ ਦਿੱਤਿਓ ਨੀ ਤਿਵੇਂ ਅਸੀਂ ਭੀ ਦੁੱਖ ਵਿਖਾਇਸਾਂ ਨੀ
ਵਾਰਸਸ਼ਾਹ ਸਿਖਾਇਕੇ ਸੈਦੜੇ ਨੂੰ ਤੇਰੇ ਲਿੰਗ ਸਭ ਚੂਰ ਕਰਾਇਸਾਂ ਨੀ

ਕਲਾਮ ਹੀਰ

ਖੂਨ ਭੇਡ ਦੇ ਪਿੰਡ ਜੋ ਮਾਰ ਲਈਅਨ ਉਜੜ ਜਾਇ ਜਹਾਨ ਤੇ ਜੱਗ ਸਾਰਾ
ਹਥੋਂ ਜੂੰਆਂ ਦੇ ਜੁੱਲ ਜੇ ਸੁੱਟ ਦੀਜਨ ਕੀਕਰ ਕੱਟੀਏ ਪੋਹ ਤੇ ਮਾਘ ਸਾਰਾ
ਤੇਰੇ ਭਾਈ ਦੀ ਭੈਣ ਨੂੰ ਖੜਨ ਜੋਗੀ ਹੱਥ ਲਾਏ ਮੈਨੂੰ ਕੋਈ ਹੈਂਸਿਆਰਾ
ਮੇਰੀ ਭੰਗ ਝਾੜੇ ਓਹਦੀ ਟੰਗ ਭੰਨਾਂ ਸਿਆਲ ਸਾੜ ਸੁੱਟਨ ਓਹਦਾ ਦੇਸ ਸਾਰਾ
ਮੈਨੂੰ ਛੱਡ ਕੇ ਤੁੱਧ ਨੂੰ ਕਰੇ ਸੈਦਾ ਆ ਕੁਆਰੀਏ ਲਾਯੋ ਈ ਕਿਹਾ ਆੜਾ
ਸਿਰੋਂ ਖੋਹਕੇ ਚੂੰਡੀਆਂ ਤੇਰੀਆਂ ਨੂੰ ਕਰਾਂ ਨਾਲ ਪੈਜ਼ਾਰ ਦੇ ਖੂਬ ਝਾੜਾ
ਫਿਰੇਂ ਕਿਬਰ ਹੰਕਾਰ ਦੇ ਨਾਲ ਲਦੀ ਤੇਰੇ ਨਾਲ ਕਰਸਾਂ ਵੇਖੇ ਮੁਲਕ ਸਾਰਾ
ਵਾਰਸਸ਼ਾਹ ਪਨਾਹ ਮੰਗ ਰੱਬ ਕੋਲੋਂ ਰੰਨ ਆਈ ਵਿਗਾੜ ਤੇ ਕਰੇ ਕਾਰਾ

ਕਲਾਮ ਸਹਿਤੀ

ਕੱਜਲ ਪੂਛਲਾਂ ਵਾਲੜਾ ਘੱਤ ਨੈਣਾਂ ਜ਼ੁਲਫਾਂ ਕੁੰਡਲਾਂ ਦਾਰ ਬਣਾਉਨੀ ਏਂ
ਨੀਵੀਆਂ ਪਟੀਆਂ ਮੁੱਖ ਪਲਮਾ ਜ਼ੁਲਫਾਂ ਗੁੰਜਾਂ ਘੱਲਕੇ ਲਾਵਣਾ ਲਾਉਨੀ ਏਂ
ਜੇਵਰ ਆਸ਼ਕਾਂ ਨੂੰ ਦਿਖਲਾਉਨੀ ਏਂ ਨਿੱਤ ਵਿਹੜੇ ਦੇ ਵਿੱਚ ਛਣਕਾਉਨੀ ਏਂ
ਬਾਂਕੀ ਫੱਬ ਰਹਿੰਦੀ ਚੋਲੀ ਬਾਫਤੇ ਦੀ ਉਤੇ ਕਹਿਰ ਦੀਆਂ ਅੱਲੀਆਂ ਲਾਉਨੀ ਏਂ
ਠੋਡੀ ਗੱਲ੍ਹ ਤੇ ਪਾਇਕੇ ਖ਼ਾਲ ਖੂਨੀ ਰਾਹ ਜਾਂਦੜੇ ਮਿਰਗ ਫਹਾਉਨੀ ਏਂ
ਜਿਨ੍ਹਾਂ ਨਖ਼ਰਿਆਂ ਨਾਲ ਭਰਮਾਉਨੀ ਏਂ ਅੱਖੀਂ ਸੁੱਰਮਾ ਪਾ ਮਟਕਾਉਨੀ ਏਂ
ਚਿਟੇ ਦੰਦ ਹੁਣ ਪਈ ਬਣਾਉਣੀਏਂ ਕਿਸੇ ਗੱਲ ਤੋਂ ਨਹੀਂ ਸ਼ਰਮਾਉਨੀ ਏਂ
ਮੁੱਲ ਵੱਟਨਾ ਲੋਹੜ ਦੰਦਾਸੜੇ ਦਾ ਜ਼ਰੀ ਬਾਦਲਾ ਪੱਟ ਹੰਢਾਉਨੀ ਏਂ
ਤੇੜ ਘੱਗਰਾ ਪਾਇਕੇ ਪੱਟ ਵਾਲਾ ਕੂੰਜਾਂ ਘੱਤ ਕੇ ਲਾਉਨਾ ਲਾਉਨੀ ਏਂ
ਨਵਾਂ ਵੇਸ ਤੇ ਵੇਸ ਬਣਾਉਨੀਏਂ ਲਵੇਂ ਫੇਰੀਆਂ ਤੇ ਘੁੱਮਕਾਉਨੀ ਏਂ