ਪੰਨਾ:ਹੀਰ ਵਾਰਸਸ਼ਾਹ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (੨੪੪)

ਸਜਦੇ ਵਾਸਤੇ ਅਰਸ਼ ਤੋਂ ਮਿਲੇ ਧੱਕੇ ਜਿਵੇਂ ਰੱਬ ਨੇ ਸੱਦ ਸ਼ੈਤਾਨ ਕੀਤਾ
ਸ਼ੱਦਾਦ ਬਹਿਸ਼ਤ ਥੀਂ ਰਹਿਆ ਬਾਹਰ ਨਮਰੂਦ ਮੱਛਰ ਪ੍ਰੇਸ਼ਾਨ ਕੀਤਾ
ਜੋਗੀ ਆਸ਼ਕ ਸੀ ਇਸ਼ਕ ਦੀਆਂ ਸ਼ਾਹੀਆਂ ਦਾ ਇੱਕ ਪੱਲ ਵਿੱਚ ਵੇਖ ਵੈਰਾਨ ਕੀਤਾ
ਜੇੜ੍ਹੀ ਅਕਲ ਸੀ ਯਾਰ ਦੇ ਵੇਖਣੇ ਦੀ ਸੱਭੋ ਖੋਲ੍ਹਕੇ ਚਾ ਨਾਦਾਨ ਕੀਤਾ
ਵਾਰਸਸ਼ਾਹ ਹੈਰਾਨ ਹੋ ਰਿਹਾ ਜੋਗੀ ਜਿਵੇਂ ਨੂਰ ਹੈਰਾਨ ਤੁਫ਼ਾਨ ਕੀਤਾ

ਕਲਾਮ ਜੋਗੀ ਹੀਰ ਨਾਲ

ਹੀਰ ਚੁੱਪ ਬੈਠੀ ਅਸੀਂ ਕੁੱਟ ਕਢੇ ਸਾਡਾ ਵਾਹ ਪਿਆ ਨਾਲ ਡੋਰਿਆਂ ਦੇ
ਉਹ ਵੇਲੜਾ ਹੱਥ ਨਾ ਆਉਂਦਾ ਏ ਲੋਕ ਦੇਹ ਰਹੇ ਲੱਖ ਢੰਡੋਰਿਆਂ ਦੇ
ਐਥੇ ਗੱਲ ਕੁਚੱਜ ਦੀ ਆਣ ਵੱਜੀ ਜੋਗ ਲਿਆ ਸੀ ਨਾਲ ਟਕੋਰਿਆਂ ਦੇ
ਸ਼ਰਮ ਰੱਬ ਨੂੰ ਹੈ ਮੈਨੂੰ ਦੇ ਬਦਲਾ ਇਹਨਾਂ ਮਾਰਿਆ ਨਾਲ ਪਹੌੜਿਆਂ ਦੇ
ਇੱਕ ਰੰਨ ਗਈ ਦੂਜਾ ਧੰਨ ਗਿਆ ਲੋਕ ਮਾਰਦੇ ਨਾਲ ਨਿਹੋਰਿਆਂ ਦੇ
ਧੀਆਂ ਰਾਜਿਆਂ ਤੇ ਨੋਹਾਂ ਡਾਢਿਆਂ ਦੀਆਂ ਕੀਕੂੰ ਹੱਥ ਆਵਨ ਬਿਨਾਂ ਜੋਰਿਆਂ ਦੇ
ਅਸੀਂ ਖੈਰ ਮੰਗਿਆ ਉਹਨਾਂ ਵੈਰ ਕੀਤਾ ਮੈਨੂੰ ਮਾਰਿਆ ਨਾਲ ਨਿਹੋਰਿਆਂ ਦੇ
ਵਾਰਸ ਡਾਢਿਆਂ ਦੇ ਸੌ ਸੱਤ ਵੀਹੀਂ ਹਾੜੇ ਰੱਬ ਅੱਗੇ ਕਮਜ਼ੋਰਿਆਂ ਦੇ

ਕਲਾਮ ਜੋਗੀ

ਰਾਂਝਾ ਆਖਦਾ ਰੰਨਾਂ ਦੇ ਫੇੜ ਫੇੜੇ ਰੰਨਾਂ ਮੁੱਢ ਫਸਾਦ ਨੇ ਖਲਾਂ ਦੇ ਜੀ
ਪਹਿਲਾਂ ਭਾਬੀਆਂ ਨੇ ਪਿੰਡੋਂ ਕੱਢ ਦਿੱਤਾ ਖੁੱਚੀਂ ਪਏ ਘੱਟੇ ਮਗਰ ਹਲਾਂ ਦੇ ਜੀ
ਦਰ ਦਰ ਉੱਤੇ ਧੱਕੇ ਫੇਰ ਖਾਧੇ ਰੰਨਾਂ ਗੋਲੀਆਂ ਯੱਧੜਾਂ ਬਲਾਂ ਦੇ ਜੀ
ਨਾਲੇ ਘੱਤ ਮੂਧਾ ਮੈਨੂੰ ਕੁੱਟਿਓ ਨੇ ਭੰਨੇ ਹੱਡ ਜਿਉਂ ਡੱਕਰੇ ਖਲਾਂ ਦੇ ਜੀ
ਟੁੱਕਰ ਪਿੰਨ ਖਾਧੇ ਘਰਾਂ ਕੰਮੀਆਂ ਦੇ ਸਾਰੇ ਕੰਮ ਕੀਤੇ ਜੱਟਾਂ ਚਲਾਂ ਦੇ ਜੀ
ਖਾਧੀ ਮਾਰ ਪਰ ਹੀਰ ਨਾ ਹੱਥ ਆਈ ਫੰਧ ਢੇਰ ਕੀਤੇ ਵਲਾਂ ਛਲਾਂ ਦੇ ਜੀ
ਅੰਤ ਟੱਕਰਾਂ ਮਾਰਕੇ ਹਾਰ ਰਹਿਆ ਗਏ ਜ਼ੋਰ ਜਵਾਨੀਆਂ ਬਲਾਂ ਦੇ ਜੀ
ਵਾਰਸਸ਼ਾਹ ਅਲਾਹ ਦਾ ਆਸਰਾ ਇ ਜਿਹੜਾ ਕੰਮ ਸਾਧੇ ਵਿੱਚ ਪਲਾਂ ਦੇ ਜੀ

ਜੋਗੀ ਦੀ ਪਰੇਸ਼ਾਨੀ

ਧੂੰਆਂ ਹੰਝਦਾ ਰੋਇਕੇ ਆਹ ਮਾਰੇ ਰੱਬ ਮੇਲਕੇ ਯਾਰ ਵਿਛੋੜਿਓ ਕਿਉਂ
ਮੇਰਾ ਰੜੇ ਜਹਾਜ ਸੀ ਆਣ ਲੱਗਾ ਬੰਨੇ ਲਾਇਕੇ ਫੇਰ ਮੁੜ ਬੋੜਿਓ ਕਿਉਂ
ਝਾਕਾ ਦੇਕੇ ਬਾਗ਼ ਬਹਿਸ਼ਤ ਵਾਲਾ ਫੇਰ ਜੰਗਲਾਂ ਦੀ ਵੱਲ ਟੋਰਿਓ ਕਿਉਂ
ਅਸਾਂ ਬਾਗ਼ ਬਹਿਸ਼ਤ ਵਿੱਚ ਬੈਠਿਆਂ ਨੂੰ ਜਿੰਨ ਗ਼ੈਬ ਦਾ ਆਣ ਚਮੋੜਿਓ ਕਿਉਂ
ਕੋਈ ਅਸਾਂ ਥੀਂ ਵੱਡਾ ਗੁਨਾਹ ਹੋਯਾ ਸਾਥ ਅਜ਼ਲ ਦਾ ਲੱਦਕੇ ਮੋੜਿਓ ਕਿਉਂ