ਪੰਨਾ:ਹੀਰ ਵਾਰਸਸ਼ਾਹ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(20)

ਇਕ ਦੂਈ ਨੂੰ ਆਖਦੀ ਚਲੋ ਅੜੀਓ ਕਰੋ ਹੀਰ ਦੇ ਨਾਲ ਤਿਆਰੀਆਂ ਨੀ
ਚਲੋ ਹੀਰ ਦੇ ਨਾਲ ਉਠ ਚਲੀਏ ਨੀ ਲਾਈਏ ਵਿੱਚ ਦਰਯਾ ਦੇ ਤਾਰੀਆਂ ਨੀ
ਜੇੜ੍ਹਾ ਹੀਰ ਦੀ ਸੇਜ ਤੇ ਨਜ਼ਰ ਆਵੇ ਉਨੂੰ ਮਾਰ ਕਰੀਏ ਰਲਕੇ ਸਾਰੀਆਂ ਨੀ
ਨਿਗ੍ਹਾ ਟੇਢੜੀ ਵੇਖਕੇ ਫੱਟ ਸੁੱਟਣ ਨੈਣ ਤਿੱਖੜੇ ਤੇਜ਼ ਕਟਾਰੀਆਂ ਨੀ
ਇਕੋ ਜੇਡੀਆਂ ਹੁਸਨ ਗੁਮਾਨ ਸੁੰਦਰ ਵਿੱਚ ਉਮਰ ਦੇ ਖ਼ਾਸ ਮੁਟਿਆਰੀਆਂ ਨੀ
ਨੈਣ ਸ਼ਰਬਤੀ ਕਾਤੀਆਂ ਸੋਇਨ ਚਿੜੀਆਂ ਅੱਤਰ ਭਿੰਨੀਆਂ ਪ੍ਰੇਮ ਪਟਾਰੀਆਂ ਨੀ
ਪੰਖੀ ਢਹਿਣ ਅਸਮਾਨ ਤੋਂ ਜ਼ਿਮੀ ਉੱਤੇ ਸੁਣਕੇ ਝਾਂਜਰਾਂ ਦੀਆਂ ਛਣਕਾਰੀਆਂ ਨੀ
ਹਥੀਂ ਪਕੜ ਕਾਬਾਂ ਵਾਂਗ ਸ਼ਾਹ ਪਰੀਆਂ ਦੂਰੋਂ ਕਰਦੀਆਂ ਨੀ ਮਾਰੋ ਮਾਰੀਆਂ ਨੀ
ਨੇੜੇ ਆਣਕੇ ਕੜਕੀਆਂ ਵਾਂਗ ਬਦਲੀ ਗਿਰਦ ਆਣ ਹੋਈਆਂ ਟੂਣੇਹਾਰੀਆਂ ਨੀ
ਮੁਖ ਖੋਲ੍ਹ ਦਿਖਾਇਕੇ ਪਟ ਸੱਟਨ ਲਹੂ ਪੀਂਦੀਆਂ ਪਰੇਮ ਪਿਆਰੀਆਂ ਨੀ
ਵਾਰਸਸ਼ਾਹ ਝਬੇਲ ਤੇ ਗੜਾ ਵੁੱਠਾ ਹਥੀਂ ਚਾਬਕਾਂ ਦੀਆਂ ਹਥਿਆਰੀਆਂ ਨੀ

ਹੀਰ ਲੂਡਣ ਨੂੰ ਪੁਛਦੀ ਹੈ ਕਿ ਪਲੰਘ ਨੂੰ ਕਿਸ ਨੇ ਖਰਾਬ ਕੀਤਾ

ਦੱਸ ਲੁਡਣਾ ਕਾਲਿਆ ਕੁੱਢਣਾ ਵੇ ਸਾਡੇ ਪਲੰਘ ਨੂੰ ਕਿਸ ਖਰਾਬ ਕੀਤਾ
ਸਾਡੀ ਸੇਜ ਤੇ ਕੌਣ ਸਵਾਲਿਓ ਈ ਮੇਰਾ ਕੁਝ ਨਾ ਅਦਬ ਅਦਾਬ ਕੀਤਾ
ਕੁਝ ਖੌਫ਼ ਖ਼ੁਦਾਅ ਨਾ ਤੁੱਧ ਕੀਤਾ ਮੇਰੀ ਜਾਨ ਦਾ ਤੁੱਧ ਅਜ਼ਾਬ ਕੀਤਾ
ਤੇਰੇ ਨਾਲ ਕਰਸਾਂ ਸਾਰਾ ਜੱਗ ਜਾਣੇ ਜਿਹਾ ਪਲੰਘ ਨੂੰ ਤੱਧ ਬੇਆਬ ਕੀਤਾ
ਈਮਾਨ ਜ਼ੀਆਨ ਨਾ ਕਿਸੇ ਕਰੀਏ ਪਾਕ ਲੋਕਾਂ ਨੇ ਬੈਠ ਹਿਸਾਬ ਕੀਤਾ
ਵਾਰਸ ਕਿਸੇ ਦਾ ਨਾਂਹ ਜ਼ਿਆਨ ਕਰੀਏ ਰੱਬ ਹੁਕਮ ਕੁਰਾਨ ਕਿਤਾਬ ਕੀਤਾ

ਹੀਰ ਨੇ ਪਲੰਘ ਕੋਲ ਆਉਣਾ

ਬਾਰਾਂਦਰੀ ਵਲ ਸਭੇ ਨੀ ਦੌੜ ਆਈਆਂ ਵੱਲ ਪਲੰਘ ਦੇ ਉਨਾਂ ਧਿਆਨ ਕੀਤੇ
ਡਿਠਾ ਸੋਹਣਾ ਇੱਕ ਜਵਾਨ ਸੁੱਤਾ ਉਤੇ ਲਾਲ ਦੁਸ਼ਾਲਿਆਂ ਤਾਨ ਕੀਤੇ
ਆਣ ਪਲੰਘ ਤੇ ਕੌਣ ਸਵਾਲਿਆ ਜੇ ਮੇਰੇ ਵੈਰ ਦੇ ਤੁਸਾਂ ਸਮਾਨ ਕੀਤੇ
ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾਂ ਮਾਰ ਛੱਮਕਾਂ ਲਹੂ ਲੁਹਾਨ ਕੀਤੇ
ਕੁੜੀਏ ਮਾਰ ਨਾ ਅਸਾਂ ਬੇਦੋਸ਼ਿਆਂ ਨੂੰ ਕੋਈ ਅਸਾਂ ਨਾ ਇਹ ਮਿਹਮਾਨ ਕੀਤੇ
ਇਹ ਆਣ ਬੈਠਾ ਬੋਲੇ ਰਾਗ ਸੋਹਣੇ ਸਿਰ ਲੋਕਾਂ ਦੇ ਏਨ ਅਹਿਸਾਨ ਕੀਤੇ
ਜ਼ੁਲੈਖਾਂ ਵਾਂਗ ਜਦੋਂ ਸਾਬਤ ਰਹੇਂਗੀ ਨੀ ਤਾਹੀਂ ਜਾਣਸਾਂ ਤਦੋਂ ਧਿਆਨ ਕੀਤੇ
ਖੱਚਰ ਹਾਰੀਏ ਰੱਬ ਤੋਂ ਡਰੀਂ ਮੋਈਏ ਅੱਗੇ ਕਿਸੇ ਨਾ ਐਡ ਤੁਫਾਨ ਕੀਤੇ
ਕਿਹੀ ਕੀਤੀਓ ਅਸਾਂ ਦੇ ਨਾਲ ਹੀਰੇ ਤੇਰੀ ਮਾਰ ਨੇ ਚਾ ਹਰਾਨ ਕੀਤੇ