ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (੨੪੭)

ਹੱਥੋਂ ਹੂੰਝ ਧੂੰਆਂ ਸਿਰ ਚਾ ਟੁਰਿਆ ਕਾਲੇ ਬਾਗ ਵਿੱਚ ਢੇਰ ਮਚਾ ਬੈਠਾ
ਅਖੀਂ ਮੀਟਕੇ ਰੱਬ ਦਾ ਧਿਆਨ ਧਰਿਆ ਚਾਰੋਂ ਤਰਫ ਹੀ ਧੂਣੀਆਂ ਲਾ ਬੈਠਾ
ਵੱਟ ਮਾਰਕੇ ਚਾਰੋਂ ਹੀ ਤਰਫ਼ ਉੱਚੀ ਉਥੇ ਵਲਗਣਾ ਖੂਬ ਬਣਾ ਬੈਠਾ
ਅਸਾਂ ਕੂੜ ਕੀਤਾ ਰੱਬ ਸੱਚ ਕਰਸੀ ਇਹ ਆਖ ਕੇ ਡੀਲ ਜਗਾ ਬੈਠਾ
ਭੜਕੀ ਅੱਗ ਜਾਂ ਤਾਓ ਨੇ ਤਾ ਕੀਤਾ ਇਸ਼ਕ ਮੁਸ਼ਕ ਵਿਹਾਇਕੇ ਜਾ ਬੈਠਾ
ਬਾਗ ਹਰਾ ਹੋਯਾ ਉਸ ਵੇਲੜੇ ਜੀ ਜਿੱਸ ਵੇਲੜੇ ਧੂਣੀ ਰਮਾ ਬੈਠਾ
ਫੱਲ ਆਣ ਲੱਗਾ ਉਸ ਬਾਗ ਤਾਈਂ ਜਦੋਂ ਚੋਟ ਨਗਾਰੇ ਤੇ ਲਾ ਬੈਠਾ
ਪਿੰਡੇ ਛੁੱਟੀਆਂ ਚਿਣਗਾਂ ਤੇ ਛੱਡ ਨੱਠਾ ਸਾਧ ਗਿਰੀ ਨੂੰ ਉਹ ਭੁਲਾ ਬੈਠਾ
ਇਹ ਕੰਮ ਸੀ ਅਹਿਲ ਤਪੀਸਰਾਂ ਦਾ ਸੁਣੀਆਂ ਗਲਾਂ ਨੂੰ ਤੁਰਤ ਗਵਾ ਬੈਠਾ
ਜਦੋਂ ਅੱਗ ਤੇ ਧੁੱਪ ਨੇ ਤਾ ਪਾਯਾ ਤਦੋਂ ਛਾਉਂ ਵਲ ਝੌਂਪੜੀ ਲਾ ਬੈਠਾ
ਤਰਫ ਯਾਰ ਦੀ ਖਿਆਲ ਦੁੜਾਇਓ ਸੂ ਅਤੇ ਰੱਬ ਨੂੰ ਦਿਲੋਂ ਭੁਲਾ ਬੈਠਾ
ਹੱਥ ਲਾਇਕੇ ਸਾਸ ਚੜ੍ਹਾ ਦੁਆਰੇ ਕੋਈ ਵੱਡਾ ਮਹੰਤ ਹੈ ਆ ਬੈਠਾ
ਵਿੱਚ ਸੰਘਣੀ ਛਾਂ ਦੇ ਲਾ ਤਾੜੀ ਵਾਂਗ ਬੜੇ ਤਪਸੀਆਂ ਆ ਬੈਠਾ
ਹੱਥ ਸਿਮਰਨਾ ਗੱਲ ਵਿਚ ਪਾ ਮਾਲਾ ਸਾਰੇ ਅੰਗ ਭਬੂਤ ਰਮਾ ਬੈਠਾ
ਛਾਂ ਸੰਘਣੀ ਤੱਕ ਕੇ ਸਟ ਭੂਰਾ ਵਾਂਗ ਅਹਿਦੀਆਂ ਢਾਸਣਾ ਲਾ ਬੈਠਾ
ਲਾਲ ਅੱਖੀਆਂ ਭਖਦੀਆਂ ਮੁਖ ਸੁੰਦਰ ਅਤੇ ਹਵਸ ਨੂੰ ਦਿਲੋਂ ਮਿਟਾ ਬੈਠਾ
ਵਾਰਸਸ਼ਾਹ ਉਸ ਵਕਤ ਨੂੰ ਝੂਰਦਾ ਏ ਜਿਸ ਵੇਲੜੇ ਅਖੀਆਂ ਲਾ ਬੈਠਾ

ਜੋਗੀ ਨੇ ਦਿਲ ਨਾਲ ਤਜਵੀਜ਼ ਕਰਨੀ ਅਤੇ ਰਬ ਨੂੰ ਯਾਦ ਕਰਨ ਵਾਸਤੇ ਬੈਠਣਾ

ਰਾਂਝਾ ਦਿਲੋਂ ਤਜਵੀਜ ਬਣਾਇ ਕੇ ਤੇ ਵਾਂਗ ਸਾਧੂਆਂ ਚਿੱਤ ਬਣਾ ਰਹਿਆ
ਕਦੇ ਨਾਂਗਿਆਂ ਵਾਂਗ ਅਲੱਖ ਬੋਲੇ ਡੰਡੇ ਸੁਥਰਿਆਂ ਵਾਂਗ ਵਜਾ ਰਹਿਆ
ਕਦੇ ਮੁਖੀ ਤੱਪ ਸ਼ਾਮ ਤੱਪ ਪੌਣ ਭਖੀ ਸਦਾ ਬਰਤ ਨੇਮੀ ਝਟ ਲਾ ਰਹਿਆ
ਕਦੇ ਮਸਤ ਮਜਜ਼ੂਬ ਲੱਟ ਹੋ ਸੁਥਰਾ ਅਲਫ਼ ਸਿਆਹ ਮੱਥੇ ਉਤੇ ਲਾ ਰਹਿਆ
ਕਦੇ ਉਰਧ ਤਪ ਸਾਸ ਗ੍ਰਾਸ ਤੱਪ ਨੂੰ ਕਦੇ ਜੋਗ ਤਾਂਈ ਝੁੱਟੀ ਲਾ ਰਹਿਆ
ਵਾਰਸਸ਼ਾਹ ਹੈ ਯਾਰ ਦਾ ਗ਼ੱਮ ਉਸਨੂੰ ਉਸਦੇ ਨਾਮ ਦਾ ਵਿਰਦ ਪਕਾ ਰਹਿਆ

ਤਥਾ

ਮੀਟ ਅੱਖੀਆਂ ਰੱਖੀਆਂ ਬੰਦਗੀ ਤੇ ਘੱਤੇ ਜੱਲੀਆਂ ਚਿਲੇ ਵਿੱਚ ਹੋ ਰਹਿਆ
ਕਰੇ ਆਜਜ਼ੀ ਵਿੱਚ ਮਕਾਰਬੇ ਦੇ ਦਿਨ ਰਾਤ ਖੁਦਾ ਤੇ ਰੋ ਰਹਿਆ
ਦਸਵੇਂ ਦੁਆਰ ਤੇ ਸਾਸ ਚੜ੍ਹਾ ਕੇ ਤੇ ਕਦੇ ਵਾਂਗ ਸਮਾਧ ਖਲੋ ਰਹਿਆ