ਪੰਨਾ:ਹੀਰ ਵਾਰਸਸ਼ਾਹ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੦)

ਫਤਿਆਬਾਦ ਚਾ ਦਿਤੋਂ ਈ ਖੇੜਿਆਂ ਨੂੰ ਭਾ ਰਾਂਝਣੇ ਦੇ ਵੈਰੋ ਵਾਲ ਕੀਤੋ
ਛੱਡ ਨੱਠੀਏ ਸਿਆਲ ਤੇ ਮਹੀਂ ਮਾਹੀ ਵਿੱਚ ਖੇੜਿਆਂ ਦੇ ਆਣ ਜਾਲ ਕੀਤੋ
ਕਰਕੇ ਲੋਕ ਵਿਖਾਉੜਾ ਵਿਆਹ ਵਾਲਾ ਡੋਲ੍ਹੀ ਚੜ੍ਹਨ ਲਗੀ ਹਾਲ ਹਾਲ ਕੀਤੋੋ
ਭਲੇ ਚੌਧਰੀ ਦਾ ਪੁੱਤ ਚਾਕ ਕੀਤੋ ਚਾ ਜੱਗ ਉਤੇ ਮਹੀਂਵਾਲ ਕੀਤੋ
ਨਾਦਰਸ਼ਾਹ ਤੋਂ ਹਿੰਦ ਪੰਜਾਬ ਧੜਕੇ ਮੇਰੇ ਬਾਬ ਦਾ ਤੁੱਧ ਭੁੁੰਚਾਲ ਕੀਤੋ
ਸਾੜ ਬਾਲ ਕੰਗਾਲ ਬੇਹਾਲ ਕਰਕੇ ਹਾਲ ਚਾਲ ਥੀਂ ਚਾ ਬੇਹਾਲ ਕੀਤੋ
ਤਦੋਂ ਸਥਰ ਨੂੰ ਪੱਟ ਕਰ ਜਾਣਦੀ ਸੈੈਂ ਜਦੋਂ ਅਸਾਂ ਦੇ ਨਾਲ ਵਿਸਾਲ ਕੀਤੋ
ਨੇਹੁੰ ਲਾਇਕੇ ਮੁੱਖ ਭਵਾਇਆ ਈ ਨਾਲ ਖੇੜਿਆਂ ਦੇ ਇਸ਼ਤਗਾਲ ਕੀਤੋ
ਜਾਂ ਮੈਂ ਗਿਆ ਵੇੜ੍ਹੇ ਸਹਿਤੀ ਨਾਲ ਰਲਕੇ ਫੱੜ ਚੋਰ ਵਾਂਗੂੰ ਮੇਰਾ ਹਾਲ ਕੀਤੋ
ਅਸਾਂ ਆਜਜ਼ਾਂ ਨੂੰ ਤਰਸਾਇਆ ਈ ਵਿੱਚ ਜੱਗ ਦੇ ਚਾ ਪਾਇਮਾਲ ਕੀਤੋ
ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ ਜਿਹਾ ਜ਼ਾਲਮੇਂ ਤੁੱਧ ਮੈਂ ਨਾਲ ਕੀਤੋੋ
ਰਾਤ ਦਿੱਨ ਬਦਦੁਆਈਆਂ ਦੇਵਨਾ ਹਾਂ ਮੈਨੂੰ ਇਸ਼ਕ ਦੇ ਵਿੱਚ ਧੰਦਾਲ ਕੀਤੋ
ਦਿਤੋ ਆਪਣਾ ਸ਼ੌਕ ਤੇ ਜੋਸ਼ ਮਸਤੀ ਵਾਰਸਸ਼ਾਹ ਫ਼ਕੀਰ ਨਿਹਾਲ ਕੀਤੋ

ਕੌਲਾਂ ਨੇ ਹੀਰ ਨੂੰ ਰਾਂਝੇ ਦਾ ਸੁਨੇਹਾ ਦੇਣਾ

ਕੁੜੀ ਆਪਣਾ ਆਪ ਛੁਡਾ ਨੱਠੀ ਤੀਰ ਗਜ਼ਬ ਦਾ ਜੀਉ ਵਿੱਚ ਧੱਸਿਆ ਏ
ਸਹਿਜ ਆਣਕੇ ਹੀਰ ਦੇ ਕੋਲ ਬਹਿਕੇ ਹਾਲ ਜੋਗੀ ਦਾ ਖੋਲ੍ਹਕੇ ਦੱਸਿਆ ਏ
ਛੱਡ ਨੰਗ ਨਾਮੂਸ ਫ਼ਕੀਰ ਹੋਯਾ ਰਹੇ ਰੋਂਦੜਾ ਕਦੇ ਨਾ ਹੱਸਿਆ ਏ
ਏਸ ਇਸ਼ਕ ਦੀ ਅੱਗ ਨੇ ਸਾੜ ਦਿੱਤਾ ਗੜਾ ਕਹਿਰ ਦਾ ਓਸ ਤੇ ਵੱਸਿਆ ਏ
ਘਰੋਂ ਮਾਰਕੇ ਮੋਹਲੀਆਂ ਕੱਢਿਆ ਏ ਜਾ ਕਾਲੜੇ ਬਾਗ ਵਿੱਚ ਧੱਸਿਆ ਏ
ਏਸ ਹੁਸਨ ਗੁਮਾਨ ਨੂੰ ਹੱਥ ਫੜਕੇ ਆ ਕਹਿਰ ਦਾ ਤੀਰ ਕਿਉਂ ਕੱਸਿਆ ਏ
ਖੇਡਨ ਗਈ ਸਾਂ ਨਾਲ ਸਹੇਲੀਆ ਦੇ ਮੈਨੂੰ ਆਪਣਾ ਭੇਤ ਉਸ ਦੱਸਿਆ ਏ
ਦਿਹੋਂ ਖਲਾ ਓਹ ਪਿੰਡ ਦਾ ਰਾਹ ਦੇਖੇ ਰਾਤੀਂ ਗਿਣੇ ਤਾਰੇ ਲੱਕ ਕੱਸਿਆ ਏ
ਵਾਰਸਸ਼ਾਹ ਦਿਨ ਰਾਤ ਤੇ ਮੀਂਹ ਵਾਂਗੂੰ ਨੀਰ ਓਸ ਦੇ ਨੈਣਾਂ ਦਾ ਵੱਸਿਆ ਏ

ਕਲਾਮ ਹੀਰ ਕੌਲਾਂ ਨਾਲ

ਕੁੜੀਏ ਵੇਖ ਰੰਝੇਟੜੇ ਕੱਚ ਕੀਤਾ ਭੇਤ ਜੀਉ ਦਾ ਖੋਲ ਪਸਾਰਿਆ ਈ
ਮਨਸੂਰ ਨੇ ਇਸ਼ਕ ਦਾ ਭੇਤ ਦਿਤਾ ਉਹਨੂੰ ਤੁਰਤ ਸੂਲੀ ਉੱਤੇ ਚਾੜ੍ਹਿਆ ਈ
ਰਸਮ ਏਸ ਜਹਾਨ ਦੀ ਚੁੱਪ ਰਹਿਣਾ ਮੂੰਹੋਂ ਬੋਲਿਆ ਸੋ ਓਹੀ ਮਾਰਿਆ ਈ
ਤੋਤੇ ਬੋਲ ਕੇ ਪਿੰਜਰੇ ਕੈਦ ਹੋਏ ਐਵੇਂ ਬੋਲ ਨੂੰ ਅਗਨ ਸੰਘਾਰਿਆ ਈ