ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੩)

ਏਸ ਹੁਸਨ ਦਾ ਨਾਂਹ ਗੁਮਾਨ ਕਰੀਏ ਛਾਂ ਬਦਲਾਂ ਦੀ ਜਾਣ ਜੱਟੀਏ ਨੀ
ਇਹ ਜੋਬਨਾ ਨਿੱਤ ਨਾ ਹੋਵਣਾ ਏਂ ਪੈਰ ਯਾਰ ਦੇ ਧੋਇਕੇ ਚੱਟੀਏ ਨੀ
ਲੈਕੇ ਸੱਠ ਸਹੇਲੀਆਂ ਵਿੱਚ ਬੇਲੇ ਤੂੰ ਤੇ ਧਾਉਂਦੀ ਸੈਂ ਨਿੱਤ ਜੱਟੀਏ ਨੀ
ਪਿਛਾ ਨਾਹ ਦੀਜੇ ਸੱਚੇ ਆਸ਼ਕਾਂ ਨੂੰ ਜੋ ਕੁੱਝ ਜਾਨ ਤੇ ਬਣੇ ਸੋ ਕੱਟੀਏ ਨੀ
ਦਾਵਾ ਬੰਨ੍ਹੀਏਂ ਤੇ ਖੜਿਆਂ ਹੋ ਲੜੀਏ ਤੀਰ ਮਾਰਕੇ ਪਿਛ੍ਹਾਂ ਨਾ ਹੱਟੀਏ ਨੀ
ਅੱਠੇ ਪਹਿਰ ਵਿਸਾਰੀਏ ਨਾਂਹ ਸਾਹਿਬ ਕਦੇ ਹੋਸ਼ ਦੀ ਅੱਖ ਪਰੱਤੀਏ ਨੀ
ਜਿਨ੍ਹਾਂ ਕੌਂਤ ਭੁਲਾਇਆ ਛੁੱਟੜਾਂ ਨੇ ਲੱਖ ਮੌਲੀਆਂ ਮਹਿੰਦੀਆਂ ਪੱਤੀਏ ਨੀ
ਉੱਠ ਜੋਗੀ ਦੇ ਜਾਇਕੇ ਹੋ ਹਾਜਰ ਏਸ ਕੰਮ ਵਿੱਚ ਢਿੱਲ ਨਾ ਘੱਤੀਏ ਨੀ
ਮਿਟੀ ਚਾਕ ਹਲਾਕ ਦੇ ਤੋਤੜੇ ਨੂੰ ਪਿਛੋਂ ਕੈਂਕਰੀ ਰੋੜ ਨਾ ਸੱਟੀਏ ਨੀ
ਵਾਰਸਸ਼ਾਹ ਕੀ ਖਾਇਕੇ ਖੇਡ ਰੁੱਧੋੋਂ ਜਿਸਦਾ ਖਾਈਏ ਓਸਦਾ ਕੱਤੀਏ ਨੀ

ਸਹਿਤੀ ਅਗੇ ਹੀਰ ਦੀ ਅਰਜ਼

ਜਿਵੇਂ ਮੁਰਸ਼ਦਾਂ ਪਾਸ ਜਾ ਡਿਗਣ ਤਾਲਬ ਤਿਵੇਂ ਸਹਿਤੀ ਦੇ ਪਾਉਂਦੀ ਹੀਰ ਫੇਰੇ
ਕਰੀਂ ਸੱਭ ਤਕਸੀਰ ਮੁਆਫ਼ ਮੇਰੀ ਪੈਰੀਂ ਪਵਾਂ ਤੇ ਮੰਨੀਏਂ ਨਾਲ ਮੇਰੇ
ਰਹਿਬਰ ਢੂੰਡਕੇ ਪੜਕਨਾ ਫ਼ਰਜ਼ ਹੋਯਾ ਬਿਨਾਂ ਹਾਦੀਆਂ ਖਤਮ ਨਾ ਹੋਣ ਝੇੜੇ
ਬੰਦਾ ਪੁਰ ਤਕਸੀਰ ਗੁਨਾਹ ਭਰਿਆ ਸ਼ਾਫ਼ੀ ਹਸ਼ਰ ਨੂੰ ਬਾਝ ਰਸੂਲ ਨੇੜੇ
ਬਖਸ਼ੇ ਨਿੱਤ ਗੁਨਾਹ ਖੁਦਾਅ ਸੱਚਾ ਬੰਦੇ ਲੱਖ ਗੁਨਾਹ ਦੇ ਭਰਨ ਬੇੜੇ
ਹੀਰ ਕਰੇ ਤਰਲੇ ਸਹਿਤੀ ਨਾ ਮੰਨੇ ਘੜੀ ਘੜੀ ਓਹ ਪਾਉਂਦੀ ਨਿੱਤ ਫੇਰੇ
ਤੋਬਾ ਤਾਇਬ ਨਸੂਹੇ ਦੀ ਕਰਾਂ ਬੀਬੀ ਬਾਝ ਤੁਸਾਂ ਦੇ ਅਸਾਂ ਦੇ ਕੌਣ ਗੇਰੇ
ਵਾਰਸਸ਼ਾਹ ਮਨਾਉੜਾ ਅਸਾਂ ਆਂਦਾ ਸਾਡੀ ਸੁਲਹ ਕਰਾਇਗਾ ਨਾਲ ਤੇਰੇ

ਕਲਾਮ ਸਹਿਤੀ

ਅਸਾਂ ਕਿਸੇ ਦੇ ਨਾਲ ਨਹੀਂ ਕੁੱਝ ਮਤਲਬ ਸਿਰੋਪਾ ਲੈ ਕੇ ਖੁਸ਼ੀ ਹੋ ਰਹੇ
ਲੋਕਾਂ ਮਿਹਣੇ ਮਾਰ ਬੇਪਤੀ ਕੀਤੀ ਮਾਰੇ ਸ਼ਰਮ ਦੇ ਅੰਦਰੀਂ ਰੋ ਰਹੇ
ਗੁਸੇ ਨਾਲ ਇਹ ਵਾਲ ਪੈਕਾਨ ਵਾਗੂੰ ਸਾਡੇ ਜਿਸਮ ਦੇ ਤੀਰ ਖਲੋ ਰਹੇ
ਮੰਦਾ ਘਾਓ ਜ਼ਬਾਨ ਦੀਆਂ ਨੇਕੀਆਂ ਤੋਂ ਨਹੀਂ ਮਿੱਲਦਾ ਸੀ ਹਮਾਂ ਗੋ ਰਹੇ
ਜਿਥੇ ਅੰਬ ਦੀ ਰਸਾ ਦਾ ਦਾਗ ਲੱਗੇ ਨਹੀਂ ਹੁੰਦਾ ਸਫੈਦ ਜੇ ਧੋ ਰਹੇ
ਮੇਰਾ ਤੁੱਧ ਦੇ ਨਾਲ ਨਾ ਜੀਉ ਰਲਦਾ ਹੱਥ ਬੱਧੀ ਗੁਲਾਮ ਜੇ ਹੋ ਰਹੇ
ਰਾਤ ਦਿਨੇ ਖੁਸ਼ਾਮਦਾਂ ਹੀਰ ਕਰਦੀ ਅਤੇ ਸਹਿਤੀ ਨੂੰ ਲੋਗ ਵਗੋ ਰਹੇ
ਵਾਰਸਸ਼ਾਹ ਨਾ ਸੰਗ ਨੂੰ ਰੰਗ ਆਵੇ ਲੱਖ ਸੂਹੇ ਜੇ ਵਿੱਚ ਡੁਬੋ ਰਹੇ