ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/270

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੬)

ਰਾਂਝੇ ਵੇਖਿਆ ਹੱਥ ਤੇ ਥਾਲ ਚਾਇਆ ਪਲੂ ਘੱਤ ਉੱਤੇ ਪਰਦਾ ਪਾਇਆ ਏ
ਬਹੁਤ ਮਿੰਨਤਾਂ ਸਹਿਤੀ ਦੀਆਂ ਵੇਖ ਕੇ ਤੇ ਰਾਂਝੇ ਯਾਰ ਦਾ ਜੀਉ ਭਰਮਾਇਆ ਏ
ਆਲਮ ਚੋਰ ਤੇ ਚੌਧਰੀ ਜੱਟ ਹਾਕਮ ਸਮਾਂ ਹੋਰ ਭੀ ਰੱਬ ਵਿਖਾਇਆ ਏ
ਅਸ਼ਰਾਫ਼ ਪਠਾਣ ਤੇ ਮੁਗਲ ਸਯਦ ਸੱਭ ਖ਼ਾਕ ਦਰ ਖ਼ਾਕ ਰੁਲਾਇਆ ਏ
ਵਾਰਸਸ਼ਾਹ ਮਗਰੂਰ ਨਾ ਹੋਈਂ ਹਰਗਿਜ਼ ਕਾਲਾ ਮੁੱਖ ਸ਼ੈਤਾਨ ਕਰਾਇਆ ਏ

ਕਲਾਮ ਸ਼ਾਇਰ

ਜਦੋਂ ਖਲਕ ਪੈਦਾ ਕੀਤੀ ਰੱਬ ਸੱਚੇ ਬੰਦਿਆਂ ਵਾਸਤੇ ਕੀਤੇ ਨੀ ਸਭ ਪਸਾਰੇ
ਕੁਰਾਨ ਕਿਤਾਬ ਵਿੱਚ ਮੁਲਕ ਮਿਲਤ ਅੰਦਰ ਜ਼ਿਮੀਂ ਅਸਮਾਨ ਤੇ ਚੰਨ ਤਾਰੇ
ਬਾਦਸ਼ਾਹ ਸੁਲਤਾਨ ਤੇ ਖਾਨ ਦੀਵਾਂਨ ਹੋਰ ਹਿੰਦੂ ਮੋਮਨ ਰੰਗਾ ਰੰਗ ਧਾਰੇ
ਇੱਕ ਸਾਧ ਇਕ ਸੰਤ ਇਕ ਪੀਰ ਮੁਰਸ਼ਦ ਇਕ ਰਹਿਣ ਇਕੰਤ ਜਿਉਂ ਫਲਕ ਸਾਰੇ
ਆਪੋ ਆਪਣੇ ਪੰਥ ਵਿੱਚ ਆਨ ਵੜੇ ਸਭੋ ਓਸ ਦੇ ਅੰਤ ਹਨ ਕਰਨ ਹਾਰੇ
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ ਕੁੱਤਾ ਕੁੱਤੜੀ ਬੱਕਰੀ ਊਠ ਸਾਰੇ
ਇਹ ਤਾਂ ਮੂਲ ਫਸਾਦ ਦਾ ਹੋਈਆਂ ਪੈਦਾ ਜਿਨ੍ਹਾਂ ਸੱਭ ਜਗੱਤ ਤੇ ਮੂਲ ਧਾਰੇ
ਜਿਨ੍ਹਾਂ ਕੀਤੀਆਂ ਚਿੱਕੜੀਂ ਫਾਸ ਗਏ ਜੇੜ੍ਹੇ ਹੋਏ ਇਕੰਤ ਓਹ ਵਲੀ ਪਿਆਰੇ
ਆਦਮ ਕਢ ਬਹਿਸ਼ਤ ਥੀਂ ਖੁਆਰ ਕੀਤਾ ਏਹ ਤਾਂ ਡਾਇਣਾਂ ਧੁਰੋਂ ਹੀ ਕਰਨ ਕਾਰੇ
ਅਸੀਂ ਹਾਂ ਬੇਜਾਰ ਇਕ ਸ਼ੇਰਨੀ ਤੋਂ ਅਸਾਂ ਛੱਡਿਆ ਮੁਲਕ ਜਗੱਤ ਸਾਰੇ
ਇਹ ਕਰਨ ਫ਼ਕੀਰ ਚਾ ਰਾਜਿਆਂ ਨੂੰ ਇਨ੍ਹਾਂ ਰਾਜੇ ਤੇ ਰਾਣੇ ਨੇ ਸਭ ਮਾਰੇ
ਵਾਰਸਸ਼ਾਹ ਹੁੱਨਰ ਹੈਣ ਵਿੱਚ ਮਰਦਾਂ ਅਤੇ ਮਿਹਰੀਆਂ ਵਿੱਚ ਨੀ ਐਬ ਭਾਰੇ

ਕਲਾਮ ਸਹਿਤੀ

ਸਹਿਤੀ ਆਖਿਆ ਪੇਟ ਨੇ ਖੁਆਰ ਕੀਤਾ ਕਣਕ ਖਾ ਬਹਿਸ਼ਤ ਥੀਂ ਕੱਢਿਆ ਏ
ਆਈ ਮੈਲ ਤਾਂ ਜੱਨਤੋਂ ਮਿਲੇ ਧੱਕੇ ਰਸਾ ਆਸ ਉਮੈਦ ਦਾ ਵੱਢਿਆ ਏ
ਆਖ ਰਹੇ ਫਰਿੱਸ਼ਤੇ ਕਣਕ ਦਾਣਾ ਨਹੀਂ ਖਾਵਣਾ ਹੁਕਮ ਕਰ ਛੱਡਿਆ ਏ
ਵਲਾਤ ਕੁਰਬਾ ਹਾਜਿ ਹਿਜ਼ਰਤ ਨਾਲੇ ਮੋਰ ਤੇ ਸੱਪ ਨੂੰ ਠੱਗਿਆਂ ਏ
ਇਹ ਵੇਖ ਸ਼ੈਤਾਨ ਭੀ ਮਰਦ ਹੋਇਆ ਨਾਮ ਰੰਨਾਂ ਦਾ ਬੁਰਾ ਕਰ ਛੱਡਿਆ ਏ
ਜਾਣ ਬੁੱਝ ਕੇ ਨਾ-ਫ਼ਰਮਾਨ ਹੋਯਾ ਰੱਬ ਚਾ ਦਰਗਾਹ ਥਾਂ ਰੱਦਿਆ ਏ
ਪੜ੍ਹ ਕੇ ਅਮਲ ਨਾ ਕਰੇ ਮਰਦੂਦ ਹੋਵੇ ਫਾਹੀ ਮਕਰ ਦੀ ਦਾ ਰਾਹ ਅੱਡਿਆ ਏ
ਜੋਗੀ ਰਾਸ ਨਾ ਅਮਲ ਦੀ ਪਾਸ ਤੇਰੇ ਝੰਡਾ ਮੱਕਰ ਫਰੇਬ ਕਿਉਂ ਗੱਡਿਆ ਏ
ਸਗੋਂ ਆਦਮ ਨੇ ਹਵਾ ਨੂੰ ਖੁਆਰ ਕੀਤਾ ਸਾਥ ਓਸਦਾ ਏਸ ਨਾ ਛੱਡਿਆ ਏ
ਵਾਰਸ ਕਿਸੇ ਦਾ ਅਸਾਂ ਨਾ ਬੁਰਾ ਕੀਤਾ ਐਵੇਂ ਨਾਮ ਜਹਾਨ ਤੋਂ ਵੱਢਿਆ ਏ