ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/271

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੭)

ਕਲਾਮ ਜੋਗੀ

ਕਾਹਨੂੰ ਹਕ ਮਰਦਾਂ ਮੰਦਾ ਬੋਲਨੀ ਏਂ ਰੰਨਾਂ ਮੁੱਢ ਤੋਂ ਮੰਦੜੇ ਹਾਲ ਹੋਈਆਂ
ਮੰਦਾ ਕਰਨ ਦੀ ਏ ਸਦਾ ਕਾਰ ਇਹਨਾਂ ਐਪਰ ਬਾਜ਼ੀਆਂ ਨੇਕ ਖ਼ਸਾਲ ਹੋਈਆਂ
ਇਕਨਾਂ ਰੱਬ ਰਸੂਲ ਪਛਾਣ ਲਿਆ ਖ਼ਿਦਮਤ ਫਾਤਮਾਂ ਵਿਚ ਬਹਾਲ ਹੋਈਆਂ
ਇਕ ਚੰਗੀਆਂ ਬੀਬੀਆਂ ਸਤਰਦਾਰਾਂ ਘਰੀਂ ਆਪਣੇ ਵੱਸ ਨਿਹਾਲ ਹੋਈਆਂ
ਮ੍ਰਯਮ, ਸਾਰਹ ਜੱਦੀ, ਅਤੇ ਹਾਜ੍ਰਾ ਭੀ ਨੇਕਬਖ਼ਤ ਇਹ ਸਾਹਿਬ ਕਮਾਲ ਹੋਈਆਂ
ਇਕ ਖਾਂਵਦਾਂ ਤੋਂ ਨਾ ਫ਼ੁਰਮਾਨ ਹੋਕੇ ਧੁਰੋਂ ਰੋਂਦੀਆਂ ਮੰਦੜੇ ਹਾਲ ਹੋਈਆਂ
ਇਕ ਕਰਨ ਬਜ਼ਾਰ ਵਿਚ ਬੈਠ ਪੇਸ਼ਾ ਲੇਖ ਲਿੱਖੜੇ ਤੇ ਖੁਸ਼ਹਾਲ ਹੋਈਆਂ
ਇਕ ਫਿਰਨ ਜਿਉਂ ਕੁੱਤੀਆਂ ਕੈਰੀਆਂ ਨੇ ਚਵਲਾਂ ਜੂਠ ਚੁਗਲਾਂ ਬੱਦਫ੍ਹਾਲ ਹੋਈਆਂ
ਇਕ ਗਲੀ ਕੂਚੇ ਦਾਅ ਲਾਂਦੀਆਂ ਨੇ ਖੇਡ ਵੇਲ੍ਹੀਂਆਂ ਮੁੰਡਿਆਂ ਨਾਲ ਹੋਈਆਂ
ਇਕ ਚੂੰਡਸਨ ਫ਼ੱਕਰਾਂ ਜੋਗੀਆਂ ਨੂੰ ਤਰਲੇ ਕਰਦੀਆਂ ਬਹੁਤ ਬਦਹਾਲ ਹੋਈਆਂ
ਇਨਾਂ ਕੈਦਾਕੁਨਾ ਕਹਿਤਾ ਰੱਬ ਸਚੇ ਇਹ ਕਿਸੇ ਦੇ ਨਾਲ ਕਦ ਸ਼ਾਲ ਹੋਈਆਂ
ਮੱਕਰ ਰੰਨ ਦਾ ਵਿਚ ਕੁਰਾਨ ਲਿਖਿਆ ਹੁਕਮ ਰੱਬ ਦੇ ਨਾਲ ਛਨਾਲ ਹੋਈਆਂ
ਵਾਰਸ ਨੱਰ ਮੁਜ਼ਕਰ ਹੈ ਮਰਦ ਹੁੰਦਾ ਰੰਨਾਂ ਆਦਮੋਂ ਲਾ ਜੰਜਾਲ ਹੋਈਆਂ

ਕਲਾਮ ਸਹਿਤੀ

ਸਹਿਤੀ ਆਖਦੀ ਰੰਨਾਂ ਨੂੰ ਕਰੇਂ ਬੱਦੂ ਅਸਾਂ ਮਰਦ ਭੀ ਡਿੱਠੜੇ ਭਾਲੜੇ ਵੇ
ਰਾਹ ਰੱਬ ਰਸੂਲ ਦਾ ਛੱਡ ਜਿਨ੍ਹਾਂ ਫੜੇ ਆਨ ਅਪੁੱਠੜੇ ਚਾਲੜੇ ਵੇ
ਰਗਬਤ ਹੱਕ ਹਲਾਲ ਦੇ ਨਾਲ ਨਾਹੀਂ ਕਰਨ ਨਵੇਂ ਤੋਂ ਨਵੇਂ ਉਧਾਲੜੇ ਵੇ
ਘਰੀਂ ਰਾਸ ਤੇ ਨਹੀਂ ਉਹ ਗੰਢ ਫ਼ੋਲਣ ਖੋਲ੍ਹਣ ਬਾਹਰ ਹਰਾਮੀਆਂ ਨਾਲੜੇ ਵੇ
ਗਲਬਾ ਕਾਮ ਦਾ ਕੁੱਲ ਮਨੁਖ ਨੂੰ ਹੈ ਜੇੜ੍ਹੇ ਅੰਨ ਦੇਕੇ ਰੱਬ ਪਾਲੜੇ ਵੇ
ਭਲਾ ਦਸ ਕੀਕੂੰ ਰੰਨ ਰਹੇ ਐਵੇਂ ਜਿਹਦੀ ਸੁਰਤ ਨਾ ਖਸਮ ਸਮਾਲ੍ਹੜੇ ਵੇ
ਘਰੀਂ ਚੋਰਾਂ ਦੇ ਮੋਰ ਭੀ ਆਣ ਪੈਂਦੇ ਉਨ੍ਹਾਂ ਹੋਰ ਕਿਧਰੇ ਪਾਹੂ ਭਾਲੜੇ ਵੇ
ਹੱਕ ਔਰਤਾਂ ਦੇ ਮੰਦਾ ਬੋਲਣਾ ਏਂ ਝੁਡੂ ਮਰਦ ਭੀ ਹੋਣ ਮੂੰਹ ਕਾਲੜੇ ਵੇ
ਘਰੋਂ ਰੰਨ ਗਵਾਇਕੇ ਫੇਰ ਸਮਝਣ ਪਿਛੋਂ ਕਹਿਣ ਤਕਦੀਰ ਹਵਾਲੜੇ ਵੇ
ਇਕ ਮਰਦ ਬਣਕੇ ਪਾਰਸਾ ਸੂਰਤ ਲੋਕਾਂ ਵਾਸਤੇ ਕਰਨ ਵਿਖਾਲੜੇ ਵੇ
ਮੁਲਾਂ ਕਾਜੀਆਂ ਦੇ ਨੇੜੇ ਢੁੱਕ ਬਹਿੰਦੇ ਮਸਲੇ ਸੁਣਨ ਮੁਨਾਫਿਆਂ ਵਾਲੜੇ ਵੇ
ਇਕਨਾਂ ਧੋ ਚਿਕੜ ਪਿੰਡਾ ਸਾਫ਼ ਕੀਤਾ ਇਕਨਾਂ ਜਾਇਕੇ ਚੰਮ ਚਾ ਗਾਲੜੇ ਵੇ
ਇਕ ਸੌ ਸ਼ਰਾਬ ਦੇ ਭਰੇ ਮੱਟਕੇ ਇਕਨਾਂ ਸੱਖਣੇ ਰਹੇ ਪਿਆਲੜੇ ਵੇ
ਇਕ ਰਮਜ਼ ਤੌਹੀਦ ਦੀ ਬੁੱਝ ਗਏ ਇਕ ਕੂੜ ਕਹਾਣੀਆਂ ਵਾਲੜੇ ਵੇ