ਪੰਨਾ:ਹੀਰ ਵਾਰਸਸ਼ਾਹ.pdf/273

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੯)

ਵਾਰਸਸ਼ਾਹ ਕੀ ਖੱਟਣਾ ਅੰਤ ਓਹਨਾਂ ਜਿਨ੍ਹਾਂ ਵੇਖ ਨਾ ਵਣਜੀਆਂ ਸਾਮੀਆਂ ਨੇ

ਕਲਾਮ ਸਹਿਤੀ

ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ ਓਸ ਮਰਦ ਤੋਂ ਚੰਗੀਆਂ ਤੀਵੀਆਂ ਨੇ
ਰੰਨ ਜੇਡ ਨਾ ਆਣ ਹੈ ਮਰਦ ਨੂੰ ਜੀ ਨਾਲ ਹੁਸਨ ਗ਼ੁਮਾਨ ਦੇ ਜੀਵੀਆਂ ਨੇ
ਘਰ ਸਦਾ ਈ ਔਰਤਾਂ ਨਾਲ ਸੋਂਹਦਾ ਸ਼ਰਮਵੰਦ ਤੇ ਸਤਰਦੀਆਂ ਬੀਵੀਆਂ ਨੇ
ਇੱਕ ਹਾਲ ਥੀਂ ਮਸਤ ਘਰਬਾਰ ਅੰਦਰ ਇਕ ਹਾਰ ਸ਼ਿੰਗਾਰ ਵਿਚ ਖੀਵੀਆਂ ਨੇ
ਨਾਲ ਆਪਣੇ ਹੱਕ ਹਮਰਾਜ਼ ਹੋਈਆਂ ਸਾਥ ਆਪਣੇ ਸੰਗ ਸਹੀਵੀਆਂ ਨੇ
ਘਰ ਵੱਸਦਾ ਔਰਤਾਂ ਨਾਲ ਸੋਹਣਾ ਜਿਵੇਂ ਰਾਤ ਅੰਨ੍ਹੇਰੀ ਨੂੰ ਦੀਵੀਆਂ ਨੇ
ਇਕਨਾਂ ਸ਼ਰਮ ਹਯਾ ਦੀ ਪਹਿਣ ਚਾਦਰ ਅਖੀਂ ਨਾਲ ਜ਼ਮੀਨ ਦੇ ਸੀਵੀਆਂ ਨੇ
ਪੰਜੇ ਉਂਗਲਾਂ ਵੇਖ ਨਾ ਇਕ ਜਿਹੀਆਂ ਵਾਰਸ ਉੱਚੀਆਂ ਤੇ ਇੱਕ ਨੀਵੀਆਂ ਨੇ

ਕਲਾਮ ਜੋਗੀ

ਵਫਾਦਾਰ ਨਾ ਰੰਨ ਜਹਾਨ ਉੱਤੇ ਲਾਦੀ ਸ਼ੇਰ ਦੇ ਨਕ ਵਿਚ ਨੱਥ ਨਾਹੀਂ
ਗੱਧਾ ਨਹੀਂ ਕੁਲੱਦ ਨਖੱਟ ਖੋਜਾ ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂ
ਜੋਗੀ ਨਾਲ ਨਾ ਰੰਨ ਦਾ ਟੁਰੇ ਟੂਣਾ ਰੋਜ਼ ਰੋਜ਼ ਥੀਂ ਚੜ੍ਹੇ ਅਗੱਥ ਨਾਹੀਂ
ਯਾਰੀ ਸੋਂਹਦੀ ਨਹੀਂ ਸੋਹਾਗਣਾਂ ਨੂੰ ਰੰਡੀ ਰੰਨ ਦੇ ਸੋਂਹਦੀ ਨੱਥ ਨਾਹੀਂ
ਨਾਮਰਦ ਦੀ ਵਾਰ ਨਾ ਕਿਸੇ ਗਾਵੀਂ ਅਤੇ ਬੁਜ਼ਦਿਲਾਂ ਦੀ ਕਾਈ ਸੱਥ ਨਾਹੀਂ
ਬੇਵਫਾ ਟੋਲਾ ਇਨ੍ਹਾਂ ਤੀਵੀਆਂ ਦਾ ਕਰਮ ਸ਼ਰਮ ਹਯਾ ਅਨੱਥ ਨਾਹੀਂ
ਬੁਰੇ ਨਾਲ ਨਾਹੀਂ ਨਫਾ ਨੇਕੀਆਂ ਦਾ ਭਲੇ ਨਾਲ ਬੁਰਾ ਕੁਝ ਹੱਥ ਨਾਹੀਂ
ਬਹਿਲਾਂ ਛਕੜਿਆਂ ਦਾ ਹੁੰਦਾ ਕਦਰ ਓਥੇ ਜਿਥੇ ਪੀਣਸਾਂ ਘੋੜੀਆਂ ਰੱਥ ਨਾਹੀਂ
ਭਾਵੇਂ ਲੱਖ ਰੁਪਿਆ ਜੇ ਲਾ ਦਈਏ ਮਹਿਲ ਸੋਂਹਦਾ ਏ ਬਿਨਾਂ ਚੱਠ ਨਾਹੀਂ
ਅਤੇ ਡਾਢਿਆਂ ਦਾ ਕਦਰ ਓਸ ਜਗ੍ਹਾ ਜਿਥੇ ਡਾਢਿਆਂ ਦੇ ਜੋੜੇ ਹੱਥ ਨਾਹੀਂ
ਅਸਾਂ ਹੱਕ ਕਹਿਆ ਤੈਨੂੰ ਬੁਰਾ ਲੱਗਾ ਹੱਕ ਆਖਣੇ ਦਾ ਕੋਈ ਵੱਥ ਨਾਹੀਂ
ਵਾਰਸਸ਼ਾਹ ਉਹ ਆਪ ਹੈ ਕਰਨਹਾਰਾ ਇਹਨਾਂ ਬੰਦਿਆਂ ਦੇ ਕੁਝ ਹੱਥ ਨਾਹੀਂ

ਕਲਾਮ ਸਹਿਤੀ

ਮੀਆਂ ਤੀਵੀਆਂ ਨਾਲ ਵਿਵਾਹ ਸੋਭਣ ਅਤੇ ਮਰਨ ਦੇ ਸੋਭਦੇ ਵੈਣ ਮੀਆਂ
ਜਿਨ੍ਹਾਂ ਜੰਮਿਓਂ ਤਿਨ੍ਹਾਂ ਦਾ ਨਾਉਂ ਰਖੇਂ ਅਤੇ ਕਹੇਂ ਸ਼ੈਤਾਨ ਦੀ ਭੈਣ ਮੀਆਂ
ਚਿਖਾ ਚੜ੍ਹਦੀਆਂ ਨਾਲ ਇਹ ਮਰਦ ਦੇ ਜੀ ਸਿਰ ਸੱਦਕਾ ਜਾਨ ਕਰ ਦੇਣ ਮੀਆਂ
ਘਰ ਬਾਰ ਦੀ ਹੈਣ ਇਹ ਜ਼ੇਬ ਜ਼ੀਨਤ ਨਾਲ ਤ੍ਰੀਮਤਾਂ ਦੇ ਸਾਕ ਸੈਣ ਮੀਆਂ
ਕੀਤਾ ਰੱਬ ਨੇ ਜ਼ਿਮੀ ਅਸਮਾਨ ਪੈਦਾ ਜੋੜਾ ਚੰਨ ਸੂਰਜ ਦਿਨ ਰੈਣ ਮੀਆਂ