ਪੰਨਾ:ਹੀਰ ਵਾਰਸਸ਼ਾਹ.pdf/277

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੩)

ਸਹਿਤੀ ਨੇ ਥਾਲ ਦੇਖਣਾ

ਸਹਿਤੀ ਖੋਲ੍ਹਕੇ ਥਾਲ ਵਿੱਚ ਧਿਆਨ ਕੀਤਾ ਖੰਡ ਚਾਵਲਾਂ ਦਾ ਥਾਲ ਹੋ ਗਿਆ
ਛੁੱਟਾ ਤੀਰ ਫ਼ਕੀਰ ਦੇ ਮੋਜਜ਼ੇ ਦਾ ਵਿੱਚੋਂ ਕੁਫ਼ਰ ਪਾਜੀ ਪਰੇ ਹੋ ਗਿਆ
ਜਿਹੜਾ ਚੱਲਿਆ ਨਿਕਲ ਯਕੀਨ ਆਹਾ ਕਰਾਮਾਤ ਨੂੰ ਦੇਖ ਖਲੋ ਗਿਆ
ਗਰਮ ਗਜ਼ਬ ਦੀ ਆਤਸ਼ੋ ਆਪ ਆਹਾ ਬਰਫ਼ ਕਸਫ਼ ਦੇ ਨਾਲ ਸਮੋ ਗਿਆ
ਜਿਸ ਨਾਲ ਫਕੀਰਾਂ ਦੇ ਅੜੀ ਬੱਧੀ ਓਹ ਆਪਣਾ ਆਪ ਵਿਗੋ ਗਿਆ
ਐਵੇਂ ਡਾਢਿਆਂ ਮਾੜਿਆਂ ਕੇਹਾ ਲੇਖਾ ਓਸ ਖੋਹ ਲਿਆ ਓਹ ਹੋ ਗਿਆ
ਮਰਨ ਵਖਤ ਹੋਯਾ ਸੜ ਖਤਮ ਲੇਖਾ ਜੋ ਕੋਈ ਜੰਮਿਆ ਛੋਹ ਨੇ ਛੋਹ ਗਿਆ
ਵਾਰਸਸ਼ਾਹ ਜੋ ਕੀਮੀਆਂ ਨਾਲ ਛੂਥਾ ਸੋਨਾ ਤਾਂਬਿਓ ਤੁਰਤ ਹੀ ਹੋ ਗਿਆ

ਅਰਜ ਸਹਿਤੀ

ਹੱਥ ਬੰਨ੍ਹਕੇ ਕਰੇ ਸਲਾਮ ਸਹਿਤੀ ਦਿਲੋਂ ਜਾਨ ਥੀਂ ਚੇਲੜੀ ਤੇਰੀਆਂ ਮੈਂ
ਮੇਰਾ ਬਾਪ ਨਾ ਮਾਂ ਨਾ ਭੈਣ ਭਾਈ ਨਾ ਕੋਈ ਖਸਮ ਤੇ ਨਾਹੀ ਸਹੇਰੀਆਂ ਮੈਂ
ਕਰਾਂ ਬਾਂਦੀਆਂ ਵਾਂਗ ਬਜਾਂ ਖਿਦਮਤ ਨਿੱਤ ਪਾਉਂਦੀ ਰਹਾਂਗੀ ਫੇਰੀਆਂ ਮੈਂ
ਪੀਰ ਸੱਚਦਾ ਅਸਾਂ ਤਹਿਕੀਕ ਜਾਤਾ ਨਾਲ ਸਿਦਕ ਮੁਰੀਦ ਹਾਂ ਤੇਰੀਆਂ ਮੈਂ
ਕਰਾਮਾਤ ਤੇਰੀ ਉਤੇ ਸਿਦਕ ਕੀਤਾ ਤੇਰੇ ਹੁਕਮ ਦੇ ਨਸਫ਼ ਨੇ ਘੇਰੀਆਂ ਮੈਂ
ਸਾਡੀ ਜਾਨ ਤੇ ਮਾਲ ਤੇ ਹੀਰ ਤੇਰੀ ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ
ਅਗੇ ਭੁੱਲ ਕੇ ਬੋਲ ਮੈਂ ਬੋਲ ਬੈਠੀ ਹੁਣ ਹੱਕ ਹਕਾਇਤਾਂ ਛੇੜੀਆਂ ਮੈਂ
ਤੇਰਾ ਸ਼ਾਨ ਸ਼ੌਕਤ ਨਾਲ ਫ਼ੈਜ਼ ਦੌਲਤ ਅਜ ਤੋਲਿਆ ਘੱਤ ਪੰਜ ਸੇਰੀਆਂ ਮੈਂ
ਅਸਾਂ ਕਿਸੇ ਦੀ ਗੱਲ ਨਾ ਕਦੀ ਮੰਨੀ ਤੇਰੇ ਇਸਮ ਆਜ਼ਮ ਕੁਫ਼ਰੋਂ ਫੇਰੀਆਂ ਮੈਂ
ਇੱਕ ਫ਼ਕਰ ਅਲਾਹ ਦਾ ਰੱਖ ਤਕਵਾ ਹੋਰ ਢਾ ਬੈਠੀ ਸੱਭੇ ਢੇਰੀਆਂ ਮੈਂ
ਮੈਨੂੰ ਕਸ਼ਫ਼ ਵਿਖਾ ਕੇ ਮੋਹ ਲਿਆ ਤੇਰੇ ਇਸ਼ਕ ਫ਼ਿਰਾਕ ਨੇ ਘੇਰੀਆਂ ਮੈਂ
ਪੂਰੀ ਨਾਲ ਹਿਸਾਬ ਦੇ ਹੋ ਸੱਕਾਂ ਵਾਰਸਸ਼ਾਹ ਕੀ ਕਰਾਂ ਦਲੇਰੀਆਂ ਮੈਂ

ਕਲਾਮ ਜੋਗੀ

ਘਰ ਆਪਣੇ ਚਾ ਚਵਾ ਕਰਕੇ ਆਖ ਨਾਗਨੀ ਵਾਂਗ ਕਿਉਂ ਸੂਕੀਏਂ ਨੀ
ਨਾਲ ਜੋਗੀਆਂ ਮੋਰਚਾ ਪਾਇਆ ਈ ਰੱਜੇ ਜੱਟ ਵਾਂਗੂੰ ਵੱਡੀ ਭੂਕੀਏਂ ਨੀ
ਜਦੋਂ ਬੰਨ੍ਹ ਝੇੜੇ ਥੱਕ ਹੁੱਟ ਰਹੀਏਂ ਜਾ ਪਿੰਡ ਦੀਆਂ ਰੰਨਾਂ ਤੇ ਕੂਕੀਏਂ ਨੀ
ਕੱਢ ਗਾਲ੍ਹੀਆਂ ਸਣੇ ਰਵੇਲ ਬਾਂਦੀ ਘਿੰਨ ਮੋਹਲੀਆਂ ਅਸਾਂ ਤੇ ਘੂਕੀਏਂ ਨੀ
ਭਲੋ ਭਲੀ ਜਾਂ ਡਿੱਠਿਓ ਆਸ਼ਕਾਂ ਨੂੰ ਵਾਂਗ ਕੁੱਤੀਆਂ ਅੰਤ ਨੂੰ ਚੂਕੀਏਂ ਨੀ
ਵਾਰਸਸ਼ਾਹ ਤੋਂ ਪੁੱਛ ਲੈ ਬੰਦਗੀ ਨੂੰ ਰੂਹ ਸਾਜ ਕਲਬੂਤ ਵਿਚ ਫੂਕੀਏਂ ਨੀ