ਪੰਨਾ:ਹੀਰ ਵਾਰਸਸ਼ਾਹ.pdf/278

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੪)

ਸਹਿਤੀ ਨੇ ਜੋਗੀ ਅਗੇ ਅਰਜ਼ ਕਰਨੀ

ਸਾਨੂੰ ਬਖਸ਼ ਅਲਾਹ ਦੇ ਨਾਮ ਮੀਆਂ ਸਾਥੋਂ ਭੁੱਲਿਆਂ ਇਹ ਗੁਨਾਹ ਹੋਯਾ
ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਲੇ ਧੁਰੋਂ ਆਦਮੋ ਭੁੱਲਣਾ ਰਾਹ ਹੋਯਾ
ਆਦਮ ਭੁੱਲ ਕੇ ਕਣਕ ਨੂੰ ਖਾ ਬੈਠਾ ਝੱਟ ਜੰਨਤੋਂ ਹੁਕਮ ਫ਼ਨਾਹ ਹੋਯਾ
ਸ਼ੈਤਾਨ ਉਸਤਾਦ ਫਰਿਸ਼ਤਿਆਂ ਦਾ ਭੁੱਲਾ ਸਿਜਦਿਓਂ ਕਿਬਰ ਦੇ ਰਾਹ ਹੋਯਾ
ਅੱਲਾ ਸੱਚ ਨੱਬੀ ਬਰਹੱਕ ਮੀਆਂ ਏਸ ਕੌਲ ਦਾ ਰੱਬ ਗਵਾਹ ਹੋਯਾ
ਮੁਢੋਂ ਰੂਹ ਭੁੱਲਾ ਕੌਲ ਦੇ ਵੜਿਆ ਜੁਸਾ ਛੱਡ ਕੇ ਅੰਤ ਫ਼ਨਾਹ ਹੋਯਾ
ਕਾਰੂੰ ਭੁੱਲ ਜ਼ਕਾਤ ਥੀਂ ਸ਼ੂਮ ਹੋਯਾ ਬਾਹਦ ਓਸ ਤੇ ਕਹਿਰ ਅਲਾਹ ਹੋਯਾ
ਭੁੱਲ ਜ਼ਿਕਰੀਏ ਲਈ ਪਨਾਹ ਰੁੱਖੋਂ ਆਰੀ ਨਾਲ ਉਹ ਚੀਰ ਦੋਫਾਹ ਹੋਯਾ
ਹਜ਼ਰਤ ਸ਼ੇਖ ਸੁਲੇਮਾਨ ਨੇ ਸੂਰ ਚਾਰੇ ਮਨਸੂਰ ਫਿਲਫੌਨ ਤਬਾਹ ਹੋਯਾ
ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ ਲੋਕਾਂ ਵਿੱਚ ਮੀਆਂ ਵਾਰਸਸ਼ਾਹ ਹੋਯਾ

ਕਲਾਮ ਜੋਗੀ

ਘਰ ਪੇਈਅੜੇ ਬੜੀ ਹਵਾ ਤੈਨੂੰ ਦਿਤੀਓ ਛਿਬੀਆਂ ਨਾਲ ਅੰਗੁਠਿਆਂ ਦੇ
ਅੰਤ ਸੱਚ ਦਾ ਸੱਚ ਹੀ ਨਿੱਤਰੇਗਾ ਕੋਈ ਦੇਸ ਨਾ ਵੱਸਦੇ ਝੂਠਿਆਂ ਦੇ
ਜੇ ਤੂੰ ਮਾਰਿਆ ਅਸਾਂ ਨੇ ਸਬਰ ਕੀਤਾ ਨਹੀਂ ਜਾਣਦੇ ਦਾਓ ਇਹ ਘੂਠਿਆਂ ਦੇ
ਜੱਟੀ ਹੋ ਫ਼ਕੀਰਾਂ ਦੇ ਨਾਲ ਲੜੀਏਂ ਛੰਨਾ ਭੇੜਿਓ ਈ ਨਾਲ ਠੂਠਿਆਂ ਦੇ
ਓੜਕ ਖਿੱਚ ਘਸੀਟ ਕੇ ਲਿੰਗ ਗੋਡੇ ਆਈਓਂ ਇਸ਼ਕ ਦੇ ਰਾਹ ਧਰੂਠਿਆਂ ਦੇ
ਨਾਲ ਆਕੜਾਂ ਦੇ ਗੱਲਾਂ ਆਖਦੀ ਸੈਂ ਸੁਖਨ ਸੁਣੇ ਨੀ ਝੂਠਿਆਂ ਮੂਠਿਆਂ ਦੇ
ਸਾਨੂੰ ਬੋਲੀਆ ਮਾਰਕੇ ਨਿੰਦ ਦੀ ਸੈਂ ਮੂੂੰਹ ਡਿੱਠਿਓ ਟੁੱਕਰਾਂ ਜੂਠਿਆਂ ਦੇ
ਵਾਰਸਸ਼ਾਹ ਫਕੀਰ ਨੂੰ ਛੇੜਦੀ ਸੈਂ ਡਿੱਠੇ ਮੌਜਜ਼ੇ ਇਸ਼ਕ ਦੇ ਲੂਠਿਆਂ ਦੇ

ਆਜਜ਼ੀ ਸਹਿਤੀ

ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ ਸਾਥੋਂ ਚੰਗੇ ਚੰਗੇਰੜੇ ਭੁੱਲ ਗਏ
ਭਾਈਆਂ ਐਬ ਕੀ ਡਿਠਾ ਸੀ ਯੂਸਫੇ ਦਾ ਸੁਟ ਖੂਹ ਵਿਚ ਓਸਨੂੰ ਜੁੱਲ ਗਏ
ਯੂਸਫ ਭੁੱਲਕੇ ਹੁਸਨ ਦਾ ਮਾਨ ਕੀਤਾ ਸੂਤਰ ਅਟੀਆਂ ਦੇ ਨਾਲ ਤੁੱਲ ਗਏ
ਬਲਅਮਬਰਉਰ ਜਿਹੇ ਬਹੁਤ ਜ਼ੁਹਦ ਕਰਦੇ ਇੱਕ ਗੱਲ ਤੋਂ ਭੁੱਲ ਕੇ ਰੁੱਲ ਗਏ
ਫੱਕਰ ਮਿਹਰ ਕਰਦੇ ਐਬਾਂ ਵਾਲਿਆਂ ਤੇ ਜਦੋਂ ਫਜ਼ਲ ਦੇ ਝੇਲੜੇ ਝੁੱਲ ਗਏ
ਫੜਿਆ ਦਾਮਨ ਪਾਕ ਰਸੂਲ ਦਾ ਜਾਂ ਵਾਰਸਸ਼ਾਹ ਦੇ ਦੀਦੜੇ ਖੁੱਲ੍ਹ ਗਏ

ਕਲਾਮ ਸ਼ਾਇਰ

ਕਰੇ ਜਿਨ੍ਹਾਂ ਦੀਆਂ ਰਬ ਹਮਾਇਤਾਂ ਨੀ ਹੱਕ ਤਿਨ੍ਹਾਂ ਦਾ ਖੂਬ ਮਾਮੂਲ ਕੀਤਾ