ਪੰਨਾ:ਹੀਰ ਵਾਰਸਸ਼ਾਹ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੨

ਰੂਪ ਜੱਟ ਦਾ ਵੇਖਕੇ ਜਾਗ ਲੱਧੀ ਹੀਰ ਵਾਰ ਘੱਤੀ ਸਰਗਰਦਾਨ ਹੋਈ
ਖ਼ੁਸ਼ੀ ਨਾਲ ਉਸਦਾ ਜੂਸਾ ਫੁੱਲ ਗਿਆ ਜਿਵੇਂ ਫੁੱਲ ਕੇ ਤੇ ਵਡੀ ਨਾਨ ਹੋਈ
ਆ ਬਗਲ ਵਿਚ ਬੈਠ ਕੇ ਕਰੇ ਗੱਲਾਂ ਜਿਵੇਂ ਵਿੱਚ ਕਿਰਬਾਨ ਕਮਾਨ ਹੋਈ
ਇਸ਼ਕ ਹੁਸਨ ਅਸਵਾਰ ਮਦਾਨ ਚੜ੍ਹਕੇ ਹੀਰ ਲੁੱਟ ਲਈ ਪਸ਼ੇਮਾਨ ਹੋਈ
ਜਿਹੜਾ ਜ਼ੋਰ ਸੀ ਆਪਣੇ ਹੁਸਨ ਵਾਲਾ ਸਭੋ ਛੱਡਕੇ ਵਿੱਚ ਫਰਮਾਨ ਹੋਈ।
ਭਲਾ ਹੋਯਾ ਮੈਂ ਤੈਨੂੰ ਨਾ ਮਾਰ ਬੈਠੀ ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ
ਵਾਰਸਸ਼ਾਹ ਨਾ ਥਾਂ ਦਮ ਮਾਰਨੇ ਦੀ ਚਾਰ ਚਸ਼ਮ ਦੀ ਜਦੋਂ ਘਸਮਾਨ ਹੋਈ

ਕਲਾਮ ਰਾਂਝਾ

ਰਾਂਝਾ ਰਾਂਝਾ ਆਖਦਾ ਇਹ ਜਹਾਨ ਸੁਫਨਾ ਮਰ ਜਾਉਣਾ ਈਂ ਮਤਵਾਲੀਏ ਨੀ
ਤੁਸਾਂ ਜਿਨ੍ਹਾਂ ਪਿਆਰਿਆਂ ਇਹ ਲਾਜ਼ਮ ਆਏ ਗਏ ਮੁਸਾਫ਼ਰਾਂ ਪਾਲੀਏ ਨੀ
ਐਡਾ ਹੁਸਨ ਦਾ ਨਾ ਗ਼ੁਮਾਨ ਕੀਜੇ ਇਹ ਪਲੰਘ ਤੇ ਸਣੇ ਨਿਹਾਲੀਏ ਨੀ
ਅਸਾਂ ਰੱਬ ਦਾ ਆਸਰਾ ਰੱਖਿਆ ਈ ਉੱਠ ਜਾਵਣਾ ਈਂ ਨੈਣਾਂ ਵਾਲੀਏ ਨੀ
ਆਜਜ਼ ਨਾਲ ਮੁਸਾਫ਼ਰਾਂ ਗੱਲ ਕੀਜੇ ਕਰ ਦਿਲਬਰੀ ਸਾਬ ਨਿਭਾਲੀਏ ਨੀ
ਵਾਰਸਸ਼ਾਹ ਦੇ ਮਗਰ ਨ ਪਈਂ ਮੋਈਏ ਏਸ ਭੇੜ ਦੀ ਗਲ ਨੂੰ ਟਾਲੀਏ ਨੀ

ਜਵਾਬ ਹੀਰ

ਅਵੇ ਪਲੰਘ ਤੇ ਹੀਰ ਸਭ ਥਾਂ ਤੇਰੀ ਘੋਲ ਘੱਤੀਆਂ ਜੀਉੜਾ ਵਾਰਿਆ ਈ
ਨਹੀਂ ਗਾਲ੍ਹ ਕੱਢੀ ਹੱਥ ਜੋੜਦੀ ਹਾਂ ਹੱਥ ਲਾ ਨਾਹੀਂ ਤੈਨੂੰ ਮਾਰਿਆ ਈ
ਅਸਾਂ ਹੱਸ ਕੇ ਆਣ ਸਲਾਮ ਕੀਤਾ ਆਪ ਕਾਸ ਨੂੰ ਮਕਰ ਪਸਾਰਿਆ ਈ
ਮੈਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ ਤੈਥੋਂ ਘੋਲਿਆ ਕੋੜਮਾ ਸਾਰਿਆ ਈ
ਸੁੰਝੀ ਫਿਰਾਂ ਤ੍ਰਿੰਞਣੀ ਚੈਣ ਨਾਹੀਂ ਅੱਲਾ ਵਾਲਿਆਂ ਨੇ ਸਾਨੂੰ ਤਾਰਿਆ ਈ
ਵਾਰਸਸ਼ਾਹ ਹੈ ਕੌਣ ਸ਼ਰੀਕ ਉਸ ਦਾ ਜਿਸ ਦਾ ਰੱਬ ਨੇ ਕੰਮ ਸਵਾਰਿਆ ਈ

ਕਲਾਮ ਰਾਂਝਾ

ਮਾਨ-ਮੱਤੀਏ ਰੂਪ ਗੁਮਾਨ ਭਰੀਏ ਅੱਠ-ਖੇਲੀਏ ਛੈਲ ਛਬੀਲਏ ਨੀ
ਆਸਕ ਭੌਰ ਫ਼ਕੀਰ ਤੇ ਨਾਗ ਕਾਲੇ ਬਾਝ ਮੰਤਰਾਂ ਮੂਲ ਨਾ ਕੀਲੀਏ ਨੀ
ਇਹ ਜੋਬਨਾ ਠੱਗ ਬਜ਼ਾਰ ਦਾ ਏ ਟੂਣੇ ਹਾਰੀਏ ਰੰਗ ਰੰਗੀਲੀਏ ਨੀ
ਤੇਰੇ ਪਲੰਘ ਦਾ ਰੰਗ ਨਾ ਰੂਪ ਘਟਿਆ ਨਾ ਕਰ ਸ਼ੋਦਿਆਂ ਵਾਂਗ ਬਖੀਲੀਏ ਨੀ
ਅਸਾਂ ਤੁਸਾਂ ਨੂੰ ਦੇਖ ਕੇ ਮਸਤ ਹੋਏ ਤੁਸੀਂ ਹੋ ਗਏ ਵਾਂਗ ਤਹਿਸੀਲੀਏ ਨੀ
ਵਾਰਸਸ਼ਾਹ ਬਿਨਾ ਕਰਦਾਂ ਜਿਬਹਾ ਕਰੀਏ ਬੋਲ ਨਾਲ ਜ਼ਬਾਨ ਰਸੀਲੀਏ ਨੀ