ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/280

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੬)

ਦਿੱਨ ਰਾਤ ਨਾ ਜੋਗੀ ਨੂੰ ਟਿਕਨ ਦੇਂਦੀ ਤੇਰੀ ਚਾਹ ਓ ਦਿਲਬਰਾ ਵਾਸਤਾ ਈ
ਤੈਨੂੰ ਹਾਰ ਸ਼ਿੰਗਾਰ ਘਰ ਬਾਰ ਚੰਗਾ ਮੈਂ ਤਬਾਹ ਓ ਦਿਲਬਰਾ ਵਾਸਤਾ ਈ
ਨੋਕਾਂ ਨੈਣਾਂ ਦੀਆਂ ਕਾਲਜਾ ਸਲਿਆ ਏ ਲਾਹ ਫਾਹ ਓ ਦਿਲਬਰਾ ਵਾਸਤਾ ਈ
ਲੋੜ੍ਹ ਲੁੱਟਿਆ ਨੈਣਾਂ ਦੀ ਸਾਂਗ ਦੇ ਕੇ ਲੋੜ ਜਾਹ ਓ ਦਿਲਬਰਾ ਵਾਸਤਾ ਈ
ਪੈਰੀਂ ਪਿਆਂ ਨੂੰ ਮਾਰਦਾ ਲੱਤ ਉੱਤੋਂ ਬੇ ਪਰਵਾਹ ਓ ਦਿਲਬਰਾ ਵਾਸਤਾ ਈ
ਗੱਲ ਕੱਪੜਾ ਇਸ਼ਕ ਦੇ ਕੁੱਠਿਆਂ ਦੇ ਮੂੰਹ ਘਾਹ ਓ ਦਿਲਬਰਾ ਵਾਸਤਾ ਈ
ਸਿਰ ਸਦਕਾ ਜਾਨ ਹੈ ਅਸਾਂ ਦੀ ਓਏ ਸੁਣੀ ਆਹ ਓ ਦਿਲਬਰਾ ਵਾਸਤਾ ਈ
ਤੇਰੇ ਵਾਸਤੇ ਸਿਰੇ ਸਵਾਹ ਪਾਈ ਸੀਨੇ ਭਾਹ ਓ ਦਿਲਬਰਾ ਵਾਸਤਾ ਈ
ਮਾਲ ਜੀਉ ਤੇਰੇ ਉੱਤੋਂ ਵਾਰਿਆ ਏ ਸੱਧਰ ਲਾਹ ਓ ਦਿਲਬਰਾ ਵਾਸਤਾ ਈ
ਮੇਹਣਾ ਕੁੱਲ ਜਹਾਨ ਦਾ ਹੈ ਮੈਨੂੰ ਮਗਰੋਂ ਲਾਹ ਓ ਦਿਲਬਰਾ ਵਾਸਤਾ ਈ
ਦਿਲ ਤਰਸਦਾ ਏ ਤੇਰੇ ਵੇਖਣੇ ਨੂੰ ਹਰ ਸਾਹ ਓ ਦਿਲਬਰਾ ਵਾਸਤਾ ਈ
ਤੇਰੇ ਵਾਸਤੇ ਮੁੰਦਰਾਂ ਪਾਈਆਂ ਨੇ ਬੁੰਦੇ ਲਾਹ ਓ ਦਿਲਬਰਾ ਵਾਸਤਾ ਈ
ਤੇਰੇ ਵਾਸਤੇ ਅਸਾਂ ਉਜਾੜ ਮੱਲੀ ਦੱਸੀਂ ਰਾਹ ਓ ਦਿਲਬਰਾ ਵਾਸਤਾ ਈ
ਤੇਰੀ ਖਾਤਰਾਂ ਅਸਾਂ ਨੇ ਮੁੱਖੜੇ ਤੇ ਮਲੀ ਸੁਆਹ ਓ ਦਿਲਬਰਾ ਵਾਸਤਾ ਈ
ਵਾਂਗ ਲੱਕੜੀ ਸੁੱਕਿਆ ਤੱਨ ਮੇਰਾ ਕਰ ਨਿਗਾਹ ਓ ਦਿਲਬਰਾ ਵਾਸਤਾ ਈ
ਤੇਰੇ ਇਸ਼ਕ ਫਿਰਾਕ ਨੇ ਘੇਰ ਆਂਦਾ ਆ ਛਡਾ ਓ ਦਿਲਬਰਾ ਵਾਸਤਾ ਈ
ਮੈਨੂੰ ਆਸਰਾ ਨਾ ਹਰਗਿਜ਼ ਹੋਰ ਕੋਈ ਲਾਈਂ ਵਾਹ ਓ ਦਿਲਬਰਾ ਵਾਸਤਾ ਈ
ਕੋਈ ਘੱਲ ਸੁਨੇਹੜਾ ਅਸਾਂ ਤਾਈਂ ਵੇਖਾਂ ਰਾਹ ਓ ਦਿਲਬਰਾ ਵਾਸਤਾ ਈ
ਹਾਇ ਹਾਇ ਕੂਕਾਂ ਤੇਰੇ ਹਿਜਰ ਅੰਦਰ ਉੱਭੇ ਸਾਹ ਓ ਦਿਲਬਰਾ ਵਾਸਤਾ ਈ
ਹਾਲ ਆਪਣਾ ਕਿੱਸ ਨੂੰ ਜਾ ਦੱਸਾਂ ਖੈਰ ਖਾਹ ਓ ਦਿਲਬਰਾ ਵਾਸਤਾ ਈ
ਦਾਗ਼ ਤੇਰੀ ਜੁਦਾਈ ਦਾ ਵਿੱਚ ਸੀਨੇ ਆਹ ਆਹ ਓ ਦਿਲਬਰਾ ਵਾਸਤਾ ਈ
ਤੇਰੇ ਵਾਸਤੇ ਅਸੀਂ ਫ਼ਕੀਰ ਹੋਏ ਤੂੰ ਗਵਾਹ ਓ ਦਿਲਬਰਾ ਵਾਸਤਾ ਈ
ਇੱਕੇ ਆਪ ਆਵੀਂ ਵਿੱਚ ਬਾਗ਼ ਇੱਕੇ ਘਰ ਲੈ ਜਾਹ ਓ ਦਿਲਬਰਾ ਵਾਸਤਾ ਈ
ਤੇਰੇ ਨੈਣਾਂ ਨੇ ਮਾਰ ਖ਼ੁਆਰ ਕੀਤਾ ਤੇ ਤਬਾਹ ਓ ਦਿਲਬਰਾ ਵਾਸਤਾ ਈ
ਅਸੀਂ ਬਹੁਤ ਹੈਰਾਨ ਲਾਚਾਰ ਹੋਏ ਮੇਰੇ ਸ਼ਾਹ ਓ ਦਿਲਬਰਾ ਵਾਸਤਾ ਈ
ਤੇਰੀ ਚਾਲ ਚਕੋਰ ਤੇ ਛੈਲ ਸੁੰਦਰ ਪਵੀਂ ਰਾਹ ਓ ਦਿਲਬਰਾ ਵਾਸਤਾ ਈ
ਤੇਰੀ ਯਾਦ ਜਲਾਂਵਦੀ ਤੱਨ ਮੇਰਾ ਛੇਤੀ ਆ ਓ ਦਿਲਬਰਾ ਵਾਸਤਾ ਈ
ਤੇਰੀ ਲਟਕ ਦੀ ਮਟਕ ਹੈ ਅਜਬ ਫੱਬੀ ਵਾਹ ਵਾਹ ਓ ਦਿਲਬਰਾ ਵਾਸਤਾ ਈ