ਪੰਨਾ:ਹੀਰ ਵਾਰਸਸ਼ਾਹ.pdf/283

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੯)

ਤੇਰੇ ਨੈਣਾਂ ਨੇ ਚਾ ਮਲੰਗ ਕੀਤਾ ਮਨੋਂ ਉਸ ਨੂੰ ਚਾ ਭੁਲਾਇਆ ਈ
ਉਹ ਵੀ ਕੰਨ ਪੜਵਾਕੇ ਆਣ ਲੱਥਾ ਆਪ ਵਹੁਟੜੀ ਆਣ ਸਦਾਇਆ ਈ
ਆਪ ਹੋ ਜੁਲੈਖਾਂ ਦੇ ਵਾਂਗ ਸੱਚੀ ਯੂਸਫ਼ ਓਸਨੂੰ ਚਾ ਬਣਾਇਆ ਈ
ਦਿੱਤੇ ਕੌਲ ਕਰਾਰ ਵਿਸਾਰ ਸਾਰੇ ਆਣ ਸੈਦੇ ਨੂੰ ਕੌਂਤ ਬਣਾਇਆ ਈ
ਹੋਯਾ ਚਾਕ ਪਿੰਡੇ ਮਲ੍ਹੀ ਖਾਕ ਰਾਂਝੇ ਲਾਹ ਨੰਗ ਨਾਮੂਸ ਵੰਜਾਇਆ ਈ
ਦੇਣੇਦਾਰ ਮਵਾਸ ਹੋ ਵਿਹਰ ਬੈਠਾ ਲੈਣੇਦਾਰ ਹੁਣ ਅੱਕ ਕੇ ਆਇਆ ਈ
ਗਾਲ੍ਹੀਂ ਦੇ ਕੇ ਵੇਹੜਿਓਂ ਕੱਢ ਉਸਨੂੰ ਕਲ੍ਹ ਮੁਹਲੀਆਂ ਨਾਲ ਕੁਟਾਇਆ ਈ
ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ ਤੈਨੂੰ ਬਾਗ ਵਿੱਚ ਓਸ ਬੁਲਾਇਆ ਈ
ਜ਼ਿਆਰਤ ਮਰਦ ਕਫ਼ਾਇਤ ਹੋਇਆ ਸੀ ਨੂਰ ਫ਼ਕਰ ਦਾ ਵੇਖਣਾ ਆਇਆ ਈ
ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ ਮੈਨੂੰ ਕਸਫ਼ ਦਾ ਜ਼ੋਰ ਵਿਖਾਇਆ ਈ
ਝੱਬ ਨਜ਼ਰ ਲੈਕੇ ਮਿਲੇ ਹੋ ਰਯਤ ਫ਼ੌਜਦਾਰ ਤਗੱਯਰ ਹੋ ਆਇਆ ਈ
ਉਹਦੀ ਨਿਜ਼ਾ ਨੂੰ ਆਬਹਯਾਤ ਪਹੁਤਾ ਕਿਹਾ ਝੱਗੜਾ ਭਾਬੀਏ ਲਾਇਆ ਈ
ਵਕਤ ਨਿਜ਼ਾ ਨੂੰ ਆਬਹਯਾਤ ਤੂੰਹੀ ਕਿਹਾ ਭਾਬੀਏ ਫੋਲ ਫੁਲਾਇਆ ਈ
ਆਹ ਹਾਲ ਥੀਂ ਹੋ ਬੇਹਾਲ ਰਹਿਆ ਕਿਹਾ ਭਾਬੀਏ ਮਗਜ਼ ਖਪਾਇਆ ਈ
ਚਾਟਲਾਇਕੇ ਕੰਨ ਪੜਵਾਇਓ ਈ ਨੈਣਾਂ ਵਾਲੀਏ ਗਜ਼ਬ ਕਿਉਂ ਢਾਇਆ ਈ
ਬੱਚੇ ਉਹ ਫਕੀਰਾਂ ਤੋਂ ਹੀਰ ਕੁੜੀਏ ਹੱਥ ਬੰਨ੍ਹਕੇ ਜਿਨ੍ਹਾਂ ਬਖਸ਼ਾਇਆ ਈ
ਕਤਲ ਆਮ ਚਾਯਾ ਮੁਲਕ ਸਾਫ਼ ਹੋਯਾ ਨੈਣਾਂ ਵਾਲੀਏ ਗੈਬ ਉਠਾਇਆ ਈ
ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ ਝੁੁੱਲ ਮੀਂਹ ਨਿਆਉਂ ਦਾ ਆਇਆ ਈ
ਡਿੱਠਾ ਹਾਲ ਤੋਂ ਹਾਲ ਚੰਗੇਰੜਾ ਏ ਈਸਾ ਹੋ ਜ਼ਮੀਨ ਤੇ ਆਇਆ ਈ
ਕੱਢ ਵਿਹੜਿਓਂ ਧੱਕ ਅਰੂੜੀਆਂ ਤੇ ਹੋੜਾ ਵਿੱਚ ਬਰੂੰਹੀ ਗਡਾਇਆ ਈ
ਵਿੱਚ ਬਾਗ ਕਾਲੇ ਡੇਰਾ ਲਾ ਬੈਠਾ ਦਿੱਲ ਵਿੱਚ ਤੇਰਾ ਧਿਆਨ ਲਾਇਆ ਈ
ਵਾਂਗ ਰੱਯਤਾਂ ਨਜ਼ਰ ਲੈ ਜਾਹ ਉਸ ਤੇ ਫ਼ੌਜਦਾਰ ਬਣ ਕੇ ਨਵਾਂ ਆਇਆ ਈ
ਅੱਗੇ ਜਾਇਕੇ ਕੁਰਨਸ਼ਾਂ ਬਹੁਤ ਕਰੀਂ ਉਹ ਤਾਂ ਤੁੱਧਦੇ ਵਾਸਤੇ ਆਇਆ ਈ
ਅਨਲਫਤ ਤੇ ਵੱਡੀ ਦਸਤਾਰ ਫੁੱਲੀ ਕੇਹਾ ਭੀਲ ਨੇ ਸਾਂਗ ਬਣਾਇਆ ਈ
ਵਾਰਸ ਕੌਲ ਭੁਲਾਇਕੇ ਖੇਡ ਰੁੱਧੋਂ ਕੇਹਾ ਨਵਾਂ ਮਖੌਲ ਜਗਾਇਆ ਈ

ਕਲਮ ਹੀਰ

ਹੀਰ ਆਖਿਆ ਜਾਇਕੇ ਖ੍ਹੋਲ ਬੁੱਕਲ ਉਹਦੇ ਵੇਸ ਨੂੰ ਫੂਕ ਵਿਖਾਉਨੀ ਹਾਂ
ਉਹਦੇ ਪੈਰਾਂ ਦੀ ਖਾਕ ਹੈ ਜਾਨ ਮੇਰੀ ਜੀਉ ਜਾਨ ਥੀਂ ਘੋਲ ਘੁਮਾਉਨੀ ਹਾਂ