ਪੰਨਾ:ਹੀਰ ਵਾਰਸਸ਼ਾਹ.pdf/284

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੦)

ਨੈਣਾਂ ਚਾੜ੍ਹਕੇ ਸਾਣ ਤੇ ਕਰਾਂ ਪੁਰਜੇ ਕਤਲ ਆਸ਼ਕਾਂ ਦੇ ਉੱਤੇ ਧਾਉਨੀ ਹਾਂ
ਅੱਗੇ ਚਾਕ ਸੀ ਖਾਕ ਕਰ ਸਾੜ ਸੁੱਟਾਂ ਉਹਦੇ ਇਸ਼ਕ ਨੂੰ ਸਿਕਲ ਚੜ੍ਹਾਉਨੀ ਹਾਂ
ਮੋਯਾ ਪਿਆ ਹੈ ਨਾਲ ਫ਼ਿਰਾਕ ਰਾਂਝਾ ਈਸਾ ਵਾਂਗ ਮੁੜ ਫੇਰ ਜਵਾਉਨੀ ਹਾਂ
ਵਾਰਸਸ਼ਾਹ ਪਤੰਗ ਨੂੰ ਸ਼ਮ੍ਹਾਂ ਉੱਤੇ ਅੱਗ ਲਾਇਕੇ ਵੇਖ ਜਲਾਉਨੀ ਹਾਂ

ਹੀਰ ਨੇ ਕਾਲੇ ਬਾਗ ਨੂੰ ਜੋਗੀ ਦੇ ਵਲ ਤਿਆਰ ਹੋਣਾਂ

ਹੀਰ ਨ੍ਹਾਇਕੇ ਪੱਟ ਦਾ ਪਹਿਨ ਤੇਵਰ ਵਾਲੀਂ ਅਤਰ ਫੁਲੇਲ ਲਗਾਉਂਦੀ ਏ
ਵੱਲ ਪਾਇਕੇ ਮੇਢੀਆਂ ਖੂਨੀਆਂ ਨੂੰ ਗੋਰੇ ਮੁੱਖ ਤੇ ਜ਼ੁਲਫ਼ ਪਲਮਾਉਂਦੀ ਏ
ਕੱਜਲ ਭਿੰਨੜੇ ਨੈਣ ਅਪਰਾਧ ਲੁੱਟੇ ਦੋਵੇਂ ਹੁਸਨ ਦੇ ਕਟਕ ਲੈ ਧਾਉਂਦੀ ਏ
ਮੱਲ ਵੱਟਨਾ ਹੋਠਾਂ ਤੇ ਲਾ ਸੁਰਖੀ ਨਵਾਂ ਲੋਹੜ ਤੇ ਲੋਹੜ ਚੜ੍ਹਾਉਂਦੀ ਏ
ਸਿਰੀ ਸਾਫ ਦਾ ਭੌਛਨਾ ਪਹਿਨ ਉੱਤੇ ਕੰਨੀਂ ਡੰਡੀਆਂ ਵਾਲੀਆਂ ਪਾਉਂਦੀ ਏ
ਕੀਮਖਾਬ ਦੀ ਚੋਲੜੀ ਫੱਬ ਰਹੀ ਬਾਂਕ ਚੌਕ ਤੇ ਤੋੜ ਵਲਾਉਂਦੀ ਏ
ਘੱਤ ਝਾਂਜਰਾਂ ਲੋੜ੍ਹ ਦੇ ਸਿਰ ਕੜਕੇ ਹੀਰ ਸਿਆਲ ਲਟੱਕਦੀ ਆਉਂਦੀ ਏ
ਟਿੱਕਾ ਬਿੰਦਲੀ ਬਣੀ ਹੈ ਨਾਲ ਲੂਹਲਾਂ ਵਾਂਗ ਮੋਰ ਦੇ ਪੈਲਾਂ ਉਹ ਪਾਉਂਦੀ ਏ
ਹਾਥੀ ਮਸਤ ਛੁਟਾ ਛੱਣ ਛੱਣ ਕਰਕੇ ਕਤਲ ਆਮ ਖਲਕਤ ਹੁੰਦੀ ਜਾਉਂਦੀ ਏ
ਨੈਣ ਮਸਤ ਤੇ ਲੋੜ੍ਹ ਦੰਦਾਸੜੇ ਦਾ ਸ਼ਾਹ ਪਰੀ ਛਣੱਕਦੀ ਆਉਂਦੀ ਏ
ਕਦੇ ਕੱਢਕੇ ਘੁੰਡ ਲੁੜ੍ਹਾ ਦੇਂਦੀ ਕਦੇ ਖੋਲ੍ਹਕੇ ਮਾਰ ਮੁਕਾਉਂਦੀ ਏ
ਘੁੰਡ ਲਾਹ ਕੇ ਕਟਕ ਵਿਖਾ ਸਾਰੀ ਜੱਟੀ ਰੁੱਠੜਾ ਯਾਰ ਮਨਾਉਂਦੀ ਏ
ਮਾਲਕ ਮਾਲ ਦੇਵੇ ਸਭ ਖੋਲ੍ਹ ਦੌਲਤ ਵੱਖੋ ਵੱਖ ਕਰ ਚਾ ਵਿਖਾਉਂਦੀ ਏ
ਵਾਰਸਸ਼ਾਹ ਤਾਂ ਪਰੀ ਦੀ ਨਜ਼ਰ ਚੜ੍ਹਿਆ ਖਲਕਤ ਸੈਫੀਆਂ ਫੁਕਦੀ ਆਉਂਦੀ ਏ

ਹੀਰ ਨੇ ਜੋਗੀ ਦੇ ਪਾਸ ਬਾਗ ਵਿਚ ਆਉਣਾ

ਰਾਂਝਾ ਵੇਖਕੇ ਆਖਦਾ ਪਰੀ ਕੋਈ ਇੱਕੇ ਭਾਵੇਂ ਤਾਂ ਹੀਰ ਸਿਆਲ ਹੋਵੇ
ਕੋਈ ਹੀਰ ਕਿ ਮੋਹਨੀ ਇੰਦਰਾਣੀ ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ
ਨੇੜੇ ਆਇਕੇ ਕਾਲਜੇ ਧਾ ਗਈ ਜਿਵੇਂ ਮਸਤ ਕੋਈ ਨਸ਼ੇ ਦੇ ਨਾਲ ਹੋਵੇ
ਰਾਂਝਾ ਆਖਦਾ ਅਬਰੇ ਬਹਾਰ ਆਯਾ ਭਲਾ ਜੰਗਲ ਭੀ ਲਾਲੋ ਲਾਲ ਹੋਵੇ
ਹੱਥ ਜੋੜ ਕੇ ਬੱਦਲਾਂ ਹਾਂਝ ਬੱਧੀ ਵੇਖਾਂ ਕੇਹੜਾ ਦੇਸ ਨਿਹਾਲ ਹੋਵੇ
ਚਮਕੇ ਲਾਲ ਉਲਕਦਰ ਸਿਆਹ ਸ਼ਬ ਥੀਂ ਜਿਸ ਤੇ ਪਵੇਗੀ ਨਜ਼ਰ ਨਿਹਾਲ ਹੋਵੇ
ਡੌਲ ਡਾਲ ਤੇ ਚਾਲ ਦੀ ਲਟਕ ਸੁੰਦਰ ਜੇਹਾ ਪੇਖਨੇ ਦਾ ਕੋਈ ਖਿਆਲ ਹੋਵੇ
ਦੋਸਤ ਸੋ ਜੋ ਬਿਪਤ ਵਿੱਚ ਭੀੜ ਕੱਟੇ ਅਤੇ ਦੋਸਤੀ ਵਿੱਚ ਕਮਾਲ ਹੋਵੇ
ਯਾਰ ਸੋਈ ਮਹਿਬੂਬ ਤੇ ਫ਼ਿਦਾ ਹੋਵੇ ਜੀ ਸੋਈ ਜੋ ਮੁਰਸ਼ਦਾਂ ਨਾਲ ਹੋਵੇ