ਪੰਨਾ:ਹੀਰ ਵਾਰਸਸ਼ਾਹ.pdf/286

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੨)

ਕਿਸੇ ਤਤੜੇ ਵਕਤ ਸੀ ਨੇਹੁੰ ਲੱਗਾ ਤੁਸਾਂ ਬੀਜਿਆ ਭੁੰਨਿਆਂ ਦਾਣਿਆਂ ਨੂੰ
ਗੁੰਗਾ ਨਾਂਹ ਕੁਰਾਨ ਦਾ ਹੋਵੇ ਹਾਫ਼ਜ਼ ਅੰਨ੍ਹਾ ਵੇਖਦਾ ਨਹੀਂ ਟਿਟਾਣਿਆਂ ਨੂੰ
ਸਾਢੇ ਤਿੰਨ ਹਬ ਜ਼ਿਮੀਂ ਹੈ ਮੁਲਕ ਤੇਰਾ ਐਵੇਂ ਕਾਸਨੂੰ ਵਲੇੇਂ ਵਲਾਣਿਆਂ ਨੂੰ
ਰਾਂਝਾ ਹੀਰ ਗੁਨਾਹ ਦੇ ਭਰੇ ਬੇੜੇ ਬੰਨੇ ਲਾਉਣੀ ਸ਼ਰਮ ਮੁਹਾਣਿਆਂ ਨੂੰ
ਵਾਰਸਸ਼ਾਹ ਅਲਾਹ ਬਿਨ ਕੌਣ ਪੁੱਛੇ ਪਿੱਛਾ ਤੁੁੱਟਿਆਂ ਅਤੇ ਨਿਤਾਣਿਆਂ ਨੂੰ

ਕਲਾਮ ਜੋਗੀ

ਤੇਰੇ ਮਾਪਿਆਂ ਸਾਕ ਕੁਥਾਂ ਕੀਤਾ ਅਸੀਂ ਰੁੱਲਦੇ ਈ ਰਹਿ ਗਏ ਪਾਸਿਆਂ ਤੇ
ਆਪ ਰੱਚ ਗਈਏਂ ਨਾਲ ਖੇੜਿਆਂ ਦੇ ਸਾਡੀ ਗੱਲ ਗਵਾਈਆ ਹਾਸਿਆਂ ਤੇ
ਸਾਨੂੰ ਮਾਰਕੇ ਹਾਲ ਬੇਹਾਲ ਕੀਤਾ ਆਪ ਹੋਈਏਂ ਦਾਬਿਆਂ ਧਾਸਿਆਂ ਤੇ
ਸਾਢੇ ਤਿੰਨ ਮਣ ਦੇਹੀ ਮੈਂ ਫਿਦਾ ਕੀਤੀ ਹੁਣ ਹੋਈ ਏ ਤੋਲਿਆਂ ਮਾਸਿਆਂ ਤੇ
ਸੱਤ ਪੰਜ ਬਾਰਾਂ ਅਤੇ ਤਿੰਨ ਕਾਣੇ ਲਿਖੇ ਏਸ ਜ਼ਮਾਨੇ ਦੇ ਪਾਸਿਆਂ ਤੇ
ਵਾਰਸਸ਼ਾਹ ਵਸਾਹ ਕੀ ਜ਼ਿੰਦਗੀ ਦਾ ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ

ਕਲਾਮ ਹੀਰ

ਜੋ ਕੋਈ ਏਸ ਜਹਾਨ ਤੇ ਆਦਮੀ ਏਂ ਰੋਂਦਾ ਮਰੇਗਾ ਉਮਰ ਤੇ ਝੂਰਦਾ ਜੀ
ਸਦਾ ਖੁਸ਼ੀ ਨਾਹੀਂ ਕਿਸੇ ਨਾਲ ਨਿਭਦੀ ਇਹ ਜ਼ਿੰਦਗੀ ਨੇਸ਼ ਜਰੂਰ ਦਾ ਜੀ
ਲੱਗ ਗਲੇ ਮੇਰੇ ਮੀਆਂ ਰਾਂਝਿਆ ਵੇ ਨਿੱਤ ਸਾੜਦਾ ਦਾਗ ਮਹਿਜ਼ੂਰ ਦਾ ਜੀ
ਸੜ ਬੱਲਕੇ ਕੋਇਲਾਂ ਹੋਈਆਂ ਮੈਂ ਸੀਨਾ ਹੋਇਆ ਜਿਉਂ ਰੋੜ ਮਨੂਰ ਦਾ ਜੀ
ਬੰਦਾ ਜੀਉਣੇ ਦੀ ਨਿੱਤ ਕਰੇ ਆਸਾ ਅਸਰਾਈਲ ਸਿਰ ਦੇ ਉਤੇ ਘੂਰ ਦਾ ਜੀ
ਵਾਰਸਸ਼ਾਹ ਇਕ ਇਸ਼ਕ ਦੇ ਕਰਨ ਧਾਰਾ ਡਾਲ ਡਾਲ ਤੇ ਖਾਲ ਖਜੂਰ ਦਾ ਜੀ

ਤਥਾ

ਹੱਥ ਬੰਨ੍ਹਕੇ ਹੀਰ ਸਲਾਮ ਕੀਤਾ ਤੇਰੀ ਬੰਦੀ ਹਾਂ ਤਿਵੇਂ ਫੁਰਮਾਈਏ ਜੀ
ਤੁਸੀਂ ਮਿਹਰ ਕਰੋ ਅਸੀਂ ਘਰੀਂ ਜਾਈਏ ਨਾਲ ਸਹਿਤੀ ਦੇ ਡੌਲ ਬਣਾਈਏ ਜੀ
ਬਹਿਰ ਇਸ਼ਕ ਦਾ ਖੁਸ਼ਕ ਗ਼ਮ ਨਾਲ ਹੋਯਾ ਨਾਲ ਅਕਲ ਦੇ ਮੀਂਹ ਵਸਾਈਏ ਜੀ
ਕਿਵੇਂ ਕਰਾਂ ਮੈਂ ਕੋਸ਼ਸ਼ਾਂ ਇਸ਼ਕ ਦੀਆਂ ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ
ਹਜ਼ਰਤ ਸੁਰਤ ਇਖ਼ਲਾਸ ਲਿਖ ਦਿਓ ਮੈਨੂੰ ਕੁਰਆ ਫ਼ਾਲ ਨਜ਼ੂਮ ਦਾ ਪਾਈਏ ਜੀ
ਨਕਸ਼ ਹੁੱਬ ਦਾ ਯਾ ਲਿੱਖ ਦਿਓ ਕੋਈ ਇੱਕੇ ਨੇਕ ਜ਼ਬਾਨ ਪੜ੍ਹਾਈਏ ਜੀ
ਨਾਲੇ ਖੋਲ੍ਹ ਕਿਤਾਬ ਤਾਵੀਜ਼ ਲਿੱਖੋ ਕਿਵੇਂ ਸਹਿਤੀ ਦਾ ਦਿੱਲ ਭਵਾਈਏ ਜੀ
ਪੱਥਰ ਜੀ ਉਹਦਾ ਝਬ ਮੋਮ ਹੋਵੇ ਕਰੇ ਕੰਮ ਓਹ ਨਾਲ ਰਸਾਈਏ ਜੀ
ਜਾਂ ਤਿਆਰੀਆਂ ਟੁਰਨਦੀਆਂ ਝੱਬ ਕਰੀਏ ਅਸੀਂ ਸੱਜਣੋ ਹੁਕਮ ਕਰਾਈਏ ਜੀ