ਪੰਨਾ:ਹੀਰ ਵਾਰਸਸ਼ਾਹ.pdf/288

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੪)

ਜੀਉ ਆਸ਼ਕਾਂ ਦਾ ਅਰਸ਼ ਹੱਕ ਦਾ ਏ ਕਿਵੇਂ ਓਸਨੂੰ ਠੰਢ ਪਵਾਈਏ ਨੀ
ਇਹ ਜੋਬਨਾ ਠੱਗ ਬਾਜ਼ਾਰ ਦਾ ਏ ਸਿਰ ਕਿਸੇ ਦੇ ਇਹ ਚੜ੍ਹਾਈਏ ਨੀ
ਨਾਲ ਖੁਸ਼ੀ ਦੇ ਜੋਬਨਾ ਮਾਣ ਲਈਏ ਏਸ ਦੁੱਖ ਨੂੰ ਚਾ ਮਿਟਾਈਏ ਨੀ
ਕੋਈ ਰੋਜ ਦਾ ਹੁਸਨ ਪਰਾਹੁਣਾ ਏਂ ਮਜ਼ੇ ਖੂਬੀਆਂ ਨਾਲ ਹੰਢਾਈਏ ਨੀ
ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ ਕੋਈ ਆ ਖਾਂ ਮਕਰ ਫੈਲਾਈਏ ਨੀ
ਬਾਗ ਵਿੱਚ ਨਾ ਜਾਂਦੀਆਂ ਸੋਂਹਦੀਆਂ ਹਾਂ ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ
ਘਰ ਲਿਆਕੇ ਓਸ ਦੀ ਕਰ ਖ਼ਿਦਮਤ ਜੀਉ ਓਸਦਾ ਖੁਸ਼ੀ ਕਰਾਈਏ ਨੀ
ਗੱਲ ਘੱਤ ਪੱਲਾ ਮੂੰਹ ਘਾਹ ਲੈਕੇ ਪੈਰੀਂ ਲੱਗ ਕੇ ਪੀਰ ਮਨਾਈਏ ਨੀ
ਮੁਸ਼ਕਲ ਹੱਲ ਤੇਰੀ ਮੇਰੀ ਰੱਬ ਕਰਸੀ ਦੁਆ ਫ਼ਕਰ ਤੋਂ ਚੱਲ ਕਰਾਈਏ ਨੀ
ਵਾਰਸਸ਼ਾਹ ਗੁਨਾਹ ਦੇ ਅਸੀਂ ਲੱਦੇ ਚਲੋ ਕੁੱਲ ਤਕਸੀਰ ਬਖ਼ਸ਼ਾਈਏ ਨੀ

ਸਹੀਆਂ ਨੇ ਹੀਰ ਨੂੰ ਬਾਗ ਵਲੋਂ ਆਉਂਦੀ ਦੇਖਣਾ

ਹੀਰ ਆਉਂਦੀ ਸਹੀਆਂ ਨੂੰ ਨਜ਼ਰ ਪਈ ਮਸਤ ਹਸਤ ਜਿਉਂ ਬਹੁਤ ਖੁਸ਼੍ਹਾਲ ਆਈ
ਜਿਵੇਂ ਬੁੱਤ ਵਿੱਚੋਂ ਉੱਠ ਜਾਨ ਦੌੜੇ ਤਿਵੇਂ ਘਰਾਂ ਨੂੰ ਹੀਰ ਸਿਆਲ ਆਈ
ਅੱਜ ਸੁੱਖ ਦੇ ਨਾਲ ਸੁਹਾਉਂਦੀਏ ਦਿਲੋਂ ਦੁੱਖ ਦੇ ਲਾਹ ਦੌਰਾਲ ਆਈ
ਨਵਾਂ ਪਾ ਦੀਦਾਰ ਮਹਿਬੂਬ ਵਾਲਾ ਗ਼ੱਮ ਸੱਟ ਕੇ ਹੋ ਨਿਹਾਲ ਆਈ
ਮੁੱਖ ਯਾਰ ਵਾਲਾ ਚਾਨਣ ਅੱਖੀਆਂ ਦਾ ਅੱਖੀਂ ਵੇਖ ਚਾਨਣ ਖੁਸ਼ੀ ਨਾਲ ਆਈ
ਰੱਬ ਵਿਛੜੇ ਯਾਰ ਮਿਲਾ ਦਿੱਤੇ ਦਿਲੋਂ ਗਮਾਂ ਦਾ ਲਾਹ ਜ਼ਵਾਲ ਆਈ
ਅਗੇ ਵੇਂਹਦੀਆਂ ਸਾਂ ਅਸੀਂ ਨਿਮੋਝੂਣੀ ਮਸਤ ਯਾਰ ਦੇ ਸ਼ੌਕ ਦੇ ਨਾਲ ਆਈ
ਸਈਆਂ ਵੇਖ ਕੇ ਲੱਗੀਆਂ ਕਰਨ ਤਾਨ੍ਹੇ ਹੀਰ ਜੋਗੀ ਦਾ ੫ਾ ਵਸਾਲ ਆਈ
ਅੱਜ ਸਧਰਾਂ ਦਿਲ ਦੀਆਂ ਲਾਹੀਆਂ ਸੂ ਭਾਵੇਂ ਜਾਂਦੜੀ ਕੱਢ ਉਬਾਲ ਆਈ
ਵਾਰਸਸ਼ਾਹ ਸੁਹਾਗੇ ਤੇ ਅੱਗ ਵਾਂਗੂੰ ਸੋਇਨਾ ਖੇੜਿਆਂ ਦਾ ਸੱਭੋ ਗਾਲ ਆਈ

ਹੀਰ ਨਾਲ ਸਈਆਂ ਦੀਆਂ ਮਸਖਰੀਆਂ

ਅਗੋਂ ਰਾਇਬਾਂ ਸ਼ੈਰਫ਼ਾਂ ਬੋਲੀਆਂ ਨੇ ਕਿਹਾ ਮੱਥਾ ਤੂੰ ਭਾਬੀਏ ਖੇੜਿਆ ਈ
ਭਾਬੀ ਆਖ ਕੀ ਲੱਭੋ ਈ ਟਹਕ ਆਈਏਂ ਸੋਇਨ ਚਿੜੀ ਵਾਂਗੂੰ ਰੰਗ ਫੇਰਿਆ ਈ
ਮੋਈ ਗਈ ਸੈਂ ਜੀਉਂਦੀ ਆਣ ਵੜੀਏਂ ਸੱਚ ਆਖ ਕੀ ਸੱਚ ਸਹੇੜਿਆ ਈ
ਅੱਜ ਰੰਗ ਤੇਰਾ ਭੱਲਾ ਨਜ਼ਰ ਆਇਆ ਸੱਭੇ ਸੁੱਖ ਤੇ ਦੁੱਖ ਨਿਬੇੜਿਆ ਈ
ਨੈਣ ਸ਼ੋਖ ਹੋਏ ਰੰਗ ਚਮਕ ਆਇਆ ਕਿਸੇ ਜੋਬਨੇ ਦਾ ਖੂਹਾ ਗੇੜਿਆ ਈ
ਹਾਥੀ ਮਸਤ ਆਸ਼ਕ ਭਾਵੇਂ ਬਾਗ਼ ਵਾਲਾ ਤੇਰੀ ਸੰਗਲੀ ਨਾਲ ਖਹੇੜਿਆ ਈ