ਪੰਨਾ:ਹੀਰ ਵਾਰਸਸ਼ਾਹ.pdf/290

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੬)

ਅੱਜ ਸੁਰਮਚੂ ਪਾਇਕੇ ਛੈਲਿਆਂ ਨੇ ਸੁਰਮੇਦਾਣੀਆਂ ਖੂਬ ਹਿਲਾਈਆਂ ਨੀ
ਸਯਾਹ ਭੌਰ ਹੋਈਆਂ ਚਸ਼ਮਾਂ ਪਯਾਰਿਆਂ ਦੀਆਂ ਭਰਪੂਰ ਪੌਂਦੇ ਰਹੇ ਸਲਾਈਆਂ ਨੀ
ਤੇਰਾ ਰੰਗ ਗੁਲਜ਼ਾਰ ਬਹਾਰ ਬਣਿਆ ਅੱਖੀਂ ਤੇਰੀਆਂ ਦੂਣ ਸਵਾਈਆਂ ਨੀ
ਅਜ ਆਬ ਚੜ੍ਹੀ ਉਨ੍ਹਾਂ ਮੋਤੀਆਂ ਨੂੰ ਜੀਉ ਆਈਏ ਭਾਬੀਏ ਆਈਆਂ ਨੀ
ਵਾਰਸਸ਼ਾਹ ਹੁਣ ਪਾਣੀਆਂ ਜੋਰ ਕੀਤਾ ਬਹੁਤ ਖੁਸ਼ੀ ਕੀਤੀ ਮੁਰਗਾਈਆਂ ਨੀ

ਤਥਾ

ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ ਅੱਜ ਕਿਸੇ ਹੁਸ਼ਨਾਕ ਨੇ ਲੁੱਟ ਲਏ
ਤੇਰੇ ਸੀਨੇ ਨੂੰ ਕਿਸੇ ਟਟੋਲਿਆ ਏ ਨਾਫ ਮੁਸ਼ਕ ਵਾਲੇ ਦੋਵੇ ਪੁੱਟ ਲਏ
ਜੇੜ੍ਹੇ ਨਿੱਤ ਨਿਸ਼ਾਨ ਛੁਪਾਉਂਦੀ ਸੈਂ ਕਿਸੇ ਤੀਰ ਅੰਦਾਜ਼ ਨੇ ਝੁੁੱਟ ਲਏ
ਕਿਸੇ ਜ਼ਾਲਮ ਬੇ ਦਰਦ ਕਸੀਸ ਦਿਤੀ ਬੰਦ ਬੰਦ ਕਮਾਨ ਦੇ ਟੁੱਟ ਗਏ
ਆਖ ਕਿਨ੍ਹਾਂ ਫੁਲੇਲੀਆਂ ਪੀੜੀਏਂ ਤੂੰ ਅੱਤਰ ਕੱਢ ਕੇ ਫੋਗ ਨੂੰ ਸੁੱਟ ਗਏ
ਭਾਵੇਂ ਯਾਰ ਰਾਂਝੇ ਨਾਲ ਮੇਲ ਹੋਯਾ ਜ਼ਬਰੋਂ ਜ਼ੇਰ ਕਰਕੇ ਹੁਣ ਕੁੱਟ ਗਏ
ਕਿਸੇ ਹਿੱਕ ਤੇਰੀ ਨਾਲ ਹਿੱਕ ਜੋੜੀ ਵਿੱਚੋਂ ਫੁੱਲ ਗੁਲਾਬ ਦੇ ਘੁੱਟ ਗਏ
ਵਾਰਸਸ਼ਾਹ ਓਹ ਵਗਾਂ ਦੇ ਨਾਲ ਚੁਗਣ ਜੇੜ੍ਹੇ ਪਹਿਲੜੇ ਰੋਜ਼ ਹੋ ਜੁੱਟ ਗਏ

ਤਥਾ

ਪੇਡੁ ਸਾਰ ਹੋਯਾ ਸੀਨਾ ਲਾਲ ਹੋਯਾ ਤੇਰੀ ਧੁੰਨੀ ਤੇ ਹੱਥ ਕਿਸ ਫੇਰਿਆ ਨੀ
ਤੇਰੀ ਗਾਧੀ ਨੂੰ ਅਜ ਕਿਸ ਧੱਕਿਆ ਈ ਤੇਰਾ ਅੱਜ ਖੂਹਾ ਕਿੱਸ ਗੇੜਿਆ ਨੀ
ਲਾਇਆ ਰੰਗ ਮਲੰਗ ਨਿਸ਼ੰਗ ਭਾਵੇਂ ਅੰਗ ਨਾਲ ਤੇਰੇ ਅੰਗ ਭੇੜਿਆ ਨੀ
ਲਾਹ ਚੱਪਣੀ ਦੁੱਧ ਦੇ ਦੇਗਚੇ ਦੀ ਕਿਸੇ ਅੱਜ ਮਲਾਈ ਨੂੰ ਛੇੜਿਆ ਨੀ
ਸੁਰਮੇ ਦਾਨੀ ਦਾ ਬਾਲ ਬਲੋਚਨਾ ਨੀ ਸੁਰਮੇ ਸੁਰਮਚੂ ਕਿਸੇ ਲਬੇੜਿਆ ਨੀ
ਵਾਰਸਸ਼ਾਹ ਤੈਨੂੰ ਪਿਛੋਂ ਆਣ ਮਿਲਿਆ ਇੱਕੇ ਨਵਾਂ ਹੀ ਕੋਈ ਸਹੇੜਿਆ ਨੀ

ਤਥਾ

ਭਾਬੀ ਅੱਜ ਜੋਬਨ ਤੇਰੇ ਲਹਿਰ ਦਿੱਤੀ ਜਿਵੇਂ ਨਦੀ ਦਾ ਨੀਰ ਉਛੱਲਿਆ ਏ
ਤੇਰੀ ਚੋਲੀ ਦੀਆਂ ਤਣੀਆਂ ਢਿੱਲੀਆਂ ਨੇ ਤੈਨੂੰ ਕਿਸੇ ਮਹਿਬੂਬ ਪਥੱਲਿਆ ਏ
ਕੁਲਫ ਜੰਦਰਾ ਤੋੜਕੇ ਚੋਰ ਵੜਿਆ ਅੱਜ ਬੀੜਾ ਕਸਤੂਰੀ ਦਾ ਹੱਲਿਆ ਏ
ਅੱਜ ਪੈਦਲਾਂ ਨੇ ਸ਼ਾਹ ਮਾਤ ਕੀਤਾ ਚਾਲਾ ਨਵਾਂ ਸਤਰੰਜ ਦਾ ਚੱਲਿਆ ਏ
ਸੂਹਾ ਘੱਗਰਾ ਲਹਿਰਾਂ ਦੇ ਨਾਲ ਉੱਡੇ ਬੋਕ ਬੰਦ ਦਹਿ ਚੰਦ ਹੋ ਚੱਲਿਆ ਏ
ਕਿਸੇ ਕਹੇ ਖਿਡਾਰ ਖਿਡਾਰੀਏ ਨੀ ਸਣੇ ਮੁਹੁਰਿਆਂ ਫਰਸ਼ ਉਥੱਲਿਆ ਏ
ਸੁਰਖੀ ਹੋਟਾਂ ਦੀ ਕਿਸੇ ਨੇ ਚੂਪ ਲਈ ਅੰਬ ਸੱਖਣਾ ਮੋੜਕੇ ਘੱਲਿਆ ਏ