ਪੰਨਾ:ਹੀਰ ਵਾਰਸਸ਼ਾਹ.pdf/293

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੭)

ਮਿਰਗ ਜਿਸ ਕਸਤੂਰੀ ਦੇ ਢਾਹ ਲਏ ਕੋਈ ਨਵਾਂ ਹੀਰੇ ਆਣ ਮੱਲਿਆ ਏ
ਅੰਗ ਨਾਲ ਤੇਰੇ ਅੰਗ ਜੌੜਕੇ ਤੇ ਤੀਰ ਅੰਦਰੋਂ ਕਾਲਜਾ ਸੱਲਿਆ ਏ
ਵਾਰਸਸ਼ਾਹ ਮੀਆਂ ਰੋਜ਼ ਹਸ਼ਰ ਦੇ ਤੋਂ ਸਾਡਾ ਰੋਂਦਿਆਂ ਨੀਰ ਨਾ ਠੱਲ੍ਹਿਆ ਏ

ਤਥਾ

ਤੇਰੇ ਸਿਆਹ ਤਤੌਲੜੇ ਕੱਜਲੇ ਦੀ ਠੋਡੀ ਅਤੇ ਗੱਲ੍ਹਾਂ ਉਤੋਂ ਗੁੰਮ ਗਏ
ਤੇਰੇ ਫੁੱਲ ਗੁਲਾਬ ਦੇ ਲਾਲ ਹੋਏ ਕਿਸੇ ਘੇਰ ਕੇ ਰਾਹ ਵਿਚ ਚੁੰਮ ਲਏ
ਤੇਰੇ ਖੂਨਚੇ ਨੀ ਸ਼ਕਰ ਪਾਰਿਆਂ ਦੇ ਹੱਥ ਮਾਰਕੇ ਭੁੱਖਿਆਂ ਲੁੁੰਮ ਲਏ
ਧਾੜਾ ਮਾਰਕੇ ਧਾੜਵੀ ਮੇਵਿਆਂ ਦੇ ਰੱਲ ਝਾੜ ਬੂਟੇ ਕਿੱਤੇ ਗੁੰਮ ਗਏ
ਵੱਡੇ ਵਣਜ ਹੋਏ ਅੱਜ ਵਹੁਟੀਆਂ ਦੇ ਕੋਈ ਨਵੇਂ ਵਣਜਾਰੜੇ ਘੁੰਮ ਗਏ
ਵਾਰਸਸ਼ਾਹ ਮੀਆਂ ਕੀਤੇ ਕੰਮ ਤੇਰੇ ਅੱਜ ਕੱਲ੍ਹ ਜਹਾਨ ਤੇ ਧੁੰਮ ਗਏ

ਤਥਾ

ਕੋਈ ਧੋਬੀ ਵਲਾਇਤੋਂ ਆਨ ਲੱਥੇ ਸਿਰੀ ਸਾਫ ਦੇ ਥਾਨ ਚੜ੍ਹ ਖੁੱਬ ਗਏ
ਤੇਰੀ ਚੋਲੀ ਵਲੂੰਦਰੀ ਸਣੇ ਸੀਨੇ ਪੇਂਜੇ ਤੁੁੰਬਿਆਂ ਨੂੰ ਜਿਵੇਂ ਤੁੰਬ ਗਏ
ਕਿਨ੍ਹਾਂ ਚੋਰਾਂ ਨੇ ਮਾਲ ਚੁਰਾਇਆ ਏ ਸਾਥੋਂ ਘੁੱਸ ਕੇ ਖੋਜ ਤੇ ਸੁੰਬ ਗਏ
ਕੀਕੂੂੰ ਲੱਭਸੀ ਮਾਲ ਇਹ ਖੇੜਿਆਂ ਦਾ ਪੈਰੀਂ ਖਾਵ ਮੁਗੀਲਾਂ ਦੇ ਚੁੰਬ ਗਏ
ਖੇੜੇ ਕਾਬਲੀ ਕੁੱਤਿਆਂ ਵਾਂਗ ਨੱਠੇ ਨੀ ਵਢਾਇਕੇ ਕੰਨ ਤੇ ਦੁੰਬ ਗਏ
ਵਾਰਸਸ਼ਾਹ ਅਚੰਭੜਾ ਨਵਾਂ ਹੋਯਾ ਸੁੱਤੇ ਪਾਹਰੂਆਂ ਨੂੰ ਚੋਰ ਟੁੱਬ ਗਏ

ਤਥਾ

ਕਿਸੇ ਕਿਹਾ ਨਪੀੜ ਨਪੀੜੀਏਂ ਤੂੰ ਤੇਰਾ ਰੰਗ ਹੈ ਤੋਰੀ ਦੇ ਫੁੱਲ ਦਾ ਨੀ
ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੀ ਇਹ ਕੰਮ ਹੋਯਾ ਹਿੱਲ ਚੁੱਲ ਦਾ ਨੀ
ਤੇਰਾ ਲੱਕ ਕਿਸੇ ਪਾਇਮਾਲ ਕੀਤਾ ਧੱਕਾ ਕੁੱਲ ਵਜੂਦ ਵਿਚ ਖੁੱਲ੍ਹਦਾ ਨੀ
ਵਰਮਾ ਫੇਰ ਅਲਮਾਸ ਨੂੰ ਵਿੰਨ੍ਹ ਦਿਤਾ ਜਿਵੇਂ ਤੀਰ ਗਿਆ ਅੰਦਰ ਸੱਲਦਾ ਨੀ
ਮਾਰ ਘੱਸਿਆਂ ਦੇ ਜੁਸਾ ਝੱਗ ਕੀਤਾ ਜਦੋਂ ਜੋਰ ਮੁੱਕਾ ਪਿਛ੍ਹਾਂ ਹੱਲਦਾ ਨੀ
ਕਿਸੇ ਡਾਹਕੇ ਮੋਟੜਾ ਚੋ ਭਾਬੀ ਲੇ ਲਾਹ ਦਿੱਤਾ ਤੇਰੀ ਚੁੱਲ੍ਹਦਾ ਨੀ
ਕਮਰੀ ਹੋਇਕੇ ਸਰੂ ਤੇ ਲਏਂ ਝੂਟੇ ਜਿਹੜਾ ਬਾਗ ਦੇ ਵਿੱਚ ਸੀ ਝੁੱਲਦਾ ਨੀ
ਭਾਵੇਂ ਤਖਤ ਉੱਤੇ ਬੈਠਾ ਉਹ ਜੋਗੀ ਜਿਹੜਾ ਖਾਕ ਦੇ ਵਿੱਚ ਸੀ ਰੁੱਲਦਾ ਨੀ
ਤੇਰੀ ਅੱਜ ਉਮੈਦ ਦੀ ਕਲੀ ਖੁੱਲ੍ਹੀ ਠੂੰਗਾ ਠੀਕ ਲੱਗਾ ਬੁੱਲ ਬੁੱਲ ਦਾ ਨੀ
ਉਹ ਭੀ ਤੁੱਧ ਨੂੰ ਨਿੱਤ ਉਡੀਕਦਾ ਸੀ ਜਿਹੜਾ ਤੁੱਧ ਨੂੰ ਨਹੀਂ ਸੀ ਭੁੱਲ ਦਾ ਨੀ
ਮੱਥਾ ਅੱਜ ਤੇਰਾ ਖਿੜਿਆ ਫੁੱਲ ਵਾਂਗੂੰ ਹਿਸਾ ਲਿਆ ਸੁ ਬਾਗ ਦੇ ਫੁੱਲ ਦਾ ਨੀ