ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/294

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੮)

ਭਾਬੀ ਦੱਸ ਖਾਂ ਅਜ ਕੀ ਲੱਭਿਆ ਈ ਤੇਰਾ ਹੁਸਨ ਪਿਆ ਅੱਜ ਡੁੱਲ੍ਹਦਾ ਨੀ
ਭਾਵੇਂ ਅੱਜ ਫਵ੍ਹਾਰੜਾ ਬਾਗ ਛੁੱਟਾ ਤੇਰੀ ਨਹਿਰ ਦਾ ਨੀਰ ਉਛੱਲਦਾ ਨੀ
ਤੇਰੀ ਮਾੜੀ ਦੀ ਛੱਤ ਨੂੰ ਉਤਾਂਹ ਕੀਤਾ ਦੇ ਦੇ ਜ਼ੋਰ ਮੇਮਾਰ ਨੇ ਤੁੱਲਦਾ ਨੀ
ਉੱਤੋਂ ਟਪਿਆ ਅੱਜ ਜਵਾਨ ਭਾਵੇਂ ਬੰਨਾ ਡਿਗਾ ਏ ਤੇਰੀ ਪੜੁੁੱਲਦਾ ਨੀ
ਮਾਰੀ ਸ਼ੌਹ ਦਰਯਾ ਨੇ ਆਇ ਟੱਕਰ ਦਰਾ ਖੋਲ੍ਹ ਦਿੱਤਾ ਤੇਰੀ ਪੁੱਲ੍ਹਦਾ ਨੀ
ਤੇਰੀ ਅਤਰਦਾਨੀ ਖੂਬ ਭਰੀ ਗਾਂਧੀ ਵਿੱਚੋਂ ਅਤਰ ਪਿਆ ਭਾਬੀਏ ਡੁੱਲ੍ਹਦਾ ਨੀ
ਸ਼ੀਸ਼ੀ ਅਤਰ ਵਾਲੀ ਕਿੱਥੇ ਡੋਹਲੀਓ ਈ ਕੋਈ ਭਾ ਨਾ ਭੱਤੜਾ ਤੁੱਲਦਾ ਨੀ
ਤੇਰੇ ਸਿੱਪ ਤੇ ਬਰਸਿਆ ਅਬਰਨੀਸਾਂ ਪੈਦਾ ਗੌਹਰ ਹੋਸੀ ਵੱਡੇ ਮੁੱਲਦਾ ਨੀ
ਸਿੱਪ ਕਿਸੇ ਜਵਾਹਰੀ ਨੇ ਚੀਰ ਲਿਆ ਜਿਹੜਾ ਨਹੀਂ ਸੀ ਸੈਦੇ ਤੋਂ ਖੁੱਲ੍ਹਦਾ ਨੀ
ਬੇਲੀ ਮਿਲੇ ਵਿਛੁੰਨਿਆਂ ਬੇਲੀਆਂ ਨੂੰ ਹੋਯਾ ਕਰਮ ਹੈ ਰੱਬ ਰਸੂਲ ਦਾ ਨੀ
ਵਾਰਸਸ਼ਾਹ ਮੀਆਂ ਇਹ ਦੁਆ ਮੰਗੇ ਬਾਰਾ ਖੁੱਲ੍ਹ ਜਾਵੇ ਅੱਜ ਕੁੱਲ ਦਾ ਨੀ

ਹੀਰ ਨੇ ਰਾਇਬਾਂ ਸੈਰਫਾਂ ਨੂੰ ਜੁਵਾਬ ਦੇਣਾ

ਹੀਰ ਆਖਦੀ ਰਾਇਬਾਂ ਸੈਰਫਾਂ ਨੂੰ ਅੜੀਓ ਵੈਰ ਪਈਓ ਕਿੱਸ ਵਾਸਤੇ ਨੀ
ਛੇੜੋ ਨਾਂਹ ਗੋਲੀ ਖਸਮ ਪਿੱਟੜੀ ਨੂੰ ਮੈਥੋਂ ਟਲੋ ਨਾ ਰਬ ਦੇ ਵਾਸਤੇ ਨੀ
ਪਰਨੇਹਾਂ ਦਾ ਮੈਨੂੰ ਹੈ ਅਸਰ ਹੋਯਾ ਰੰਗ ਜ਼ਰਦ ਹੋਯਾ ਏਸ ਵਾਸਤੇ ਨੀ
ਛਾਪਾਂ ਖੁੱਬ ਗਈਆਂ ਗਲ੍ਹਾਂ ਮੇਰੀਆਂ ਤੇ ਦਾਗ ਪੈ ਗਿਆ ਚੁੱਭ ਵਰਾਸਤੇ ਨੀ
ਕੱਟੇ ਜਾਂਦੇ ਨੂੰ ਭੱਜ ਕੇ ਮਿਲੀ ਸਾਂ ਮੈਂ ਤਣੀਆਂ ਢਿੱਲੀਆਂ ਚੋਲੀ ਦੀਆਂ ਪਾਸਤੇ ਨੀ
ਰੁੁੰਨੀ ਅੱਥਰੂ ਡੁੱਲ੍ਹੀਆਂ ਮੁਖੜੇ ਤੇ ਖੁਲ੍ਹ ਗਏ ਤਤੋਲੜੇ ਪਾਸਤੇ ਨੀ
ਮੂਧੀ ਪਈ ਬਨੇਰੇ ਤੇ ਵੇਖਦੀ ਸਾਂ ਪੇਡੂ ਲਾਲ ਹੋਯਾ ਏਸ ਵਾਸਤੇ ਨੀ
ਸੁਰਖੀ ਹੋਠਾਂ ਦੀ ਆਪ ਮੈਂ ਚੂਸ ਲਈ ਰੰਗ ਉਡ ਗਿਆ ਏਸ ਵਾਸਤੇ ਨੀ
ਰਾਹ ਪੇਕਿਆਂ ਦੇ ਵੱਲੋਂ ਵੇਖਦੀ ਸਾਂ ਕੋਈ ਨਜ਼ਰ ਨਾ ਆਇਆ ਰਾਸਤੇ ਨੀ
ਕੱਟਾ ਘੁੱਟਿਆ ਵਿੱਚ ਗਲਵਕੜੀ ਦੇ ਡੂਕਾਂ ਲਾਲ ਹੋਈਆਂ ਆਸ ਪਾਸ ਤੇ ਨੀ
ਮੇਰੇ ਪੇਡੂ ਨੂੰ ਕੱਟੇ ਨੇ ਢੁੱਡ ਮਾਰੀ ਲਾਸਾਂ ਪੈ ਗਈਆਂ ਮੇਰੇ ਮਾਸ ਤੇ ਨੀ
ਮੇਰਾ ਛੱਡੋ ਖਿਆਲ ਸਹੇਲੀਓ ਨੀ ਹੀਰ ਆਖਦੀ ਰੱਬ ਦੇ ਵਾਸਤੇ ਨੀ
ਮੈਨੂੰ ਕਸਮ ਅੜੀਓ ਕੋਈ ਗੱਲ ਨਾਹੀਂ ਤੁਸੀਂ ਭੁੱਲੀਆਂ ਹੋਰ ਵਿਸ਼ਵਾਸ ਤੇ ਨੀ
ਵਾਰਸਸ਼ਾਹ ਮੈਂ ਪੁੱਜ ਗਰੀਬਣੀ ਹਾਂ ਕਿਉਂ ਆਖਦੇ ਲੋਕ ਮਹਾਸਤੇ ਨੀ

ਕਲਾਮ ਰਾਇਬਾਂ

ਭਾਬੀ ਅਖੀਆਂ ਦਾ ਰੰਗ ਰੱਤਵੰਨਾ ਤੈਨੂੰ ਹੁਸਨ ਚੜ੍ਹਿਆ ਅਨਿਆਉਂਦਾ ਨੀ
ਤੇਰਾ ਹੁਸਨ ਗੁਲਜ਼ਾਰ ਬਹਾਰ ਬਣਿਆ ਅੱਜ ਹਾਰ ਸ਼ਿੰਗਾਰ ਸਭ ਭਾਉਂਦਾ ਨੀ