ਪੰਨਾ:ਹੀਰ ਵਾਰਸਸ਼ਾਹ.pdf/296

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੦)

ਕਲਾਮ ਹੀਰ

ਕਿਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ ਖੁਆਰ ਕੀਤਾ ਜੇ ਮੈਂ ਨਿੱਘੜ ਜਾਂਦੜੀ ਨੂੰ
ਭਯਾ ਪਿੱਟੜੀ ਕਦੋਂ ਮੈਂ ਗਈ ਕਿੱਤੇ ਕਿਉਂ ਉਠਾਇਆ ਜੇ ਮੈਂ ਮੁਣਸ ਖਾਂਦੜੀ ਨੂੰ
ਕਿਉਂ ਲਾਹਕੇ ਘੁੰਡ ਬੁਲਾਇਆ ਜੇ ਚੁੱਪ ਕੀਤੜੀ ਤੇ ਸ਼ਰਮਾਂਦੜੀ ਨੂੰ
ਛੱਜ ਛਾਨਣੀ ਘੱਤ ਉਡਾਇਆ ਜੇ ਮਾਪੇ ਪਿੱਟਣੀ ਤੇ ਲੁੱੜ ਜਾਂਦੜੀ ਨੂੰ
ਸੈਦੇ ਖੇੜੇ ਦੇ ਢਿੱਡ ਵਿੱਚ ਸੂਲ ਹੋਯਾ ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ
ਵਾਰਸ ਹਾਲ ਦੇ ਮੁੱਢ ਕਦੀਮ ਜੇੜ੍ਹੇ ਕਰਨ ਮਿਹਰ ਦੀ ਨਜ਼ਰ ਦਰਮਾਂਦੜੀ ਨੂੰ

ਕਲਾਮ ਰਾਇਬਾਂ ਸ਼ੈਰਫ਼ਾਂ

ਕਿਸੇ ਹੋ ਬੇਦਰਦ ਲਗਾਮ ਦਿੱਤੀ ਅਡੀਆਂ ਵੱਖੀਆਂ ਵਿਚ ਚੁਭਾਈਆਂ ਨੀ
ਕਿਸੇ ਵੇਹਲਿਆਂ ਹੋ ਮੈਦਾਨ ਲੁੱਟਿਆ ਲਈਆਂ ਕਿਸੇ ਮਹਿਬੂਬ ਸਫ਼ਾਈਆਂ ਨੀ
ਸਿਆਹ ਕਾਲਿਆਂ ਹੋਠਾਂ ਤੇ ਲਹੂ ਲੱਗਾ ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੀ
ਦੁਖ ਦਰਦ ਤੇਰਾ ਅੱਜ ਦੂਰ ਹੋਯਾ ਮੁਲਾਕਾਤ ਜ਼ਿਆਰਤਾਂ ਪਾਈਆਂ ਨੀ
ਚਾਲਾਂ ਹੋਰਦੀਆਂ ਹੋਰ ਨਜ਼ਰ ਆਈਆਂ ਸਭੇ ਗਾਮ ਰਵਾਲ ਭੁਲਾਈਆਂ ਨੀ
ਅੱਜ ਦੌੜ ਹੋਈ ਭਾਵੇਂ ਬਾਗ ਅੰਦਰ ਨੇਜ਼ੇ ਬਾਜੀਆਂ ਖੂਬ ਕਰਾਈਆਂ ਨੀ
ਅੱਜ ਆ ਮਿਲਿਆ ਪਿਛਲਾ ਯਾਰ ਤੈਨੂੰ ਜਿੱਸ ਆਇਕੇ ਖੁਸ਼ੀਆਂ ਕਰਾਈਆਂ ਨੀ
ਵਾਰਸਸ਼ਾਹ ਮੀਆਂ ਹੋਣੀ ਹੋ ਰਹੀ ਹੁਣ ਕੇਹੀਆਂ ਰਿੱਕਤਾਂ ਚਾਈਆਂ ਨੀ

ਕਲਾਮ ਹੀਰ

ਲੁੜ੍ਹ ਗਈ ਜੇ ਮੈਂ ਰੱਤੜ ਪਾਟ ਚੱਲੀ ਕੁੜੀਆਂ ਪਿੰਡ ਦੀਆਂ ਅੱਜ ਦੀਵਾਨੀਆਂ ਨੀ
ਚੋਚੇ ਲਾਉਂਦੀਆਂ ਧੀਆਂ ਪਰਾਈਆਂ ਨੂੰ ਬੇਦਰਦ ਤੇ ਅੰਤ ਬੇਗਾਨੀਆਂ ਨੀ
ਐਬ ਧਰਨ ਬੇਐਬਾਂ ਨੂੰ ਪੁੱਜ ਕੇ ਨੀ ਫਿਰਨ ਹੁਸਨ ਦੇ ਨਾਲ ਦੀਵਾਨੀਆਂ ਨੀ
ਮੈਂ ਬੇਦੋਸ ਅਤੇ ਬੇਖਬਰ ਤਾਈਂ ਰੰਗ ਰੰਗ ਦੀਆਂ ਲਾਂਦੀਆਂ ਕਾਨੀਆਂ ਨੀ
ਮਸਤ ਫਿਰਨ ਉਨਮਾਦ ਦੇ ਨਾਲ ਭਰੀਆਂ ਟੇਡੀ ਚਾਲ ਚਲਨ ਮਸਤਾਨੀਆਂ ਨੀ
ਖੋਸ਼ਾਂ ਕੱਚੀਆਂ ਪੱਕੀਆਂ ਲੱਗੀਆਂ ਨੇ ਇਹੋ ਸੱਭ ਕਸ਼ਮੀਰ ਖੁਰਮਾਨੀਆਂ ਨੀ
ਸਭੇ ਵੱਡੀਆਂ ਨਿੱਕੀਆਂ ਇੱਕ ਰੱਸੇ ਖਹਿੜੇ ਪੈ ਗਈਆਂ ਉੱਠ ਜ਼ਨਾਨੀਆਂ ਨੀ
ਵਾਰਸਸ਼ਾਹ ਭੀ ਖੂਬ ਪਛਾਣਦਾ ਏ ਬਾਝ ਹੀਰ ਸ਼ੈਤਾਨ ਦੀਆਂ ਨਾਨੀਆਂ ਨੀ

ਕਲਾਮ ਰਾਇਬਾਂ ਸ਼ੈਰਫਾਂ

ਭਾਬੀ ਜਾਣਦੇ ਹਾਂ ਅਸੀਂ ਸੱਭ ਚਾਲੇ ਜੇੜ੍ਹੇ ਮੁੁੰਗ ਤੇ ਚਣੇ ਖਿੰਡਾਉਨੀ ਏਂ
ਆਪ ਖੇਡਦੀਏਂ ਕਿਸੇ ਚਾਲਿਆਂ ਨੂੰ ਸਾਨੂੰ ਮਸਤੀਆਂ ਚਾ ਬਣਾਉਨੀ ਏਂ
ਚੀਚੋ ਚੀਚ ਕੰਧਾਲੀਆਂ ਆਪ ਖੇਡੇਂ ਚਿੱਠੀ ਮਾਪਿਆਂ ਨਾਲ ਵਲਾਉਨੀ ਏਂ