ਪੰਨਾ:ਹੀਰ ਵਾਰਸਸ਼ਾਹ.pdf/299

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੩)

ਵਾਰਸਸ਼ਾਹ ਜ਼ੁਲਫ਼ਾਂ ਖ਼ਾਲ ਨੈਣ ਖ਼ੂਨੀ ਫੌਜਾਂ ਕਤਲ ਉੱਤੇ ਚਾ ਚਾੜ੍ਹੀਆਂ ਨੇ

ਮਾਕੂਲਾ ਸ਼ਾਇਰ

ਬਾਰਾਂ ਬਰਸ ਦੀ ਔੜ ਸੀ ਮੀਂਹ ਵੁੱਠਾ ਲੱਗਾ ਰੰਗ ਫਿਰ ਖੁਸ਼ਕ ਬਗ਼ੀਚਿਆਂ ਨੂੰ
ਫੌਜਦਾਰ ਤਗੱਯਰ ਬਹਾਲ ਹੋਯਾ ਬਾਝ ਤੰਬੂਆਂ ਅਤੇ ਗਲੀਚਿਆਂ ਨੂੰ
ਝੁੱਲੀ ਵਾਓ ਸਬਾ ਹੈ ਬੂਟਿਆਂ ਨੂੰ ਲੱਗੇ ਫੱਲ ਫਿਰ ਈਚਿਆਂ ਬੀਚਿਆਂ ਨੂੰ
ਬਦਲ ਫ਼ਜ਼ਲ ਦੇ ਜਦੋਂ ਆ ਵਰਸਦੇ ਨੇ ਪਾਣੀ ਪਹੁੰਚਦਾ ਉੱਚਿਆਂ ਨੀਚਿਆਂ ਨੂੰ
ਵਾਹੀਆਂ ਸੁੱਕੀਆਂ ਸਬਜ਼ ਨੇ ਫੇਰ ਹੋਈਆਂ ਏਸ ਹੁਸਨ ਜ਼ਮੀਨ ਨੂੰ ਸੀਚਿਆਂ ਨੂੰ
ਵਾਰਸ ਵਾਂਗ ਕਿਸ਼ਤੀ ਪਰੇਸ਼ਾਨ ਹਾਂ ਮੈਂ ਪਾਣੀ ਪਹੁੰਚਿਆ ਨੂਹ ਦੇ ਟੀਚਿਆਂ ਨੂੰ

ਕਲਾਮ ਹੀਰ ਦਾ ਸਹਿਤੀ ਨਾਲ

ਹਾਲ ਦਿਲੇ ਦਾ ਤੁੱਧ ਨੂੰ ਆਖਨੀ ਹਾਂ ਜਿਹੜਾ ਸਹਿਤੀਏ ਤੁੱਧ ਇਕਰਾਰ ਕੀਤਾ
ਦੰਮਾਂ ਬਾਝ ਗੁਲਾਮ ਮੈਂ ਸਹਿਤੀਏ ਨੀ ਸ਼ਾਹਦ ਹਾਲ ਦਾ ਰੱਬ ਜਬਾਰ ਕੀਤਾ
ਜਿਵੇਂ ਜਾਣਨੀਏਂ ਤਿਵੇਂ ਮੇਲ ਰਾਂਝਾ ਦਿੱਲ ਖੇੜਿਆਂ ਤੋਂ ਅਵਾਜ਼ਾਰ ਕੀਤਾ
ਕੱਢ ਖੇੜਿਆਂ ਤੋਂ ਰਾਂਝੇ ਨਾਲ ਮੇਲੀਂ ਜਾਨ ਲੱਖ ਹਜ਼ਾਰ ਪੁਕਾਰ ਕੀਤਾ
ਖੇੜੇ ਨਾਲ ਨਾ ਪਰਚਦਾ ਜੀਉ ਮੇਰਾ ਖਾਤਰ ਰਾਂਝੇ ਦੀ ਜਤਨ ਹਜ਼ਾਰ ਕੀਤਾ
ਰਾਂਝੇ ਨਾਲ ਹੁਣ ਮੇਲ ਮਿਲਾਵਣੇ ਦਾ ਵਾਰਸਸ਼ਾਹ ਨੇ ਅੱਜ਼ ਇਤਬਾਰ ਕੀਤਾ

ਕਲਾਮ ਸਹਿਤੀ ਹੀਰ ਨਾਲ

ਖਾਤਰ ਜਮ੍ਹਾ ਕਰ ਹੀਰ ਨੂੰ ਕਹੇ ਸਹਿਤੀ ਤੈਨੂੰ ਰਾਂਝੇ ਦੇ ਨਾਲ ਮਿਲਾਉਸਾਂ ਮੈਂ
ਅਸਮਾਨ ਤੇ ਜ਼ਿਮੀਂ ਦਾ ਮੇਲ ਕਰਸਾਂ ਬੇੜੀ ਰੇਤ ਦੇ ਵਿੱਚ ਤਰਾਉਸਾਂ ਮੈਂ
ਇਹ ਉਮਰ ਸਿਰ ਰੋਗ ਨਾ ਕਦੀ ਸੁਣਿਆ ਜਿਹਾ ਇਫ਼ਤਰਾ ਅੱਜ ਬਣਾਉਸਾਂ ਮੈਂ
ਨਵੇਂ ਸਿਰ ਕੋਈ ਮਕਰ ਫ਼ੈਲਾਇਕੇ ਤੇ ਮਾਉਂ ਬਾਪ ਦੀ ਸ਼ਰਮ ਲਹਾਉਸਾਂ ਮੈਂ
ਟਕਰਾਉਸਾਂ ਪਰਬਤਾਂ ਭਾਰਿਆਂ ਨੂੰ ਬਾਝ ਬੱਦਲਾਂ ਮੀਂਹ ਵਰ੍ਹਾਉਸਾਂ ਮੈਂ
ਵਾਰਸਸ਼ਾਹ ਅਚੰਭੜਾ ਨਵਾਂ ਹੋਯਾ ਗਲਾਂ ਜੱਗ ਜਹਾਨ ਸੁਣਾਉਸਾਂ ਮੈਂ

ਹੀਰ ਨਾਲ ਸਹਿਤੀ ਦੀ ਸਲਾਹ

ਸਹਿਤੀ ਹੀਰ ਦੇ ਨਾਲ ਪਕਾ ਮਸਲਤ ਵੱਡਾ ਮਕਰ ਫੈਲਾਇਕੇ ਬੋਲ ਦੀ ਏ
ਗਰਦਾਨ ਦੀ ਮਕਰ ਮਿਤਵੱਲਾਂ ਨੂੰ ਅਤੇ ਕਨਜ਼ ਫ਼ਰੇਬ ਦੀ ਖੋਲ੍ਹ ਦੀ ਏ
ਅਬਲੀਸ ਮਲਫ਼ੂਫ਼ ਖ਼ਨਾਸ ਵਿੱਚੋਂ ਲੈ ਰਵਾਇਤਾਂ ਜਾਇਜ਼ਾਂ ਬੋਲ ਦੀ ਏ
ਅਫ਼ਾਕੁੱਲ ਹਦੀਸ ਮਨਸੂਖ ਕੀਤੀ ਕਿਤਾਬ ਲਾਹਨ ਅੱਲਾ ਵਾਲੀ ਫੋਲ ਦੀ ਏ
ਤੇਰੇ ਯਾਦ ਫਿਕਰ ਦਿੱਨ ਰਾਤ ਮੈਨੂੰ ਜਾਨ ਮਾਪਿਆਂ ਦੇ ਵੱਲੋਂ ਡੋਲਦੀ ਏ
ਵਾਰਸਸ਼ਾਹ ਸਹਿਤੀ ਅੱਗੇ ਮਾਉਂ ਬੁੱਢੀ ਵੱਡੇ ਗ਼ਜ਼ਬ ਦੇ ਕੀਰਨੇ ਫੋਲਦੀ ਏ