ਪੰਨਾ:ਹੀਰ ਵਾਰਸਸ਼ਾਹ.pdf/301

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੪)

ਮੁਲਾਂ ਵੈਦ ਹਕੀਮ ਲੈ ਜਾਣ ਪੈਸੇ ਕੇਹੀਆਂ ਚੱਟੀਆਂ ਗ਼ੈਬ ਦੀਆਂ ਭਰਾਂਗੇ ਨੀ
ਮਾਰੇ ਬੋਲੀਆਂ ਪਈ ਰੰਜੂਹ ਰਹੇ ਅਸੀਂ ਏਸ ਹੀ ਦੁੱਖ ਵਿਚ ਮਰਾਂਗੇ ਨੀ
ਵਹੁਟੀ ਗੱਭਰੂ ਦੋਹਾਂ ਨੂੰ ਵਾੜ ਅੰਦਰ ਅਸੀਂ ਬਾਹਰੋਂ ਜੰਦਰਾ ਜੜਾਂਗੇ ਨੀ
ਸੈਦਾ ਢਾਹਕੇ ਏਸ ਤੋਂ ਲਏ ਲੇਖਾ ਅਸੀਂ ਚੀਕਣੋ ਮੂਲ ਨਾ ਡਰਾਂਗੇ ਨੀ
ਏਸ ਰੰਨ ਕੁਪੱਤੜੀ ਲੇਲਣੀ ਤੋਂ ਅਸੀਂ ਕਿੱਚਰਕ ਅੰਦਰੀਂ ਵੜਾਂਗੇ ਨੀ
ਸ਼ਰਮਿੰਦਗੀ ਜੱਗ ਦੀ ਜ਼ਰਾ ਸਹਿ ਕੇ ਮੂੰਹ ਪਰ੍ਹਾਂ ਨੂੰ ਹੋਰ ਦੇ ਕਰਾਂਗੇ ਨੀ
ਕਦੀ ਚਰਖੜਾ ਡਾਹ ਨਾ ਛੋਪ ਕੱਤੇ ਅਸੀਂ ਮੇਲ ਭੰਡਾਰ ਕੀ ਕਰਾਂਗੇ ਨੀ
ਵਾਰਸਸ਼ਾਹ ਸ਼ਰਮਿੰਦਗੀ ਏਸਦੀ ਤੋਂ ਅਸੀਂ ਡੁੱਬ ਕੇ ਖੂਹ ਵਿਚ ਮਰਾਂਗੇ ਨੀ

ਸਹਿਤੀ ਨੇ ਸਣੇ ਹੀਰ ਦੇ ਆਪਣੀ ਮਾਂ ਪਾਸ ਜਾਣਾ

ਅਜ਼ਰਾਈਲ ਇੱਕ ਉਮਰ ਅਯਾਰ ਦੂਜੀ ਹੀਰ ਚੱਲ ਕੇ ਸੱਸ ਤੇ ਆਉਂਦੀ ਏ
ਉਨਾਂ ਕੂਫ਼ਿਆਂ ਕੁਤਿਆਂ ਖਰਾਂ ਵਾਂਗੂੰ ਕਿੱਸੇ ਜੋੜ ਕੇ ਖੂਬ ਸੁਣਾਉਂਦੀ ਏ
ਸਹਿਤੀ ਨਾਲ ਮੈਂ ਜਾਇਕੇ ਖੇਤ ਵੇਖਾਂ ਪਈ ਅੰਦਰੇ ਉਮਰ ਵਿਹਾਉਂਦੀ ਏ
ਪਿਛੋਂ ਛਿੱਕਦੀ ਨਾਲ ਬਹਾਨਿਆਂ ਦੇ ਨੱਢੀ ਘੜੀ ਘੜੀ ਫੇਰੇ ਪਾਉਂਦੀ ਏ
ਸੱਸ ਹੀਰ ਦੀ ਗਲ ਸੁੱਣ ਚੁੱਪ ਹੋਈ ਕਾਈ ਗੱਲ ਨਾ ਮੂੰਹੋਂ ਅਲਾਉਂਦੀ ਏ
ਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ ਅਜਗੈਬ ਦੀ ਬਾਂਗ ਸੁਣਾਉਂਦੀ ਏ
ਚੱਲ ਭਾਬੀਏ ਵਾਉ ਜਹਾਨ ਦੀ ਲੈ ਬਾਹੋਂ ਹੀਰ ਨੂੰ ਪਕੜ ਉਠਾਉਂਦੀ ਏ
ਕਾਜ਼ੀ ਲਾਨਤੀ ਅੱਲਾ ਦਾ ਦੇਹ ਫ਼ਤਵਾ ਅਬਲੀਸ ਨੂੰ ਸਬਕ ਪੜ੍ਹਾਉਂਦੀ ਏ
ਵਾਂਗ ਬੁੱਢੀ ਇਮਾਮ ਨੂੰ ਜ਼ਹਿਰ ਦੇ ਕੇ ਪਿੱਛੋਂ ਹੋਣੀਆਂ ਆਖ ਭੁਲਾਉਂਦੀ
ਇਹਨੂੰ ਖੇਤ ਲੈ ਜਾਹ ਕਪਾਹ ਚੁਣੀਏਂ ਮੇਰੇ ਜੀਉ ਤਦਬੀਰ ਇਹ ਆਉਂਦੀ ਏ
ਵੇਖੋ ਮਾਉਂ ਨੂੰ ਧੀ ਵਲਾਇਕੇ ਤੇ ਕਿਹੀਆਂ ਫੋਕੀਆਂ ਰੂਮੀਆਂ ਲਾਉਂਦੀ ਏ
ਤਲੀ ਹੇਠ ਅੰਗਿਆਰ ਟਿਕਾ ਸਹਿਤੀ ਉੱਤੋਂ ਬਹੁਤ ਪਿਆਰ ਕਰਾਉਂਦੀ ਏ
ਸ਼ੇਖ ਸਾਅਦੀ ਦੇ ਫ਼ਲਕ ਨੂੰ ਖਬਰ ਨਾਹੀ ਜੀਕੂੰ ਰੋਇਕੇ ਫੰਧ ਚਲਾਉਂਦੀ ਏ
ਵੇਖ ਧੀ ਅੱਗੇ ਮਾਉਂ ਝੁਰਨ ਲੱਗੀ ਹਾਲ ਨੂੰਹ ਦਾ ਖੋਲ੍ਹ ਸੁਣਾਉਂਦੀ ਏ
ਇਹਦੀ ਪਈ ਦੀ ਉਮਰ ਵਿਹਾਉਂਦੀ ਏ ਜਾਰੀ ਰੋਂਵਦੀ ਤੇ ਪਲੂ ਪਾਉਂਦੀ ਏ
ਕਿਸੇ ਮਨ੍ਹਾ ਕੀਤਾ ਖੇਤ ਨਾ ਜਾਏ ਕਦਮ ਮੰਜੀਓਂ ਹੇਠ ਨਾ ਲਾਉਂਦੀ ਏ
ਦੁੱਖ ਜੀਉ ਦਾ ਖੋਲ੍ਹ ਸੁਣਾਉਂਦੀ ਏ ਪਿੰਡੇ ਸ਼ਾਹ ਜੀ ਦੇ ਹੱਥ ਲਾਉਂਦੀ ਏ
ਅਫਲਾਤੂਨ ਲੁਕਮਾਨ ਹਕੀਮ ਅੱਗੇ ਕਿੱਸਾ ਦਿਲੇ ਦਾ ਫੋਲ ਸੁਣਾਉਂਦੀ ਏ
ਸਹਿਤੀ ਆਇਕੇ ਹੀਰ ਦੀ ਕਰੇ ਮਿੰਨਤ ਨਾਲ ਦਿਲਬਰੀ ਬਾਤ ਜਤਾਉਂਦੀ ਏ