ਪੰਨਾ:ਹੀਰ ਵਾਰਸਸ਼ਾਹ.pdf/302

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੨੮੬)

ਹੀਰ ਸਹਿਤੀ ਦਾ ਆਖਿਆ ਮੰਨ ਲਿਆ ਸਹਿਤੀ ਮਾਉਂ ਨੂੰ ਜਾ ਕੁਰਲਾਉਂਦੀ ਏ
ਕੋਲ ਮਾਉਂ ਦੇ ਆਇਕੇ ਬੈਠ ਜਾਂਦੀ ਆਪੇ ਹੀਰ ਦੀ ਗੱਲ ਹਿਲਾਉਂਦੀ ਏ
ਕਿੱਸੇ ਛੇੜਦੀ ਨਾਲ ਮੁਹਬਤਾਂ ਦੇ ਗੱਲਾਂ ਮਿੱਠੀਆਂ ਨਾਲ ਵਲਾਉਂਦੀ ਏ
ਬਹੁਤ ਪਿਆਰ ਦੇ ਨਾਲ ਉਹ ਪੁੱਛਦੀ ਏ ਤੇਰੇ ਮਨ ਕਿਹੜੀ ਗੱਲ ਭਾਉਂਦੀ ਏ
ਹੀਰ ਆਖਦੀ ਏ ਮੈਨੂੰ ਮੇਲ ਰਾਂਝਾ ਮੇਰੇ ਦਿੱਲ ਖੁਸ਼ੀ ਇਹੋ ਆਉਂਦੀ ਏ
ਨਾਲੇ ਸਬਜੀਆਂ ਬਾਗ਼ ਵਿਖਾ ਮੈਨੂੰ ਅੰਦਰ ਬੈਠਿਆਂ ਜਾਨ ਘਬਰਾਉਂਦੀ ਏ
ਇਨਸਾਫ਼ ਦੇ ਲਈ ਗਵਾਹ ਕਰਕੇ ਵਾਰਸਸ਼ਾਹ ਨੂੰ ਪਾਸ ਬਹਾਉਂਦੀ ਏ

ਸਹਿਤੀ ਦੀਆਂ ਆਪਣੀ ਮਾਂ ਨਾਲ ਗੱਲਾਂ

ਸਹਿਤੀ ਮਾਉਂ ਨੂੰ ਆਖਦੀ ਸੁਣੀ ਮਾਏ ਕਿੱਸ ਵਾਸਤੇ ਜੀਉ ਤਪਾਉਂਨੀ ਏਂ
ਨੂੰਹ ਲਾਲ ਜਿਹੀ ਅੰਦਰ ਘੱਤੀਆ ਈ ਪਰਖ ਬਾਝ ਤੂੰ ਲਾਲ ਵੰਞਾਉਂਨੀ ਏਂ
ਤੇਰੀ ਇਹ ਫੋਲੇਲੜੀ ਪਦਮਣੀ ਏਂ ਵਾਉ ਲੈਣ ਖੁਣੋਂ ਕਿਉਂ ਗਵਾਉਂਨੀ ਏਂ
ਪਈ ਅੰਦਰੇ ਹੋ ਬੀਮਾਰ ਚੱਲੀ ਜਾਣ ਬੁੱਝ ਕੇ ਦੁੱਖ ਵਧਾਉਨੀ ਏਂ
ਭਾਵੇਂ ਪਈ ਰਹੇ ਦਿਨੇ ਰਾਤ ਅੰਦਰ ਨਾਲ ਸ਼ੌਕ ਦੇ ਨਾਂਹ ਬੁਲਾਉਂਦੀ ਏ
ਇਹ ਫੁੱਲ ਗੁਲਾਬ ਦਾ ਗੁੱਟ ਅੰਦਰ ਪਈ ਦੁੱਖੜੇ ਨਾਲ ਸੁਕਾਉਨੀ ਏਂ
ਅੱਠੇ ਪਹਿਰ ਹੀ ਤਾੜਕੇ ਵਿੱਚ ਕੋਠੇ ਪਤਰ ਪਾਨਾਂ ਦੇ ਪਈ ਸੁਕਾਉਨੀ ਏਂ
ਵਾਰਸ ਧੀ ਸਿਆਲਾਂ ਦੀ ਮਾਰਨੀ ਏਂ ਦੱਸ ਆਪ ਨੂੰ ਕੌਣ ਸਦਾਉਨੀ ਏਂ

ਸਹਿਤੀ ਨੇ ਆਪਣੀ ਮਾਉਂ ਅਗੇ ਹੀਰ ਦੀ ਫਰਮਾਇਸ਼ ਕਰਨੀ

ਨੂੰਹਾਂ ਹੋਂਦੀਆਂ ਖਿਆਲ ਜੋ ਪੇਖਨੇ ਦਾ ਮਾਨ ਮੱਤੀਆਂ ਬੂਹੇ ਦੀਆਂ ਮਹਿਰੀਆਂ ਨੇ
ਪਰੀ ਮੂਰਤੋਂ ਚਿਤਰਦੀਆਂ ਚੰਦਰਾਣੀ ਇੱਕ ਮੋਮ ਤਬ੍ਹਾ ਇਕ ਨਹਿਰੀਆਂ ਨੇ
ਇੱਕ ਕਰਮ ਦੇ ਬਾਗ ਦੀਆਂ ਮੋਰਨੀਆਂ ਇੱਕ ਨਰਮ ਮਲੂਕ ਇਕ ਜ਼ਹਿਰੀਆਂ ਨੇ
ਅੱਛਾ ਖਾਣ ਪੀਵਣ ਲਾਡ ਨਾਲ ਚੱਲਣ ਲੈਣ ਦੇਣ ਦੇ ਵਿੱਚ ਲਡਹਿਰੀਆਂ ਨੇ
ਬਾਹਰ ਫਿਰਨ ਜੋ ਬਾਹਰ ਦੀਆਂ ਵਾਹਣਾਂ ਨੇ ਸ਼ਰਮ ਵਿਚ ਬਹਾਲੀਆਂ ਸ਼ਹਿਰੀਆਂ ਨੇ
ਵਾਰਸਸ਼ਾਹ ਇਕ ਹੁਸਨ ਗ਼ੁਲਾਮ ਲੱਦੇ ਅੱਖੀਂ ਨਾਲ ਗ਼ੁਲਾਮ ਦੇ ਗਹਿਰੀਆਂ ਨੇ

ਸਹਿਤੀ ਨੂੰ ਮਾਉਂ ਨੇ ਹੀਰ ਦੇ ਬਾਹਰ ਲੈ ਜਾਣ ਵਾਸਤੇ ਛੁੱਟੀ ਦੇਣੀ

ਜਾਇ ਮੰਜਿਓਂ ਉੱਠ ਕੇ ਕਿਵੇਂ ਤਿਲਕੇ ਹੀਰ ਪੈਰ ਹਲਾਇਕੇ ਚੁਸਤ ਹੋਵੇ
ਵਾਂਗ ਰੋਗੀਆਂ ਰਾਤ ਦਿਨ ਰਹੇ ਢੱਠੀ ਕਿਵੇਂ ਹੀਰ ਬੀਬੀ ਤੰਦੱਰੁਸਤ ਹੋਵੇ
ਪਲੰਘੋਂ ਉੱਤਰੇ ਕਦਮ ਹਿਲਾ ਬਹੇ ਕਿਸੇ ਨਾਲ ਉਹਦੀ ਗੱਲ ਗੁਫ਼ਤ ਹੋਵੇ
ਇਹ ਤਾਂ ਅੰਦਰੋਂ ਅੰਦਰੇ ਖਾਖੜੀ ਏ ਦਿਨ ਰਾਤ ਮੈਨੂੰ ਇਹੋ ਖੁਸਤ ਹੋਵੇ
ਪੈਰਾਂ ਹੇਠ ਮੈਂ ਹੱਥ ਟਿਕਾਉਨੀ ਹਾਂ ਐਪਰ ਇਹ ਨਾ ਦਿਲੋਂ ਦਰੁੱਸਤ ਹੋਵੇ