ਪੰਨਾ:ਹੀਰ ਵਾਰਸਸ਼ਾਹ.pdf/305

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੯)

ਅਗੋਂ ਮਾਉਂ ਭੀ ਸਹਿਤੀ ਨੂੰ ਸਭ ਵਿਰਥਾ ਦੁੱਖ ਆਪਣਾ ਫੋਲ ਸੁਣਾਉਂਦੀ ਏ
ਵਾਰਸਸ਼ਾਹ ਨੂੰ ਪਾਸ ਬਹਾਇਕੇ ਤੇ ਧੀ ਆਪਣੀ ਨੂੰ ਸੱਮਝਾਉਂਦੀ ਏ

ਸਹਿਤੀ ਦੀ ਸਲਾਹ ਸਹੇਲੀਆਂ ਨਾਲ

ਮਤਾ ਕਰਦਿਆਂ ਗੁੱਜ਼ਰੀ ਰਾਤ ਅੱਧੀ ਤਾਰੇ ਗਿਣਦਿਆਂ ਸੱਭ ਉਦਮਾਦੀਆਂ ਨੇ
ਗਿੱਧਾ ਪਾਂਦੀਆਂ ਘੁੰਮਰਾਂ ਮਾਰਦੀਆਂ ਜਿਹੀਆਂ ਹੋਣ ਮੁਟਯਾਰਾਂਦੀਆਂ ਵਾਦੀਆਂ ਨੇ
ਨਖਰੇਲਨਾਂ ਇੱਕ ਨੱਕ ਤੋੜਨਾ ਸਨ ਇੱਕ ਭੋਲੀਆਂ ਸਿੱਧੀਆਂ ਸਾਧੀਆਂ ਨੇ
ਇੱਕ ਨੇਕਬਖਤਾਂ ਇੱਕ ਬੇਜ਼ਬਾਨਾਂ ਇੱਕ ਲੁੱਚੀਆਂ ਤੇ ਮਾਲਜ਼ਾਦੀਆਂ ਨੇ
ਸਭੇ ਆਪਣੇ ਆਪ ਵਿੱਚ ਹਾਲ ਮਸਤਾਂ ਬਾਦਸ਼ਾਹਾਂ ਵਾਂਗੂੰ ਸਾਹਿਬਜ਼ਾਦੀਆਂ ਨੇ
ਵਾਰਸਸ਼ਾਹ ਮੀਆਂ ਇੱਕ ਹੀਰ ਬਾਝੋਂ ਹੋਰ ਸੱਭ ਸ਼ੈਤਾਨ ਦੀਆਂ ਦਾਦੀਆਂ ਨੇ

ਸਹੇਲੀਆਂ ਨੇ ਇਕ ਦੂਜੀ ਪਾਸ ਹਾਲ ਜ਼ਾਹਰ ਕਰਨਾ

ਗੰਢ ਫੇਰ ਰਾਤੀਂ ਵਿੱਚ ਖੇੜਿਆਂ ਦੇ ਘਰੋ ਘਰੀ ਵਿਚਾਰ ਵਿਚਾਰਿਓ ਨੇ
ਭਲਕੇ ਖ਼ੂਹ ਤੇ ਜਾਇਕੇ ਕਰੋ ਕੁਸ਼ਤੀ ਇੱਕ ਦੂਸਰੇ ਨੂੰ ਖ਼ਮ ਮਾਰਿਓ ਨੇ
ਚਲੋ ਚੱਲ ਹੀ ਕਰਨ ਛਨਾਲ ਬਾਜਾਂ ਸਭੋ ਕੰਮ ਤੇ ਕਾਜ ਵਿਸਾਰਿਓ ਨੇ
ਬਾਜ਼ੀ ਦਿੱਤੀਆ ਨੇ ਪਿਉ ਬੁੱਢਿਆਂ ਨੂੰ ਲਤਾਂ ਮਾਵਾਂ ਦੇ ਮੂੰਹ ਤੇ ਮਾਰਿਓ ਨੇ
ਸ਼ੈਤਾਨ ਦੀਆਂ ਲਸ਼ਕਰਾਂ ਫੈਲ ਸੂਫ਼ਾਂ ਬਿਨਾਂ ਆਤਸ਼ੀ ਫੱਨ ਖਿਲਾਰਿਓ ਨੇ
ਗਿਲਤੀ ਮਾਰ ਲੰਗੋਟੜੇ ਵਟ ਟੁਰੀਆਂ ਸੱਭੋ ਕੱਪੜਾ ਲੱਤੜਾ ਝਾੜਿਓ ਨੇ
ਸਭ ਭੰਨ ਭੰਡਾਰ ਉਜਾੜ ਛੋਪਾਂ ਸਣੇ ਪੂਣੀਆਂ ਪਿੜੇ ਨੂੰ ਸਾੜਿਓ ਨੇ
ਤੰਗ ਖਿੱਚ ਤਿਆਰ ਅਸਵਾਰ ਹੋਈਆਂ ਕੰਡਿਆਲੜੇ ਘੋੜੀਆਂ ਚਾੜ੍ਹਿਓ ਨੇ
ਰਾਤੀਂ ਲਾ ਮਹਿੰਦੀ ਦਿਨੇ ਪਾ ਸੁਰਮੇਂ ਗੰਦ ਚੂੂੰਡੀਆਂ ਕੰਮ ਸ਼ਿੰਗਾਰਿਓ ਨੇ
ਤੇੜ ਲੁੰਙੀਆਂ ਠੋਕਰਾਂ ਦੇਣ ਪਿੱਛੋਂ ਚੁਣ ਕੰਨੀਆਂ ਲੜਾਂ ਨੂੰ ਝਾੜਿਓ ਨੇ
ਕਜਲ ਪੂਛਲਾਂ ਵਾਲੜਾ ਵਿਆਹੀਆਂ ਦੇ ਹੋਠੀਂ ਸੁਰਖ ਦੰਦਾਸੜਾ ਚਾੜਿਓ ਨੇ
ਜ਼ੁਲਫਾਂ ਪਲਮ ਪਈਆਂ ਗੋਰੇ ਮੁੱਖੜੇ ਤੇ ਲਾ ਬਿੰਦੀਆਂ ਹੁਸਨ ਉਘਾੜਿਓ ਨੇ
ਗਲ੍ਹ ਠੋਡੀਆਂ ਤੇ ਬਣੇ ਖਾਲ ਦਾਣੇ ਰੜੇ ਹੁਸਨ ਨੂੰ ਚਾ ਨਿਤਾਰਿਓ ਨੇ
ਖੋਲ੍ਹ ਛਾਤੀਆਂ ਹੁਸਨ ਦੇ ਕੱਢ ਲਾਟੂ ਵਾਰਸਸ਼ਾਹ ਨੂੰ ਚਾ ਉਜਾੜਿਓ ਨੇ

ਕਲਾਮ ਸ਼ਾਇਰ

ਦੇ ਦੁਆਈਆਂ ਰਾਤ ਮੁਕਾ ਬੈਠੀ ਦੇਖੋ ਹੋਵਣੀ ਕਰੇ ਸ਼ਤਾਬੀਆਂ ਨੇ
ਜੇੜ੍ਹੀ ਹੋਵਣੀ ਗੱਲ ਸੋ ਹੋ ਰਹੀ ਸੱਭੇ ਹੋਵਣੀ ਦੀਆਂ ਖਰਾਬੀਆਂ ਨੇ
ਏਸ ਹੋਵਣੀ ਸ਼ਾਹ ਫਕੀਰ ਕੀਤੇ ਪੁੰਨੂੰ ਜਿਹਾਂ ਨੂੰ ਕਰੇ ਸ਼ਰਾਬੀਆਂ ਨੇ
ਮਜਨੂੰ ਜਿਹਾਂ ਦੇ ਨਾਮ ਮਦਜ਼ੂਬ ਹੋਏ ਸਾਹਿਬਜ਼ਾਦਿਆਂ ਕਰੇ ਖਰਾਬੀਆਂ ਨੇ