ਪੰਨਾ:ਹੀਰ ਵਾਰਸਸ਼ਾਹ.pdf/306

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੦)

ਮਾਸ਼ੂਕ ਨੂੰ ਬੇਪਰਵਾਹ ਕਰਕੇ ਦੇਣ ਆਸ਼ਕਾਂ ਰਾਤ ਅਜ਼ਾਬੀਆਂ ਨੇ
ਹੋਣੀ ਹਸਨ ਹੁਸੈਨ ਇਮਾਮ ਕੁੱਠੇ ਹੋਣੀ ਕੀਤੀਆਂ ਬਹੁਤ ਖ਼ਰਾਬੀਆਂ ਨੇ
ਸਹਿਤੀ ਹੀਰ ਨੂੰ ਘੇਰਿਆ ਵੇਖ ਹੋਣੀ ਬਾਝ ਆਪਣੇ ਯਾਰ ਬੇਤਾਬੀਆਂ ਨੇ
ਅਲੀ ਜਿਹਾਂ ਨੂੰ ਕਤਲ ਗ਼ੁਲਾਮ ਕੀਤਾ ਖ਼ਬਰ ਹੋਈ ਨਾ ਮੂਲ ਅਸਾਹਬੀਆਂ ਨੇ
ਕੁੜੀਆਂ ਪਿੰਡ ਦੀਆਂ ਬੈਠਕੇ ਮਤਾ ਕੀਤਾ ਲੁੱਟੀ ਅੱਜ ਕੰਧਾਰ ਪੰਜਾਬੀਆਂ ਨੇ
ਵਾਰਸਸ਼ਾਹ ਮੀਆਂ ਫਲ੍ਹੇ ਖੇੜਿਆਂ ਦੇ ਜਮਾਂ ਆਣ ਹੋਈਆਂ ਹੋਰ ਬਾਬੀਆਂ ਨੇ

ਕਲਾਮ ਸ਼ਾਇਰ

ਇੱਕ ਇਸ਼ਕ ਦੇ ਫਿੱਤਰੇ ਲਖ ਕਟਣ ਬਹੁਤ ਔਖੀਆਂ ਯਾਰਾਂ ਦੀਆਂ ਯਾਰੀਆਂ ਨੇ
ਕੇਡਾ ਪਾੜਨਾ ਪਾੜਿਆ ਇਸ਼ਕ ਪਿੱਛੇ ਸੱਦ ਘੱਲੀਆਂ ਸੱਭ ਕੁਆਰੀਆਂ ਨੇ
ਇਨ੍ਹਾਂ ਰਾਜੇ ਤੇ ਰਾਣੇ ਫ਼ਕੀਰ ਕੀਤੇ ਅਸੀਂ ਕੈਂਦੀਆਂ ਪੱਨਘਟ ਹਾਰੀਆਂ ਨੇ
ਕੋਈ ਹੀਰ ਨੇ ਨਵਾਂ ਨਾਂ ਇਸ਼ਕ ਕੀਤਾ ਇਸ਼ਕ ਕੀਤਾ ਹੈ ਖ਼ਲਕਤਾਂ ਸਾਰੀਆਂ ਨੇ
ਏਸ ਇਸ਼ਕ ਨੇ ਵੇਖਾਂ ਫ਼ਰਹਾਦ ਕੁੱਠਾ ਕੀਤੀਆਂ ਯੂਸਫੇ ਨਾਲ ਖੁਆਰੀਆਂ ਨੇ
ਰੋਡਾ ਵੱਢ ਕੇ ਡੱਕਰੇ ਨਦੀ ਪਾਇਆ ਤੇ ਜਲਾਲ ਨੇ ਅੱਖੀਂ ਉਘਾੜੀਆਂ ਨੇ
ਏਸ ਲੇਲੀ ਦੇ ਇਸ਼ਕ ਮਲੰਗ ਕੀਤਾ ਮਜਨੂੰ ਛੱਡ ਬੈਠਾ ਸਰਦਾਰੀਆਂ ਨੇ
ਮਯਾਰ ਨੂੰ ਇਸ਼ਕ ਨੇ ਤੰਗ ਕੀਤਾ ਕਿਹੀਆਂ ਪਈਆਂ ਮੁਸੀਬਤਾਂ ਭਾਰੀਆਂ ਨੇ
ਜ਼ੁਲੈਖਾਂ ਛਡ ਬਾਦਸ਼ਾਹੀਆਂ ਪਈ ਝੁਗੀ ਇਸ ਇਸ਼ਕ ਦੀਆਂ ਇਹ ਖੁਆਰੀਆਂ ਨੇ
ਮਜਨੂੰ ਜਿਹੇ ਭੀ ਸੁੱਕ ਕੇ ਕਾਠ ਹੋਏ ਸਿਰ ਖਾਧੀਆਂ ਇਸ਼ਕ ਕੁਹਾੜੀਆਂ ਨੇ
ਇਸ਼ਕ ਸੋਹਣੀ ਜੈਸੀਆਂ ਸੂਰਤਾਂ ਭੀ ਡੋਬ ਵਿੱਚ ਦਰਯਾ ਦੇ ਮਾਰੀਆਂ ਨੇ
ਮਿਰਜ਼ੇ ਜਿਹੀਆਂ ਸੂਰਤਾਂ ਸਵੀ ਸੰਝੀਂ ਅੱਗ ਲਾਇਕੇ ਬਾਰ ਵਿਚ ਸਾੜੀਆਂ ਨੇ
ਵੇਖ ਬੂਬਨਾਂ ਮਾਰਵਨ ਕਹਿਰ ਕੀਤਾ ਹੋਰ ਕਈ ਕਰ ਚੁੱਕੀਆਂ ਯਾਰੀਆਂ ਨੇ
ਸਸੀ ਜਿਹੀਆਂ ਸੂਰਤਾਂ ਵਿੱਚ ਥੱਲਾਂ ਏਸ ਇਸ਼ਕ ਰੁਲਾਇਕੇ ਮਾਰੀਆਂ ਨੇ
ਇਸ਼ਕ ਬਦਰੇ ਨਜ਼ੀਰ ਖੁਆਰ ਕੀਤਾ ਰੁੱਲੇ ਮਲਕਜ਼ਾਦੇ ਵਿੱਚ ਬਾਰੀਆਂ ਨੇ
ਅਤੇ ਬੇਨਜ਼ੀਰ ਨੂੰ ਖੂਹ ਪਾਯਾ ਕਈ ਖੂਹਣੀਆ ਇਸ਼ਕ ਨਿਘਾਰੀਆਂ ਨੇ
ਜਿਥੇ ਇਸ਼ਕ ਦਰਯਾ ਦੀ ਮੌਜ ਆਵੇ ਓਥੇ ਔਖੀਆਂ ਤਰਨੀਆਂ ਤਾਰੀਆਂ ਨੇ
ਜਿਨ੍ਹਾਂ ਇਸ਼ਕ ਤੋਂ ਜਾਨ ਕੁਰਬਾਨ ਕੀਤੀ ਉਨ੍ਹਾਂ ਬਖਸ਼ੀਆਂ ਰੱਬ ਸਰਦਾਰੀਆਂ ਨੇ
ਇਸ਼ਕ ਬਹਿਰ ਦੇ ਵਿੱਚ ਗਰਕਾਬ ਹੋਵੇ ਤਦੋਂ ਮਿਲਣ ਹਜ਼ੂਰ ਦਰਬਾਰੀਆਂ ਨੇ
ਵਾਰਸਸ਼ਾਹ ਜਹਾਨ ਦੇ ਚਲਣ ਨਿਆਰੇ ਅਤੇ ਇਸ਼ਕ ਦੀਆਂ ਧਜਾਂ ਨਿਆਰੀਆਂ ਨੇ

ਸਹਿਤੀ ਨੇ ਸ਼ਾਮ ਵੇਲੇ ਸਹੇਲੀਆਂ ਨੂੰ ਬੁਲਾਉਣਾ

ਸ਼ਾਮ ਵਕਤ ਸਹਿਤੀ ਚੜ੍ਹ ਸੱਦ ਕੀਤਾ ਅਨੀ ਸੁਣੋ ਭੈਣਾਂ ਵਾਰੋ ਵਾਰੀਏ ਨੀ