ਪੰਨਾ:ਹੀਰ ਵਾਰਸਸ਼ਾਹ.pdf/307

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੧)

ਕੰਮੋ ਮੋਚਨੇ ਸੋਮਣੇ ਮਾਛਣੇ ਨੀ ਬਖਤਾਉਰੇ ਸਮਝ ਲੁਹਾਰੀਏ ਨੀ
ਸਾਲੋ ਚੂੜ੍ਹੀਏ ਤਾਜੋ ਬਰਵਾਲੀਏ ਨੀ ਖਬਰਦਾਰ ਕੁੜੀਏ ਸੁਨਿਆਰੀਏ ਨੀ
ਤਰਖਾਣੀਏ ਬਖਤ ਸੁਆਣੀਏਂ ਨੀ ਤੇ ਸਲਾਮਤੇ ਛੈਲ ਮਲਹਾਰੀਏ ਨੀ
ਅਲਾ ਰੱਖੀਏ ਧੋਬਣੇ ਨਾਲ ਸੋਹਜੇ ਲਿਆਵੀਂ ਨਾਲ ਸੱਤੋ ਘਮਿਆਰੀਏ ਨੀ
ਸਾਹਿਬਜ਼ਾਦੀਏ ਨਾਇਣੇ ਹੋਸ਼ ਰੱਖੀਂ ਭੈਣਾਂ ਭਾਗ ਭਰੀਏ ਮਨਹਾਰੀਏ ਨੀ
ਮੀਰਾਂ ਬਖਸ਼ੀਏ ਸੁਘੜ ਮਰਾਸਨੇ ਨੀ ਸੰਗ ਸਾਥ ਨਹੀਂ ਕਾਰੇ ਹਾਰੀਏ ਨੀ
ਸਭਰਾਈਏ ਤੇਲਣੇ ਬੇਲਣੇ ਨੀ ਨੰਦੋਂ ਝੀਉਰੀਏ ਸੋਝ ਸਵਾਰੀਏ ਨੀ
ਗੱਲ ਸਮਝ ਵਲਾਇਤੇ ਕਸਬ ਦਾਰੇ ਰੰਗੋ ਵਾਗਣੇ ਰੰਗ ਮੁਟਿਆਰੀਏ ਨੀ
ਸੁਣ ਖੈਰੀਏ ਗੱਲ ਮੁਹਾਇਣੇ ਨੀ ਬੇੜੀ ਅਕਲ ਦੀ ਪਾਰ ਉਤਾਰੀਏ ਨੀ
ਕੁੜੀਏ ਸਾਰੀਏ ਰਾਜੀਏ ਉਰੇ ਆਓ ਪਰਿਓਂ ਸੱਦ ਕਰੀਂ ਠਰਠਾਰੀਏ ਨੀ
ਭਾਬੀ ਸੱਤ ਭਰਾਈਏ ਦੌਲਤੇ ਨੀ ਜਰਾ ਸਮਝ ਆਉਣਾ ਘਰ ਬਾਰੀਏ ਨੀ
ਵਕਤ ਸੁਬ੍ਹਾ ਦੇ ਅਸਾਂ ਵੱਲ ਆਉਣਾ ਜੇ ਦੇਕੇ ਆਪਣੀਂ ਘਰੀਂ ਬੁਹਾਰੀਏ ਨੀ
ਲਾਵਣ ਫੇਰਨੀ ਵਿੱਚ ਕਪਾਹ ਭੈਣਾਂ ਕਾਈ ਨੇਕ ਸਲਾਹ ਚਿਤਾਰੀਏ ਨੀ
ਏਸ ਗੱਲ ਦਾ ਫ਼ਿਕਰ ਜੇ ਸਾਰੀਆਂ ਨੂੰ ਏਸ ਕੰਮ ਨੂੰ ਬੈਠ ਵਿਚਾਰੀਏ ਨੀ
ਗੱਡੇ ਚੜ੍ਹੇ ਵਾਰਸ ਦਿੱਨ ਢੇਰ ਹੋਏ ਹੁਣ ਨਵੇਂ ਹੀ ਮਹਿਲ ਉਸਾਰੀਏ ਨੀ

ਸਹੇਲੀਆਂ ਦੀ ਤਿਆਰੀ

ਸੁਬ੍ਹਾਚਲਣਾਖੇਤ ਇਕਰਾਰ ਹੋਯਾ ਕੁੜੀਆਂ ਮਾਵਾਂ ਦੀਆਂ ਕਰਨ ਦਿਲਦਾਰੀਆਂ ਨੇ
ਆਪੋ ਆਪਣੇ ਥਾਂ ਤਿਆਰ ਹੋਈਆਂ ਜੋ ਕੁਆਰੀਆਂ ਤੇ ਵਿਆਹੀਆਂ ਸਾਰੀਆਂ ਨੇ
ਰੋਜੇਦਾਰ ਨੂੰ ਈਦ ਦਾ ਚਾ ਚੜ੍ਹਿਆ ਜਿਵੇਂ ਹਾਜੀਆਂ ਹੱਜ ਤਿਆਰੀਆਂ ਨੇ
ਜਿਵੇਂ ਵਿਆਹ ਦੀ ਖੁਸ਼ੀ ਦਾ ਚਾ ਚੜ੍ਹਦਾ ਅਤੇ ਮਿਲਣ ਮੁਬਾਰਕਾਂ ਕੁਆਰੀਆਂ ਨੇ
ਕਈ ਸਾਉਲੀਆਂ ਸੋਹਣੀਆਂ ਰੰਗ ਭਰੀਆਂ ਕਈ ਭੋਲੜੇ ਮੁੱਖ ਵਿਚਾਰੀਆਂ ਨੇ
ਇਕ ਹੈਣ ਅਸੀਲ ਨਾ ਬੋਲਦੀਆਂ ਨੇ ਇੱਕ ਬਾਂਕੀਆਂ ਖਚਰੀਆਂ ਡਾਰੀਆਂ ਨੇ
ਥਾਓਂ ਥਾਈਂ ਉਹ ਚਾਕਾਂ ਦੇ ਨਾਲ ਭੁੜਕਣ ਮਥੇ ਚੂੰਡੀਆਂ ਅਤੇ ਮੁਟਿਆਰੀਆਂ ਨੇ
ਹੋਰ ਲਾਗਣਾਂ ਸਭ ਹਮਰਾਹ ਹੋਈਆਂ ਕਾਰੇ ਕਰਨ ਸਭੇ ਕਾਰੇਹਾਰੀਆਂ ਨੇ
ਘੋੜੇ ਛੁਟੇ ਅਯਾਰ ਜਿਉਂ ਫਿਰਨ ਨਚਦੇ ਚਲਣ ਟੇਢੜੀ ਚਾਲ ਸੁਨਿਆਰੀਆਂ ਨੇ
ਖਤਰੇਟੀਆਂ ਅਤੇ ਬਮਣੇਟੀਆਂ ਨੇ ਖੂਬ ਜੱਟੀਆਂ ਨਾਲ ਮੁਨਿਆਰੀਆਂ ਨੇ
ਜਿਨ੍ਹਾਂ ਚੰਦ ਜਿਹੇ ਮੁੱਖ ਸ਼ੋਖ ਨੈਣਾਂ ਚੰਨਣ ਜਿਹੇ ਸਰੀਰ ਸਵਾਰੀਆਂ ਨੇ
ਚਲੋ ਚੱਲ ਹੱਲ ਚੱਲ ਧੜਾਧੜ ਖੁਸ਼ੀਆਂ ਨਾਲ ਨਚਦੀਆਂ ਸਭ ਮਨਹਾਰੀਆਂ ਨੇ