ਪੰਨਾ:ਹੀਰ ਵਾਰਸਸ਼ਾਹ.pdf/309

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੩)

ਬੀਬੀ ਰਾਣੀ ਅਰਾਇਣਭੀ ਦੌੜ ਆਈ ਖਾਨੋਂ ਛੀਂਬੀ ਪਿਛੋਂ ਸੱਦ ਲਿਆਉਂਦੀ ਏ
ਆਈ ਬਿਲੋ ਘਸੀਟੀ ਤੇ ਤੋਤਲਾਂ ਭੀ ਨਾਲੇ ਨੰਦੋ ਕਮੋਣੀ ਭੀ ਆਉਂਦੀ ਏ
ਰੋਸ਼ਨ ਬੀਬੀ ਮਰਾਸਣ ਭੀ ਆਣ ਪਹੁੰਚੀ ਬੀਬੀ ਤੇਲਨ ਪਿਛੋਂ ਚੱਲ ਆਉਂਦੀ ਏ
ਖੋਜੀ ਉਮਰੋ ਬੀਬੀ ਆਈ ਸ਼ੋਰ ਕਰਦੀ ਚੂੜ੍ਹੀ ਸਾਂਸਿਆਨੀ ਚੱਲੀ ਆਉਂਦੀ ਏ
ਇਕੋ ਜੇਡਾ ਈ ਸੰਗ ਸਹੇਲੀਆਂ ਦਾ ਇੱਕ ਦੂਈ ਨੂੰ ਗੱਲ ਸਮਝਾਉਂਦੀ ਏ
ਹੋਰ ਸਭ ਜਾਤਾਂ ਜਮ੍ਹਾਂ ਆਣ ਹੋਈਆਂ ਮੈਥੋਂ ਗਿਣਤੀ ਨਾ ਉਨ੍ਹਾਂ ਦੀ ਆਉਂਦੀ ਏ
ਵਾਰਸਸ਼ਾਹ ਚੱਲ ਖੇਤ ਵਿਖਾ ਲਿਆਈਏ ਸਹਿਤੀ ਹੋਰ ਹੁਣ ਮਕਰ ਫੈਲਾਉਂਦੀ ਏ

ਕਲਾਮ ਸ਼ਾਇਰ

ਹੁਕਮ ਹੀਰ ਦਾ ਮਾਉਂ ਤੋਂ ਲਿਆ ਸਹਿਤੀ ਗੱਲ ਗਿਣੀ ਸੂਨਾਲ ਸਹੇਲੀਆਂ ਦੇ
ਤਿਆਰ ਹੋਈਆਂ ਦੋਵੇਂ ਨਨਾਣ ਭਾਬੀ ਨਾਲ ਚੜ੍ਹੇ ਨੀ ਕਟਕ ਅਰਬੇਲੀਆਂ ਦੇ
ਛੱਡ ਪਾਸਣਾ ਤੁਰਕ ਬਜ਼ਾਰ ਚਲੇ ਰਾਹ ਮਾਰ ਦੇ ਨੇ ਅੱਠ ਖੇਲੀਆਂ ਦੇ
ਕਿੱਲੇ ਪੱਟ ਹੋ ਗਈ ਵਿੱਚ ਵਿਹੜਿਆਂ ਦੇ ਰਹੀ ਇੱਕ ਨਾ ਵਿੱਚ ਹਵੇਲੀਆਂ ਦੇ
ਸੋਹਣ ਸਬਜ਼ਿਆਂ ਨਾਲ ਬਲਾਕ ਬੁੁੰਦੇ ਗੋਯਾ ਭਰੇ ਦੁਕਾਨ ਫੁਲੇਲੀਆਂ ਦੇ
ਧਾਗੇ ਪਾਉਂਟੇ ਬੰਨ੍ਹੇ ਨੇ ਨਾਲ ਲੂਲ੍ਹਾਂ ਟਿੱਕੇ ਫੱਬ ਰਹੇ ਵਿੱਚ ਸਹੇਲੀਆਂ ਦੇ
ਜਟਾਂ ਧਾਰੀਆਂ ਦੇ ਝੁੰਡ ਤਿਆਰ ਹੋਏ ਸਹਿਤੀ ਗੁਰੂ ਚੇਲਾ ਨਾਲ ਚੇਲੀਆਂ ਦੇ
ਇੱਕ ਖੇਤ ਵਿੱਚ ਜਾਣ ਨਣਾਨ ਭਾਬੀ ਨਾਲ ਚੜ੍ਹੇ ਨੀ ਕਟਕ ਮਹੇਲੀਆਂ ਦੇ
ਰਾਜੇ ਇੰਦਰ ਦੀ ਸਭਾ ਵਿਚ ਹੋਵੇ ਹੋਰੀ ਪਏ ਅਜਬ ਛਣਕਾਰ ਅਰਬੇਲੀਆਂ ਦੇ
ਆਪ ਹਾਰ ਸ਼ਿੰਗਾਰ ਕਰ ਦੌੜ ਚਲੀਆਂ ਅਰਥ ਕੀਤੜਾ ਨੇ ਨਾਲ ਬੇਲੀਆਂ ਦੇ
ਇੱਕ ਦੂਈ ਨੂੰ ਰਮਜ਼ ਸੁਣਾਂਦੀਆਂ ਨੇ ਕੰਮ ਕਰਦੀਆਂ ਨਾਲ ਨਖ਼ਰੇਲੀਆਂ ਦੇ
ਵਾਰਸਸ਼ਾਹ ਕਸਤੂਰੀ ਦੇ ਮਿਰਗ ਛੁੱਟੇ ਥਈਆ ਥਈਆ ਸਰੀਰ ਮਥੇਲੀਆਂ ਦੇ

ਤਥਾ

ਫ਼ੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ ਤੁਰਤ ਚਾ ਲੰਗੋਟੜੇ ਵੱਟਿਓ ਨੇ
ਪਰਦਾ ਸ਼ਰਮ ਹਯਾ ਦਾ ਲਾਹ ਕੇ ਤੇ ਸੱਟ ਜਿਮੀਂ ਤੇ ਚੌੜ ਚਪੱਟਿਓ ਨੇ
ਸੰਮੀ ਖੇਡਦੀਆਂ ਮਾਰਦੀਆਂ ਫਿਰਨ ਗਿੱਧਾ ਫਬੀ ਘੱਤ ਬਣਾਵਟਾਂ ਪੱਟਿਓ ਨੇ
ਤੋੜ ਕਿਕਰੋਂ ਸੂਲ ਦਾ ਵੱਡਾ ਕੰਡਾ ਪੈਰ ਚੋਭ ਕੇ ਖੁਨ ਪਲੱਟਿਓ ਨੇ
ਝੂਠ ਮੂਠ ਦਾ ਸੱਪ ਲੜਾਇਕੇ ਤੇ ਧਾੜਾ ਗੈਬ ਦਾ ਖੇੜਿਆਂ ਘੱਟਿਓ ਨੇ
ਸਹਿਤੀ ਅੰਦਰੋਂ ਮਕਰ ਦਾ ਫੰਨ੍ਹ ਜੜਿਆ ਦੰਦ ਮਾਰ ਕੇ ਖੂਨ ਉਲੱਟਿਓ ਨੇ
ਸ਼ਿਸਤ ਅੰਦਾਜ਼ ਨੇ ਮਕਰ ਦਾ ਨਾਗ ਕੀਤਾ ਓਸ ਹੁਸਨ ਦੇ ਮੋਰ ਨੂੰ ਫੱਟਿਓ ਨੇ