ਪੰਨਾ:ਹੀਰ ਵਾਰਸਸ਼ਾਹ.pdf/310

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੪)

ਵਾਰਸ ਯਾਰ ਦੇ ਖਰਚ ਤਹਿਸੀਲ ਵਿੱਚੋਂ ਹਿੱਸਾ ਸਿਰਫ ਕਸੂਰ ਦਾ ਲੁੱਟਿਓ ਨੇ

ਹੀਰ ਦਾ ਹਾਲ

ਦੰਦ ਮੀਟ ਘਸੀਟ ਕੇ ਹੱਡ ਗੋਡੇ ਰੋ ਰੋ ਕਰੇ ਜ਼ਾਰੀ ਬੁਰੇ ਹੀਲਿਆਂ ਨੇ
ਨੱਕ ਚਾੜ੍ਹ ਦੰਦੀੜਕਾ ਵੱਟ ਰੋਵੇ ਕੱਢ ਅੱਖੀਆਂ ਨੀਲੀਆਂ ਪੀਲੀਆਂ ਨੇ
ਥਰਾ ਥਰਾ ਕੰਬੇ ਆਖੇ ਮੋਈ ਲੋਕਾ ਕੋਈ ਕਰੇ ਝਾੜਾ ਬੁਰੇ ਹੀਲੀਆਂ ਨੇ
ਮਾਰੇ ਲਿੰਗ ਤੇ ਪੈਰ ਬੇਸੁਰਤ ਹੋਈ ਪਾਵੇ ਕੀਰਨੇ ਕਾਜ ਕਲੀਲੀਆਂ ਨੇ
ਜ਼ਹਿਰ ਇਸ਼ਕ ਦੇ ਸੱਪ ਦੀ ਧਾ ਗਈ ਅੱਖੀਂ ਹੀਰ ਦੀਆਂ ਨੀਲੀਆਂ ਪੀਲੀਆਂ ਨੇ
ਸਹਿਤੀ ਮੱਕਰਾਂ ਦੇ ਜੰਤਰ ਫੂਕ ਦਿੱਤੇ ਸਾਥ ਕੀਤੀਆਂ ਹੋਰ ਵਸੀਲੀਆਂ ਨੇ
ਅਤੇ ਜਿਨ੍ਹਾਂ ਨੂੰ ਸ਼ੌਕ ਦੀਦਾਰ ਦਾ ਏ ਗਲਾਂ ਉਨ੍ਹਾਂ ਦੀਆਂ ਬਹੁਤ ਰਸੀਲੀਆਂ ਨੇ
ਜੁਸੇ ਹੀਰ ਦੇ ਵਿੱਚ ਤਾਂ ਜ਼ਹਿਰ ਧਾਈ ਸਾਰਾ ਬਦਨ ਹੋਯਾ ਜਿਵੇਂ ਤੀਲੀਆਂ ਨੇ
ਸ਼ੈਤਾਨ ਸ਼ਤੂੰਗੜੇ ਹੱਥ ਜੋੜਨ ਸਹਿਤੀ ਗੁਰੂ ਤੇ ਅਸੀਂ ਸੱਭ ਚੀਲੀਆਂ ਨੇ
ਵਾਰਸਸ਼ਾਹ ਕੁੜੀਆਂ ਪਰੇਸ਼ਾਨ ਹੋਈਆਂ ਸੁੱਕੇ ਮੂੰਹ ਤੇ ਸਾਵੀਆਂ ਪੀਲੀਆਂ ਨੇ

ਹੀਰ ਦਾ ਹਾਲ

ਹੀਰ ਮੀਟ ਕੇ ਦੰਦ ਬੇਸੁੱਧ ਪਈ ਸਹਿਤੀ ਹਾਲ ਤੇ ਸ਼ੋਰ ਪੁਕਾਰਿਆ ਏ
ਕਾਲੇ ਨਾਗ ਨੇ ਫੱਨ ਫੈਲਾ ਵੱਡਾ ਡੰਗ ਵਹੁਟੀ ਦੇ ਪੈਰ ਨੂੰ ਮਾਰਿਆ ਏ
ਕੁੜੀਆਂ ਕਾਂਗ ਕੀਤੀ ਆ ਗਈ ਵਾਹਰ ਲੋਕਾਂ ਕੰਮ ਤੇ ਕਾਜ ਵਿਸਾਰਿਆ ਏ
ਮੰਜੇ ਪਾਇਕੇ ਹੀਰ ਨੂੰ ਘਰੀਂ ਆਂਦਾ ਜੱਟੀ ਪੀਲੜੇ ਰੰਗ ਨੂੰ ਧਾਰਿਆ ਏ
ਵੇਖੋ ਫ਼ਾਰਸੀ ਤੋੜਕੇ ਨਜ਼ਮ ਨਸਰੋਂ ਇਹ ਮਕਰ ਘਿਉ ਵਾਂਗ ਨਿਤਾਰਿਆ ਏ
ਅਗੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹਿਆ ਜਿਹਾ ਖਚਰੀਆਂ ਖਚਰ ਪਸਾਰਿਆ ਏ
ਸ਼ੈਤਾਨ ਨੇ ਆਣ ਸਲਾਮ ਕੀਤਾ ਤੁੁੱਸਾਂ ਜਿੱਤਿਆ ਤੇ ਅਸਾਂ ਹਾਰਿਆ ਏ
ਅਫਲਾਤੁਨ ਦੀ ਰੀਸ ਮਕਰਾਜ ਕੀਤੀ ਵਾਰਸ ਕੁਦਰਤਾਂ ਵੇਖਕੇ ਵਾਰਿਆ ਏ

ਕਲਾਮ ਸ਼ਾਇਰ

ਜਦੋਂ ਸਾਂਹਗਰਾਂ ਵਾਹਰਾਂ ਕੂਚ ਕੀਤੀ ਸਾਰੇ ਦੇਸ ਤੇ ਧੁੰਮ ਭੁੁੰਚਾਲ ਆਹੀ
ਖੇੜੀਂ ਖਬਰ ਹੋਈ ਚੜ੍ਹਿਆ ਦੇਸ ਸਾਰਾ ਨੂੰਹ ਖੇੜਿਆਂ ਦੀ ਜਿਹੜੀ ਸਿਆਲ ਆਹੀ
ਸਰਦਾਰ ਸੀ ਖੂਬਾਂ ਦੇ ਤ੍ਰਿੰਞਣਾਂ ਦੀ ਜੈਂਦੀ ਹੰਸ ਤੇ ਮੋਰ ਦੀ ਚਾਲ ਆਹੀ
ਖੇੜੇ ਨਾਲ ਸੀ ਓਸ ਅਨਜੋੜ ਮੁੱਢੋਂ ਦਿਲੋਂ ਸਾਫ ਰੰਝੇਟੇ ਦੇ ਨਾਲ ਆਹੀ
ਓਸ ਨਾਗਣੀ ਨੂੰ ਕੋਈ ਸੱਪ ਲੜਿਆ ਸੱਸ ਓਸਨੂੰ ਵੇਖ ਨਿਹਾਲ ਆਹੀ
ਇਨਾ ਕੈਦਾ ਕੁਨਾ ਬਾਬ ਔਰਤਾਂ ਦੇ ਧੁਰੋਂ ਵਿਚ ਕੁਰਾਨ ਦੇ ਫਾਲ ਆਹੀ
ਅੱਜ ਘੱਤ ਸੁਹਾਗਾ ਤੇ ਅੱਗ ਵਾਂਗੂੰ ਸੋਨਾ ਖੇੜਿਆਂ ਦਾ ਸੱਭੋ ਗਾਲ ਆਹੀ