ਪੰਨਾ:ਹੀਰ ਵਾਰਸਸ਼ਾਹ.pdf/313

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੨੯੫)

ਵਾਰਸਸ਼ਾਹ ਨੂੰ ਰੱਬ ਵਿਖਾ ਦਿੱਤੀ ਜਿਹੜੀ ਚੀਜ਼ ਦੀ ਜੰਮਦਿਆਂ ਭਾਲ ਆਹੀ

ਕਲਾਮ ਔਰਤਾਂ

ਲੋਕ ਵੇਖ ਕੇ ਹੀਰ ਦਾ ਹਾਲ ਆਖਣ ਲੜਿਆ ਸੱਪ ਕੋਈ ਫਨੀਅਰ ਫੰਕਰੂ ਈ
ਸਾਹ ਲੈਂਦਿਆਂ ਫੁਰਕੜੇ ਮਾਰਦੀਏ ਲੂੰ ਲੂੰ ਵਿੱਚੋਂ ਜ਼ਹਿਰ ਪਿੰਘਰੂ ਈ
ਕੋਈ ਆਖਦਾ ਲਿਆਕੇ ਦਿਹੋ ਇਹਨੂੰ ਭਰਕੇ ਦੁੱਧ ਤੇ ਘਿਓ ਦਾ ਸਿੰਗਰੂ ਈ
ਵਾਰਸ ਜੇਹਾ ਕੋਈ ਮਾਂਦਰੀ ਝੱਟ ਢੂੰਡੋ ਨੱਢੀ ਹੀਰ ਦਾ ਬੋਲਦਾ ਘੁੰਗਰੂ ਈ

ਹੀਰ ਦੇ ਇਲਾਜ ਵਾਸਤੇ ਹਕੀਮ ਨੇ ਆਉਣਾ

ਸੱਦ ਮਾਂਦਰੀ ਖੇੜਿਆਂ ਲੱਖ ਆਂਦੇ ਫ਼ਕਰ ਵੈਦ ਤੇ ਨਾਲ ਮਦਾਰੀਆਂ ਦੇ
ਤਰਿਆਕ ਅਕਬਰ ਅਫਲਾਤੂਨ ਵਾਲਾ ਦਾਰੂ ਵੱਡੇ ਫਰੰਗ ਪਸਾਰੀਆਂ ਦੇ
ਜਿਨ੍ਹਾਂ ਜਾਤ ਹਜ਼ਾਰੇ ਦੇ ਸੱਪ ਕੀਲੇ ਘਤ ਆਂਦੇ ਨੇ ਵਿੱਚ ਪਟਾਰੀਆਂ ਦੇ
ਗੰਡੇ ਲੱਖ ਤਾਵੀਜ਼ ਤੇ ਧੂਪ ਹਰਮਲ ਸੂਤ ਆਂਦੇ ਨੇ ਕੰਜ ਕੁਆਰੀਆਂ ਦੇ
ਕੋਈ ਅੱਕ ਚਵਾ ਖਵਾ ਗੰਢੇ ਨੁਗਦਾ ਵਿਚ ਓਹਨਾਂ ਧਾਤਾਂ ਮਾਰੀਆਂ ਦੇ
ਕਿਸੇ ਲਿਆ ਮਣਕੇ ਲਸੀ ਵਿੱਚ ਘੋਲੇ ਪਰਚੇ ਚਾ ਪਾਏ ਨਰਾਂ ਨਾਰੀਆਂ ਦੇ
ਤੇਲ ਮਿਰਚ ਤੇ ਬੂਟੀਆਂ ਦੁੱਧ ਪੈਸੇ ਘਿਉ ਦੇਂਦੇ ਨੇ ਨਾਲ ਖੁਆਰੀਆਂ ਦੇ
ਵਾਰਸਸ਼ਾਹ ਪਚਾਧਿਆਂ ਪਿੰਡ ਬੱਧੇ ਖੇੜਿਆਂ ਜ਼ੋਰ ਲਾਏ ਜ਼ਰਾਂ ਜ਼ਾਰੀਆਂ ਦੇ

ਕਲਾਮ ਸ਼ਾਇਰ

ਦਰਦ ਹੋਰ ਤੇ ਦਾਰੂੜੇ ਹੋਰ ਕਰਦੇ ਫਰਕ ਪਵੇ ਨਾ ਲੋੜ ਵਿੱਚ ਲੁੜ੍ਹੀ ਜੇ ਨੀ
ਰੰਨਾਂ ਵੇਖਕੇ ਆਂਹਦੀਆਂ ਜ਼ਹਿਰ ਧਾਣੀ ਕੋਈ ਸਾਇਤ ਹੀ ਜੀਉੂਂਦੀ ਕੁੜੀ ਜੇ ਨੀ
ਹੀਰ ਆਖਦੀ ਜ਼ਹਿਰ ਜੇ ਖਿੰਡ ਚੱਲੀ ਜਿਵੇਂ ਕਾਲਜਾ ਚੀਰਦੀ ਛੁਰੀ ਜੇ ਨੀ
ਮਰ ਚੱਲੀ ਜੇ ਹੀਰ ਸਿਆਲ ਭਾਵੇਂ ਭੱਲੀ ਬੁਰੀ ਓਥੇ ਆਣ ਜੁੜੀ ਜੇ ਨੀ
ਜਿੱਸ ਵੇਲੇ ਦੀ ਸੂਰਤੀ ਏਸ ਸੁੰਘੀ ਭਾਗੀ ਹੋ ਗਈ ਨਹੀਂ ਮੁੜੀ ਜੇ ਨੀ
ਵੇਖ ਹੀਰ ਦੀ ਸੱਸ ਸਿਰ ਮਾਰਦੀ ਏ ਆਖੇ ਨੱਢੜੀ ਦੀ ਹਾਲਤ ਬੁਰੀ ਜੇ ਨੀ
ਹਾਇ ਮੁੱਠੜੀ ਕਿਉਂ ਰਜ਼ਾ ਦਿੱਤੀ ਅਕਸਰ ਮੱਤ ਰੰਨਾਂ ਪਿੱਛੇ ਖੁਰੀ ਜੇ ਨੀ
ਵਾਰਸਸ਼ਾਹ ਸਦਾਈਏ ਵੈਦ ਰਾਂਝਾ ਜਿਸ ਤੇ ਦਰਦ ਅਸਾਡੇ ਦੀ ਪੁੜੀ ਜੇ ਨੀ

ਕਲਾਮ ਸ਼ਾਇਰ

ਸਹਿਤੀ ਆਖਿਆ ਫ਼ਰਕ ਨਾ ਪਵੇ ਮਾਸਾ ਇਹ ਸੱਪ ਨਾ ਕੀਲ ਤੇ ਆਉਂਦੇ ਨੇ
ਕਾਲੇ ਬਾਗ ਵਿੱਚ ਜੋਗੀੜਾ ਸਿੱਧ ਦਾਨਾ ਜਿਦ੍ਹੇ ਕਦਮ ਪਾਯਾਂ ਦੁੱਖ ਜਾਉਂਦੇ ਨੇ
ਓਹਦੀ ਬੀਨ ਦੇ ਵਿੱਚ ਨੇ ਲੱਖ ਮੰਤਰ ਸੱਪ ਓਸ ਨੂੰ ਭੇਟ ਲਿਆਉਂਦੇ ਨੇ
ਜੇਕਰ ਪੜ੍ਹੇ ਮੰਤਰ ਨਾਲ ਕਰੇ ਤੰਤਰ ਸੱਭ ਖਲਕ ਨੂੰ ਜਾ ਨਿਵਾਉਂਦੇ ਨੇ
ਬਾਸ਼ਕ ਨਾਗ ਕਰੂੰਡੀਏ ਮੇਦ ਤੱਛਕ ਛੀਂਬੇ ਤਿੱਤਰੇ ਸੀਸ ਨਿਵਾਉਂਦੇ ਨੇ