(੨੯੭)
ਯਾਰੋ ਕੰਡਿਓਂ ਸੱਪ ਬਣਾ ਦਿਤਾ ਵੇਖੋ ਇਸ਼ਕ ਦੀਆਂ ਗਲਾਂ ਨਿਆਰੀਆਂ ਨੇ
ਵਾਰਸਸ਼ਾਹ ਓਥੇ ਨਹੀਂ ਫੁੱਰੇ ਮੰਤਰ ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਨੇ
ਸੈਦੇ ਨੇ ਕਾਲੇ ਬਾਗ ਵਿਚ ਜਾਣਾ
ਸੈਦੇ ਮਾਰ ਬੁੱਕਲ ਪਚਾੜਿੱਕੀ ਬੱਧੀ ਜੁੱਤੀ ਝਾੜਕੇ ਡਾਂਗ ਲੈ ਕੜਕਿਆ ਏ
ਵਾਹੋ ਦਾਹ ਚਲਿਆ ਖੜੀ ਬਾਂਹ ਕਰਕੇ ਵਾਂਗ ਕਾਂਗਵੀ ਮਾਲ ਤੇ ਸਰਕਿਆ ਏ
ਫ਼ਿਕਰ ਹੀਰ ਦੇ ਤੋਂ ਸੁੱਕ ਤਰਖ ਹੋਯਾ ਪਿੰਜਰ ਸੈਦੇ ਦਾ ਤੁਰਦਿਆਂ ਖੜਕਿਆ ਏ
ਦੁੱਖ ਵਹੁਟੀ ਦਾ ਜੱਟ ਨੂੰ ਖਾ ਗਿਆ ਕੁੱਠੇ ਵਾਂਗ ਕਬੂਤਰਾਂ ਫੜਕਿਆ ਏ
ਜਿਵੇਂ ਜ਼ਕਰੀਆ ਖਾਨ ਨੇ ਜੰਗ ਕੀਤਾ ਲੈ ਕੇ ਤੋਪ ਪਹਾੜ ਤੇ ਕੜਕਿਆ ਏ
ਤਿਵੇਂ ਸੈਦੇ ਨੇ ਜੋਗੀ ਦੇ ਜਾਇਕੇ ਤੇ ਹਾਲ ਆਪਣਾ ਖੋਲ੍ਹਕੇ ਬੜ੍ਹਕਿਆ ਏ
ਕਾਲੇ ਬਾਗ ਵਿਚ ਜੋਗੀ ਦੇ ਜਾ ਵੜਿਆ ਜੋਗੀ ਵੇਖਕੇ ਜੱਟ ਨੂੰ ਕੜਕਿਆ ਏ
ਖੜਾ ਹੋ ਮਾਹੀ ਮੁੰਡੇ ਖਾਣ ਆਵੇਂ ਨਾਲ ਭਾਬੜੇ ਸ਼ੋਰ ਕਰ ਭੜਕਿਆ ਏ
ਸੈਦਾ ਸੰਗ ਥਰਰਾ ਕੇ ਖੜਾ ਕੰਬੇ ਉਸਦਾ ਅੰਦਰੋਂ ਕਾਲਜਾ ਧੜਕਿਆ ਏ
ਉੱਤੋਂ ਖੜੀ ਕਰ ਬਾਂਹ ਪੁਕਾਰਿਆ ਏ ਇਹ ਖਤਰੇ ਦਾ ਮਾਰਿਆ ਭੜਕਿਆ ਏ
ਚਲੀਂ ਰੱਬ ਦੇ ਵਾਸਤੇ ਜੋਗੀਆ ਉਏ ਖਾਰ ਵਿੱਚ ਕਲੇਜੇ ਦੇ ਅੜਕਿਆ ਏ
ਸਾਨੂੰ ਖੇੜਿਆਂ ਨੇ ਅਜ ਲਾਧ ਘੱਤੀ ਦਿੱਲ ਵੇਖਿਆਂ ਜੋਗੀ ਦਾ ਭੜਕਿਆ ਏ
ਯਾਰੋ ਸੁਣੋ ਤਕਦੀਰ ਘਰ ਗਾਲਦੀ ਏ ਖੋਤਾ ਹੋ ਖੜਾ ਹੁਣ ਭੜਕਿਆ ਏ
ਜੋਗੀ ਪੁੱਛਿਆ ਕੀਹ ਹੈ ਬਣੀ ਤੈਨੂੰ ਏਸ ਹਾਲ ਆਵੇਂ ਜੱਟ ਬੜ੍ਹਕਿਆ ਏ
ਜੱਟੀ ਵੜੀ ਕਪਾਹ ਵਿਚ ਬੰਨ੍ਹ ਝੋਲੀ ਕਾਲਾ ਨਾਗ ਅਜਗੈਬ ਦਾ ਲੜ ਗਿਆ ਏ
ਵਾਰਸਸ਼ਾਹ ਜਾ ਰੰਨਾਂ ਆ ਜਮ੍ਹਾਂ ਹੋਈਆਂ ਸੱਪ ਝਾੜ ਬੂਟੇ ਕਿਤੇ ਵੜ ਗਿਆ ਏ
ਤਥਾ
ਹੱਥ ਬੰਨ੍ਹ ਕੇ ਸੈਦੇ ਨੇ ਪੈਰ ਪਕੜੇ ਮੈਨੂੰ ਦੁੱਖ ਲੱਗਾ ਤੈਥੇ ਆਇਆ ਮੈਂ
ਮੱਛੀ ਵਾਂਗ ਵਹੁਟੀ ਮੇਰੀ ਤੜਫ਼ਦੀ ਏ ਏਸ ਦਰਦ ਨੇ ਬਹੁਤ ਅਕਾਇਆ ਮੈਂ
ਮੈਂ ਸਭ ਵੈਦ ਤੇ ਮਾਂਦਰੀ ਭਾਲ ਚੁੱਕਾ ਸੱਭ ਕੰਮ ਤੇ ਕਾਜ ਭੁਲਾਇਆ ਮੈਂ
ਵਾਰਸਸ਼ਾਹ ਸਹਿਤੀ ਤੇਰੀ ਦੱਸ ਪਾਈ ਰੱਲ ਕੋੜਮੇਂ ਸੱਭ ਪੁਚਾਇਆ ਮੈਂ
ਕਲਾਮ ਸ਼ਾਇਰ
ਜਦੋਂ ਸੈਦੇ ਨੇ ਕੀਤੜੀ ਅਰਜ਼ ਐਸੀ ਜੋਗੀ ਆਪਣਾ ਜੀਉ ਠਹਿਰਾਇਆ ਏ
ਜੇੜ੍ਹਾ ਕੰਬਦਾ ਧੜਕਦਾ ਫੜਕਦਾ ਸੀ ਖ਼ੌਫ਼ ਖ਼ਤਰਿਓਂ ਦਿੱਲ ਹਟਾਇਆ ਏ
ਸਹਿਤੀ ਹੀਰ ਨੇ ਕੋਈ ਉਸ਼ਟੰਡ ਕੀਤਾ ਭਾਵੇਂ ਮਕਰ ਫਰੇਬ ਬਣਾਇਆ ਏ
ਵਾਰਸਸ਼ਾਹ ਭੁਲਾ ਨਾ ਮੂਲ ਸਿਰ ਤੋਂ ਸਹਿਤੀ ਕੇਡਾ ਅਹਿਸਾਨ ਚੜ੍ਹਇਆ ਏ