ਪੰਨਾ:ਹੀਰ ਵਾਰਸਸ਼ਾਹ.pdf/319

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੧)

ਦੋਵੇਂ ਬੰਨ੍ਹ ਬਾਹਾਂ ਸਿਰੋਂ ਲਾਹ ਪਟਕਾ ਗੁਨਾਹਗਾਰ ਵਾਂਗੂੰ ਪਕੜ ਛੱਟਿਆ ਏ
ਸ਼ਾਨਹ ਭੰਨਕੇ ਕੁੱਟ ਚਕਚੂਰ ਕੀਤਾ ਲਿੰਗ ਭੰਨਕੇ ਸੰਘ ਨੂੰ ਘੁੱਟਿਆ ਏ
ਐਸੀ ਜੋਗੀ ਨੇ ਸੈਦੇ ਦੇ ਨਾਲ ਕੀਤੀ ਰੋਮ ਰੋਮ ਥੀਂ ਖੂਨ ਪਲੱਟਿਆ ਏ
ਵਾਰਸਸ਼ਾਹ ਖੁਦਾਦਿ ਦੇ ਖ਼ੋਰ ਕੋਲੋਂ ਸਾਡਾ ਰੋਂਦਿਆਂ ਨੀਰ ਨਖੁੁੱਟਿਆ ਏ

ਸੈਦੇ ਦਾ ਹਾਲ

ਖੇੜਾ ਮਾਰ ਖਾ ਕੇ ਤੁਰਤ ਭੱਜ ਪਿਆ ਵਾਹੋ ਦਾਹ ਰੋਂਦਾ ਘਰ ਆਉਂਦਾ ਏ
ਇਹ ਦੇਉ ਉਜਾੜ ਵਿੱਚ ਆਣ ਲੱਥਾ ਨਾਲ ਕੜਕਿਆਂ ਜਿੰਦ ਗਵਾਉਂਦਾ ਏ
ਇਹ ਜੋਗੀੜਾ ਨਹੀਂ ਜੇ ਧਾੜ ਕਾਈ ਹਾਲ ਆਪਣਾ ਖੋਲ੍ਹ ਵਿਖਾਉਂਦਾ ਏ
ਇਹ ਕਾਰੂੰ ਦੇ ਦੇਸ ਦੇ ਸੇਅਰ ਜਾਣੇ ਵੱਡੇ ਲੋੜ੍ਹ ਤੇ ਕਹਿਰ ਕਮਾਉਂਦਾ ਏ
ਨਾਲੇ ਪੜ੍ਹੇ ਕੁਰਾਨ ਤੇ ਦੇ ਬਾਂਗਾਂ ਚੌਂਕ ਪਾਉਂਦਾ ਸੰਖ ਵਜਾਉਂਦਾ ਏ
ਮੈਨੂੰ ਮਾਰ ਤੇ ਕੁੱਟ ਤਹਿਬਾਰ ਕੀਤਾ ਪਿੰਡਾ ਖੋਲ੍ਹਕੇ ਜੱਟ ਵਿਖਾਉਂਦਾ ਏ
ਮਾਰ ਜੋਗੀੜੇ ਦੀ ਅੱਗੇ ਕੋੜਮੇ ਦੇ ਹਾਇ ਹਾਇ ਕਰ ਪਿਆ ਕੁਰਲਾਉਂਦਾ ਏ
ਜੋ ਕੁਝ ਹਾਲ ਹਕੀਕਤੀ ਵਰਤਿਆ ਸੀ ਵਾਰਸਸ਼ਾਹ ਨੂੰ ਆਖ ਸੁਣਾਉਂਦਾ ਏ

ਕਲਾਮ ਅਜੂ

ਅਜੂ ਆਖਿਆ ਸੁਣੋ ਅੰਧੇਰ ਯਾਰੋ ਇਹ ਗਜਬ ਫਕੀਰ ਨੇ ਚਾਇਆ ਏ
ਮੇਰਾ ਕੇਉੜੇ ਦਾ ਸਿੱਟਾ ਮਾਰ ਜਿੰਦੋਂ ਕੰਮ ਕਾਰ ਥੀਂ ਚਾ ਗਵਾਇਆ ਏ
ਮੈਂ ਤਾਂ ਖੌਫ ਖ਼ੁਦਾਅ ਦਾ ਅਬਦ ਕੀਤਾ ਕਰਾਂ ਓਹ ਜੋ ਓਸ ਕਰਾਇਆ ਏ
ਹਥੋ ਹੱਥ ਲੈ ਲਾਂ ਬਦਲਾ ਓਸ ਤੋਂ ਜੀ ਜੋ ਕਰੇ ਸੋ ਆਪਣਾ ਪਾਇਆ ਏ
ਫ਼ੱਕਰ ਮਿਹਰ ਕਰਦੇ ਸਾਰੀ ਖਲਕ ਉਤੇ ਏਸ ਕਹਿਰ ਦਾ ਸਬਕ ਪੜ੍ਹਾਇਆ ਏ
ਇਹ ਜੋਗੀੜਾ ਨਹੀਂ ਬਲਾ ਕੋਈ ਖੇੜੀਂ ਆਇਕੇ ਜ਼ੁਲਮ ਉਠਾਇਆ ਏ
ਮੇਰੇ ਛੋਹਰ ਦਾ ਮਾਰਕੇ ਨਾਸ ਕੀਤਾ ਉਹਨੂੰ ਰੱਬ ਦਾ ਖੌਫ਼ ਨਾ ਆਇਆ ਏ
ਵਾਰਸਸ਼ਾਹ ਮੀਆਂ ਨਵਾਂ ਸਾਂਗ ਵੇਖੋ ਦੇਉ ਆਦਮੀ ਹੋਇਕੇ ਆਇਆ ਏ

ਕਲਾਮ ਸਹਿਤੀ

ਸਹਿਤੀ ਆਖਦੀ ਬਾਬਲਾ ਜਾਹ ਆਪੇ ਮੈਦਾ ਆਪ ਨੂੰ ਵੱਡਾ ਸਦਾਉਂਦਾ ਏ
ਕਹਿਆ ਜਾਇਕੇ ਬਹੁਤ ਤਾਮੀਜ਼ ਕਰਨੀ ਅਦਬ ਇੱਕ ਬਜਾ ਨਾ ਲਿਆਉਂਦਾ ਏ
ਨਾਲ ਕਿਬਰ ਹੰਕਾਰ ਦੇ ਮਸਤ ਫਿਰਦਾ ਖ਼ਾਤਰ ਤਲੇ ਨਾ ਕਿਸੇ ਨੂੰ ਲਿਆਉਂਦਾ ਏ
ਸਾਨ੍ਹੇ ਵਾਂਗਰਾਂ ਸਿਰੀ ਟਪਾਉਂਦਾ ਏ ਅੱਗੋਂ ਆਕੜਾਂ ਪਿਆ ਵਿਖਾਉਂਦਾ ਏ
ਆਦਮਗਰੀ ਦੀ ਗੱਲ ਨਾ ਇੱਕ ਕਰਦਾ ਸਗੋਂ ਰਿੱਕਤਾਂ ਪਿਆ ਉਠਾਉਂਦਾ ਏ
ਜੋਗੀ ਕਿਸੇ ਦਾ ਕੀ ਧਰਾਉਂਦਾ ਏ ਲੇਖਾਂ ਮੂਲ ਬਿਆਜ ਮੁਕਾਉਂਦਾ ਏ