ਪੰਨਾ:ਹੀਰ ਵਾਰਸਸ਼ਾਹ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੨੬

ਤਬ੍ਹਾ ਏਸਦੀ ਬਹੁਤ ਹਲੀਮ ਦਿੱਸੇ ਨੈਣਾਂ ਨਾਲ ਕਰਦਾ ਲੋਟ ਪੋਟ ਹੈ ਨੀ
ਸੱਦ ਪਾਸ ਚੰਗੀ ਗੱਲ ਲੋੜਦਾ ਜੇ ਮੁੰਡਾ ਜਾਪਦਾ ਹੋਗ ਗਭਰੋਟ ਹੈ ਨੀ
ਵਾਰਸਸ਼ਾਹ ਕਿਉਂ ਛੱਡਿਆ ਦੇਸ ਇਸ ਨੇ ਕਿਹਾ ਜੀਉ ਵਿਚ ਏਸਦੇ ਖੋਟ ਹੈ ਨੀ

ਕਲਾਮ ਹੀਰ

ਪੁੱਤਰ ਤਖਤ ਹਜ਼ਾਰੇ ਦੇ ਚੌਧਰੀ ਦਾ ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ
ਇਹਦਾ ਬੀਬੜਾ ਮੁਖ ਤੇ ਨੈਣ ਨਿੰਮ੍ਹੇ ਵੱਡੀ ਸੋਹਣੀ ਏਸ ਦੀ ਡੀਲ ਹੈ ਜੀ
ਮੱਥਾ ਏਸ ਦਾ ਚਮਕਦਾ ਨੂਰ ਭਰਿਆ ਸੁਖੀ ਜੀਉ ਦਾ ਨਹੀਂ ਬਖੀਲ ਹੈ ਜੀ
ਗਲ ਸੋਹਣੀ ਪਰ੍ਹੇ ਦੇ ਵਿਚ ਕਰਦਾ ਖੋਜ ਲਿਆ ਤੇ ਨਿਆਉਂ ਵਕੀਲ ਹੈ ਜੀ
ਜੇਕਰ ਵਿੱਚ ਮੁਕਦਮੇ ਜਾ ਬੈਠੇ ਨਾਲ ਅਕਲ ਦੇ ਕਰੇ ਸਬੀਲ ਹੈ ਜੀ
ਲਖਾਂ ਝਗੜਿਆਂ ਦੀ ਇਹ ਤਾਂ ਅਲਖ ਲਾਹੇ ਸਾਊ ਜ਼ਾਤ ਦਾ ਨਹੀਂ ਰਜ਼ੀਲ ਹੈ ਜੀ
ਸੱਤਾਂ ਪੀੜੀਆਂ ਤਾਲਿਆ ਮੰਦ ਰਾਜੇ ਅਹਲ ਨਸਲ ਥੀਂ ਹਸਦ ਦਲੀਲ ਹੈ ਜੀ
ਵਾਰਸਸ਼ਾਹ ਵਿਚ ਮਜਲਸਾਂ ਸ੍ਹੋਂਵਦਾ ਈ ਅਕਲ ਬਖਤ ਦੀ ਇਹ ਤਮਸੀਲ ਹੈ ਜੀ

ਕਲਾਮ ਚੂਚਕ

ਕਈ ਡੋਗਰਾਂ ਜਟਾਂ ਦੇ ਨਿਆਓਂ ਜਾਣੇ ਪਰ੍ਹੇ ਵਿੱਚ ਦਲਾਵਰੀ ਲਾਈਆਂ ਦੇ
ਪਾੜ ਚੀਰ ਕਰ ਜਾਣਦਾ ਕਦ ਵੇਸੋਂ ਲੜਿਆ ਕਾਸਨੂੰ ਨਾਲ ਏਹ ਭਾਈਆਂ ਦੇ
ਹੀਰੇ ਬਸ ਨਾ ਏਸ ਤੋਂ ਨਫ਼ਾ ਕੋਈ ਜਿਸ ਵੈਰ ਪਾਯਾ ਨਾਲ ਭਾਈਆਂ ਦੇ
ਏਸ ਲੜਕੇ ਦੀ ਅਕਲ ਹੈ ਬਹੁਤ ਚੰਗੀ ਕੀਕੂੰ ਛਡ ਆਯਾ ਮਾਲ ਗਾਈਆਂ ਦੇ
ਕਿਸ ਗੱਲ ਤੋਂ ਉੱਠ ਕੇ ਰੁੱਠ ਆਯਾ ਲੜਿਆ ਕਾਸ ਤੋਂ ਨਾਲ ਭਰਜਾਈਆਂ ਦੇ
ਵਾਰਸਸ਼ਾਹ ਦਨਾ ਇਹ ਬਹੁਤ ਦਿਸਦਾ ਕਿੱਸੇ ਜੋੜਦਾ ਗਲਾਂ ਸੁਣਾਈਆਂ ਦੇ

ਕਲਾਮ ਹੀਰ

ਭਾਈ ਹੋਇਕੇ ਮਾਮਲੇ ਦੱਸ ਦੇਂਦਾ ਮੁਨਸ਼ਫ ਹੋ ਫਾਹੇ ਵੱਢੇ ਫੇੜਿਆਂ ਦੇ
ਬਾਹੋਂ ਕਢ ਕੇ ਕੰਢੇ ਦੇ ਪਾਰ ਲਾਏ ਹਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ
ਧਾੜਾ ਧਾੜ ਤੋਂ ਮੋੜ ਦੁਆਉਂਦਾ ਏ ਠੰਢ ਪਾਉਂਦਾ ਵਿੱਚ ਬਖੇੜਿਆਂ ਦੇ
ਸਭਾ ਰਹੀ ਰਹੁੰਨੀ ਨੂੰ ਸਾਂਭ ਲਿਆਵੇ ਅੱਖੀਂ ਵਿੱਚ ਰਖੇ ਵਾਂਗ ਧੇੜਿਆਂ ਦੇ
ਸੈਆਂ ਜੁਆਨਾਂ ਦਾ ਭਲਾ ਹੈ ਚਾਕ ਰਾਂਝਾ ਵੱਲ ਜਾਣਦਾ ਦੱਬ ਦਰੇੜਿਆਂ ਦੇ
ਖਬਰਦਾਰ ਰਹਿੰਦਾ ਮਾਲ ਵਿੱਚ ਖੜਾ ਪਹਿਲਵਾਨ ਜਿਉਂ ਵਿੱਚ ਅਖਾੜਿਆਂ ਦੇ
ਸਾਨੂੰ ਰੱਬ ਨੇ ਆਣ ਮਿਲਾਇਆ ਏ ਮੈਂ ਤਾਂ ਬੰਨ ਰੱਖੀਂ ਵਿੱਚ ਬੇੜਿਆਂ ਦੇ
ਵਿੱਚ ਕੰਮ ਦੇ ਬਹੁਤ ਹੁਸ਼ਿਆਰ ਰਹੇ ਅਖੀਂ ਮੀਟਦਾ ਨਹੀਂ ਵਾਂਗ ਧੇੜਿਆਂ ਦੇ
ਵਾਰਸਸ਼ਾਹ ਹੈ ਸ਼ੇਰ ਜਵਾਨ ਰਾਂਝਾ ਤਾਲਾ ਵੇਖਸੈਂ ਚਾਕ ਸਹੇੜਿਆਂ ਦੇ