ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/321

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੩)

ਵਾਰਸਸ਼ਾਹ ਦੇ ਉਜ਼ਰ ਮੁਆਫ਼ ਕਰਨੇ ਬਖਸ਼ਣਹਾਰ ਤੁਸੀਂ ਗਿਰਾ ਬਾਰ ਦੇ ਹੋ

ਕਲਾਮ ਜੋਗੀ

ਛੱਡ ਦੇਸ ਜਹਾਨ ਉਜਾੜ ਮੱਲੀ ਅੱਜੇ ਜੱਟ ਨਾਹੀਂ ਪਿਛਾ ਛੱਡ ਦੇ ਨੇ
ਅਸਾਂ ਛੱਡਿਆ ਇਹ ਨਾ ਮੂਲ ਛਡਣ ਖੇੜੇ ਮੁੱਢ ਕਦੀਮ ਦੇ ਹੱਡ ਦੇ ਨੇ
ਲੇਹੇ ਪਏ ਮੇਰੇ ਉਤੇ ਝਾੜੀਆਂ ਦੇ ਪਾਸ ਜਾਣ ਨਾਹੀਂ ਪਿੰਡ ਗੱਡ ਦੇ ਨੇ
ਅਸਾਂ ਏਸ ਜਹਾਨ ਤੋਂ ਹੱਥ ਧੋਤੇ ਖੇੜੇ ਫੇਰ ਆ ਲੂੰਬਾਂ ਘਸੱਡ ਦੇ ਨੇ
ਅਸਾਂ ਛੱਡ ਸੰਸਾਰ ਕਿਨਾਰਾ ਫੜਿਆ ਸਾਨੂੰ ਫੇਰ ਸੰਸਾਰ ਵਿੱਚ ਗੱਡ ਦੇ ਨੇ
ਵਾਰਸਸ਼ਾਹ ਜਹਾਨ ਤੋਂ ਅੱਕ ਪਏ ਅੱਜ ਕਲ੍ਹ ਫ਼ਕੀਰ ਹੁਣ ਲੱਦ ਦੇ ਨੇ

ਕਲਾਮ ਅਜੂ

ਚਲੀਂ ਜੋਗੀਆ ਰੱਬ ਦਾ ਵਾਸਤਾ ਈ ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ
ਜੋ ਕੁੱਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ ਜਾਨ ਮਾਲ ਪਰਵਾਰ ਨੂੰ ਵਾਰਨੇ ਹਾਂ
ਮੇਰੀ ਨੂੰਹ ਨੂੰ ਸੱਪ ਦਾ ਰੋਗ ਹੋਯਾ ਦਿੱਨ ਰਾਤ ਵਿਚਾਰ ਵਿਚਾਰਨੇ ਹਾਂ
ਸਾਨੂੰ ਰੋਜ਼ ਕਿਆਮਤ ਦਾ ਆਣ ਢੁੱਕਾ ਬੈਠੇ ਰੋਂਦੜੇ ਟੱਕਰਾਂ ਮਾਰਨੇ ਹਾਂ
ਪਿਆ ਕੱਲ੍ਹ ਦਾ ਕੋੜਮਾਂ ਸੱਭ ਰੋਂਦਾ ਅਸੀਂ ਕਾਗ ਤੇ ਮੋਰ ਉਡਾਰਨੇ ਹਾਂ
ਹੱਥ ਬੰਨ੍ਹਕੇ ਬੇਨਤੀ ਜੋਗੀਆ ਵੇ ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ
ਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ ਤੇਰੀਆਂ ਕੁਦਰਤਾਂ ਤੋਂ ਬਲਿਹਾਰਨੇ ਹਾਂ
ਸਵਾਲ ਮੰਨਣਾ ਕੰਮ ਹੈ ਸੂਰਿਆਂ ਦਾ ਅਸੀਂ ਅਪਣੇ ਜੋਰ ਨੂੰ ਹਾਰਨੇ ਹਾਂ
ਏਤਬਾਰ ਕਰਨਾ ਕੰਮ ਸੂਰਮੇ ਦਾ ਆਏ ਮਰਦ ਨੂੰ ਮਰਦ ਧਮਕਾਰਨੇ ਹਾਂ
ਤੇਰੀ ਮਿਹਰ ਦੇ ਨਾਲ ਹੋ ਜਾਏ ਚੰਗੀ ਅਸੀਂ ਤੁੱਧ ਤੇ ਆਣ ਪੂਕਾਰਨੇ ਹਾਂ
ਇਹ ਵਹੁਟੜੀ ਦਾ ਵੇਲਾ ਜੋਗੀਆਂ ਓਏ ਔਖੇ ਵੇਲੜੇ ਤੁੱਧ ਵੰਗਾਰਨੇ ਹਾਂ
ਵਾਰਸਸ਼ਾਹ ਵਿਸਾਹ ਕੀ ਏਸ ਦਮ ਦਾ ਐਵੇਂ ਰਾਇਗਾਂ ਉਮਰ ਕਿਉਂ ਹਾਰਨੇ ਹਾਂ

ਜੋਗੀ ਨੇ ਹੀਰ ਦੇ ਇਲਾਜ ਵਾਸਤੇ ਆਉਣਾ

ਜੋਗੀ ਚੱਲਿਆ ਰੂਹ ਦੀ ਕਲਾ ਹਿੱਲੀ ਤਿੱਤਰ ਬੋਲਿਆ ਸ਼ਗਨ ਮਨਾਉਣੇ ਨੂੰ
ਐਤਵਾਰ ਨਾ ਪੁੱਛਿਆ ਖੇੜਿਆਂ ਨੇ ਜੋਗੀ ਆਂਦਾ ਨੇ ਸੀਸ ਮੁਨਾਉਣੇ ਨੂੰ
ਵੇਖੋ ਅਕਲ ਸ਼ਊਰ ਜੋ ਮਾਰਿਆ ਨੇ ਤਾਮਾ ਬਾਜ ਦੇ ਹੱਥ ਫੜਾਉਣੇ ਨੂੰ
ਭੁੱਖਾ ਖੰਡ ਤੇ ਖੀਰ ਦਾ ਹੋਯਾ ਰਾਖਾ ਰੰਡਾ ਘੱਲਿਆ ਸਾਕ ਕਰਾਉਣੇ ਨੂੰ
ਉਨ੍ਹਾਂ ਜ਼ਹਿਰ ਦੇ ਵਾਸਤੇ ਸੱਦ ਆਂਦਾ ਸਗੋਂ ਆਯਾ ਸੀ ਜ਼ਹਿਰ ਵਧਾਉਣੇ ਨੂੰ
ਹੱਥੀਂ ਆਪਣੀ ਵੈਰ ਸਹੇੜਿਓ ਨੇ ਝੁੱਗਾ ਚੌੜ ਚੁਪੱਟ ਕਰਾਉਣੇ ਨੂੰ
ਆਖਣ ਵੈਸ਼ਨੋਂ ਦੇਵੀ ਦਾ ਵਰਤ ਰੱਖੀਏ ਬਾਂਦਰ ਫੁੱਲੀਆਂ ਪਾਸ ਬਿਠਾਉਣੇ ਨੂੰ