ਪੰਨਾ:ਹੀਰ ਵਾਰਸਸ਼ਾਹ.pdf/322

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੪)

ਸਰ੍ਹੋਂ ਢੱਕ ਮਕੌੜਿਆਂ ਕੋਲ ਰੱਖੀ ਦਾਣੇ ਕੁੱਕੜਾਂ ਪਾਸ ਸੁਕਾਉਣੇ ਨੂੰ
ਗਿਦੜ ਕਚਰਿਆਂ ਤੇ ਜਮਾਦਾਰ ਸਹਿਆ ਉੱਠ ਚੱਲਿਆ ਬਾਗ ਲਗਾਉਣੇ ਨੂੰ
ਬੇੜੀ ਕਾਗਦੀ ਬਾਂਦਰ ਮਲਾਹ ਬਣਿਆ ਉਹਨੂੰ ਘੱਲਿਆ ਪੂਰ ਲੰਘਾਉਣੇ ਨੂੰ
ਅਯੜ ਅਗੇ ਬਘਿਆੜ ਦੇ ਛੇੜ ਦਿੱਤਾ ਸ਼ੇਰ ਚੱਲਿਆ ਮਹੀਂ ਚਰਾਉਣੇ ਨੂੰ
ਰਾਖਾ ਮਾਲ ਦਾ ਧਾੜਵੀ ਰੱਖਿਓ ਨੇ ਚੋਰ ਸੱਦਿਆ ਖੋਜ ਲਗਾਉਣੇ ਨੂੰ
ਪਹਿਲੋਂ ਆਪ ਬਘਿਆੜ ਨੂੰ ਛੇੜ ਅਯੜ ਹਸਰਤ ਨਾਲ ਫਿਰ ਹੱਥ ਕਟਾਉਣੇ ਨੂੰ
ਨੀਯਤ ਖਾਸ ਕਰਕੇ ਉਨ੍ਹਾਂ ਸੱਦ ਆਂਦਾ ਮੀਆਂ ਆਯਾ ਹੈ ਰੰਨ ਖਿਸਕਾਉਣੇ ਨੂੰ
ਰਾਖਾ ਜਵਾਂ ਦੇ ਢੇਰ ਦਾ ਗੱਧਾ ਹੋਯਾ ਅੰਨ੍ਹਾ ਘੱਲਿਆ ਹਰਫ਼ ਲਿਖਾਉਣੇ ਨੂੰ
ਝੁੁੱਗੇ ਵਸਦੇ ਚੌੜ ਕਰਾਉਣੇ ਨੂੰ ਮੁਢੋਂ ਪੱਟ ਬੂਟਾ ਲੈ ਕੇ ਜਾਉਣੇ ਨੂੰ
ਉਨ੍ਹਾਂ ਸੱਪ ਦਾ ਮਾਂਦਰੀ ਸੱਦ ਆਂਦਾ ਸਗੋਂ ਆਯਾ ਏ ਸੱਪ ਲੜਾਉਣੇ ਨੂੰ
ਸੱਪ ਮਕਰ ਦਾ ਪਰੀ ਦੇ ਪੈਰ ਲੜਿਆ ਸੁਲੇਮਾਨ ਆਯਾ ਝਾੜਾ ਪਾਉਣੇ ਨੂੰ
ਆਉਣੋਂ ਜਾਉਣੋਂ ਲੋਕ ਹਟਾ ਦਿੱਤੇ ਆਯਾ ਮਾਂਦਰੀ ਕੀਲ ਕਰਾਉਣੇ ਨੂੰ
ਗੋਸ਼ੇ ਯਾਰ ਦੇ ਯਾਰ ਮਿਲਾਇਓ ਨੇ ਖੋਲ੍ਹ ਦਿਲਾਂ ਦੇ ਹਾਲ ਸੁਣਾਉਣੇ ਨੂੰ
ਜੋਗੀ ਹੀਰ ਦੇ ਪਾਸ ਜਾ ਬੈਠਦਾ ਏ ਕਰਦਾ ਮੰਤਰ ਦਰਦ ਹਟਾਉਣੇ ਨੂੰ
ਖੇੜੇ ਕੰਮ ਦੇ ਕਾਰਨੇ ਸਦ ਆਂਦਾ ਆਯਾ ਕਿਹੀ ਕਰਤੂਤ ਕਮਾਉਣੇ ਨੂੰ
ਵਾਰਸ ਬੰਦਗੀ ਵਾਸਤੇ ਘੱਲਿਆ ਏ ਆ ਲਗਾ ਏ ਪਹਿਨਣੇ ਖਾਉਣੇ ਨੂੰ

ਕਲਾਮ ਔਰਤਾਂ

ਅਜੂ ਵਡਾ ਈ ਆਪਨੂੰ ਜਾਣਦਾ ਸੀ ਡੇਰੇ ਜਾਇਕੇ ਆਪ ਲੈ ਆਇਆ ਨੀ
ਭਲਾ ਹੋਯਾ ਭੈਣਾਂ ਹੀਰ ਬਚੀ ਜਾਨੋ ਮੰਨ ਮੰਨੇ ਦਾ ਵੈਦ ਹੁਣ ਆਇਆ ਨੀ
ਦੁਖ ਦਰਦ ਗਏ ਸਭੋ ਹੀਰ ਵਾਲੇ ਕਾਮਲ ਵਲੀ ਨੇ ਫੇਰੜਾ ਪਾਇਆ ਨੀ
ਜਿਹੜਾ ਛੱਡ ਚੁਧਰਾਈਆਂ ਚਾਕ ਹੋਯਾ ਵੱਤ ਓਸਨੇ ਜੋਗ ਕਮਾਇਆ ਨੀ
ਜੈਂਦਾ ਨਾਮ ਲਿਆਂ ਖੇੜੇ ਚੀਕਦੇ ਸਨ ਸਹੁਰਾ ਹੀਰ ਦਾ ਆਪ ਲਿਆਇਆ ਨੀ
ਜੈੈਂਦੀ ਵੰਜਲੀ ਦੇ ਵਿੱਚ ਲੱਖ ਮੰਤਰ ਇਹ ਅੱਲਾ ਨੇ ਵੈਦ ਮਿਲਾਇਆ ਨੀ
ਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ ਸਾਵਣ ਮਾਹ ਜਿਉਂ ਮੀਂਹ ਵਸਾਇਆ ਨੀ
ਨਾਲੇ ਸਹਿਤੀ ਦੇ ਹਾਲ ਤੇ ਰੱਬ ਤੁਠਾ ਮਾਲਕ ਦਿਲਾਂ ਦਾ ਜੋਗੀੜਾ ਆਇਆ ਨੀ
ਇਨ੍ਹਾਂ ਸਿਦਕੀਆਂ ਦੀ ਦੁਆ ਰੱਬ ਸੁਣੀ ਉਸ ਵਾਂਢੜੀ ਦਾ ਯਾਰ ਆਇਆ ਨੀ
ਤਿਨ੍ਹਾਂ ਧਿਰਾਂ ਦੀ ਹੋਈ ਮੁਰਾਦ ਪੂਰੀ ਧੂੰਆਂ ਏਸ ਚਰੋਕਣਾ ਲਾਇਆ ਨੀ
ਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ ਇਸਮ ਆਜ਼ਮ ਤੇ ਅਸਰ ਕਰਾਇਆ ਨੀ