(੩੦੫)
ਮਹਿਮਾਨ ਜਿਉਂ ਆਉਂਦਾ ਲੈਣ ਵਹੁਟੀ ਅਗੇ ਸਹੁਰਿਆਂ ਪਲੰਗ ਵਿਛਾਯਾ ਨੀ
ਸਿਧਾ ਰਾਹ ਵੇਖੋ ਏਥੇ ਕੋਈ ਹੁੰਦਾ ਜੱਗ ਧੂੜ ਭੁਲਾਉੜਾ ਪਾਇਆ ਨੀ
ਮੰਤਰ ਇੱਕ ਤੇ ਪੁਤਲੀਆਂ ਦੋ ਆਵਣ ਅਲਾ ਵਾਲਿਆਂ ਖੇਲ ਰਚਾਇਆ ਨੀ
ਮਿਸ਼ਤ ਸ਼ਾਹ ਹੋਰੀਂ ਅੱਜ ਆਣ ਬੈਠੇ ਤੰਬੂ ਆਨ ਉਧਾਲੂਆਂ ਲਾਇਆ ਨੀ
ਸੇਵਾ ਕਰੇ ਜੋਗੀ ਬੈਠਾ ਮੁੱਦਤਾਂ ਦਾ ਅੱਜ ਖੇੜਿਆਂ ਨੇ ਖੈਰ ਪਾਇਆ ਨੀ
ਕਖੋਂ ਲੱਖ ਚਾ ਕਰੇ ਖ਼ੁਦਾਅ ਸੱਚਾ ਦੁੱਖ ਹੀਰ ਦਾ ਰੱਬ ਗਵਾਇਆ ਨੀ
ਭਲਾ ਹੋਯਾ ਜੇ ਕਿਸੇ ਦੀ ਆਸ ਪੁੰਨੀ ਰੱਬ ਵਿਛੜਿਆ ਯਾਰ ਮਿਲਾਇਆ ਨੀ
ਸਹਿਤੀ ਆਪਣੇ ਹੱਥ ਅਖਤਿਆਰ ਲੈ ਕੇ ਡੇਰਾ ਡੂੰਮਾਂ ਦੀ ਕੋਠੜੀ ਪਾਇਆ ਨੀ
ਰੰਨਾਂ ਝੱਟ ਮੋਹ ਲੈਣ ਸ਼ਾਹਜ਼ਾਦਿਆਂ ਨੂੰ ਵੇਖੋ ਇਫ਼ਤਰਾ ਕੌਣ ਬਣਾਇਆ ਨੀ
ਆਪੇ ਧਾੜਵੀ ਦੇ ਅਗੇ ਮਾਲ ਦਿੱਤਾ ਪਿਛੋਂ ਸਾਂਗਰੂ ਢੋਲ ਵਜਾਇਆ ਨੀ
ਭਲਕੇ ਐਥੇ ਨ ਹੋਵਸਨ ਦੋਇ ਕੁੜੀਆਂ ਸਾਨੂੰ ਸਗਨ ਇਹਾ ਨਜ਼ਰ ਆਇਆ ਨੀ
ਜਦੋਂ ਜੋਗੀ ਤੇ ਰੱਬ ਦੀ ਮਿਹਰ ਹੋਈ ਕਲਰ ਸ਼ੋਰ ਵਿੱਚ ਬਾਗ ਲਵਾਇਆ ਨੀ
ਵਾਰਸਸ਼ਾਹ ਸ਼ੈਤਾਨ ਬਦਨਾਮ ਕਰਸੂ ਲੂਣ ਥਾਲ ਦੇ ਵਿੱਚ ਭਨਵਾਇਆ ਨੀ
ਸਹੇਲੀਆਂ ਦੀ ਹੀਰ ਨਾਲ ਮਸਖਰੀ
ਕੁੜੀਆਂ ਆਖਿਆ ਜਾ ਕੇ ਹੀਰ ਤਾਈਂ ਅਨੀ ਵਹੁਟੀਏ ਅੱਜ ਵਧਾਈ ਏ ਨੀ
ਮਿਲੀ ਆਬਹਯਾਤ ਪਿਆਸਿਆਂ ਨੂੰ ਹੱਦ ਜੋਗੀਆਂ ਦੀ ਵਿੱਚ ਆਈਏਂ ਨੀ
ਤੈਨੂੰ ਦੋਜ਼ਖ ਦੀ ਆਂਚ ਹਰਾਮ ਹੋਈ ਰੱਬ ਵਿੱਚ ਬਹਿਸ਼ਤ ਦੇ ਪਾਈਏਂ ਨੀ
ਪੂਰੀ ਰੱਬ ਨੇ ਮੇਲ ਕੇ ਤਾਰੀਏਂ ਨੀ ਮੋਤੀ ਲਾਲ ਦੇ ਨਾਲ ਪੁਰਾਈਏਂ ਨੀ
ਜਿੱਸ ਵੈਦ ਨੂੰ ਨਿੱਤ ਪੁਕਾਰਦੀ ਸੈਂ ਉਸ ਵੈਦ ਨੇ ਆਣ ਉਠਾਈਏਂ ਨੀ
ਸਗੋਂ ਘੁੱਸਿਆਂ ਨੂੰ ਸਾਲ ਗੁਜਰ ਗਏ ਰੱਬ ਨਾਲ ਸਬੱਬ ਮਲਾਈਏਂ ਨੀ
ਉਹੋ ਆਣ ਮਿਲਿਆ ਪਿਛਲਾ ਯਾਰ ਤੈਨੂੰ ਬਾਹੋਂ ਪਕੜਕੇ ਜਿੱਸ ਉਠਾਈਏਂ ਨੀ
ਰੰਗੋਂ ਵਿਛੜੀ ਨਰਦ ਨੂੰ ਰੰਗ ਮਿਲਿਆ ਜੋੜੀ ਰੰਗ ਦੇ ਨਾਲ ਮਿਲਾਈਏਂ ਨੀ
ਤੇਰੀ ਰੱਬ ਨੇ ਆਸ ਪੁਜਾ ਦਿੱਤੀ ਅੱਜ ਯਾਰ ਦੇ ਨਾਲ ਮਿਲਾਈਏਂ ਨੀ
ਰੱਬ ਆਪ ਸੱਚੇ ਆਣ ਕਰਮ ਕੀਤਾ ਬੇੜੀ ਰੁੜ੍ਹਦੀ ਤੂੰ ਬੰਨੇ ਲਾਈਏਂ ਨੀ
ਵਹੁਟੀ ਜੀਉਂਦੀ ਬਚੀ ਹੈ ਭਲਾ ਹੋਯਾ ਜੋਗੀ ਝਾਰੜਾ ਪਾ ਬਚਾਈਏਂ ਨੀ
ਇਹ ਨਹੀਂ ਜੋਗੀ ਵਲੀ ਕੁਤਬ ਕੋਈ ਜਿੱਸ ਆਪਣਾ ਫਜ਼ਲ ਕਰਾਈਏਂ ਨੀ
ਤੇਰੇ ਦਿੱਲ ਦੀ ਹੋਈ ਮੁਰਾਦ ਹਾਸਲ ਰਾਂਝੇ ਯਾਰ ਦੇ ਹੱਥ ਫੜਾਈਏਂ ਨੀ
ਵਾਰਸਸ਼ਾਹ ਕਹੁ ਹੀਰ ਦੀ ਸੱਸ ਤਾਈਂ ਅੱਜ ਰੱਬ ਨੇ ਚੌੜ ਕਰਾਈਏਂ ਨੀ