ਪੰਨਾ:ਹੀਰ ਵਾਰਸਸ਼ਾਹ.pdf/324

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੬)

ਕਲਾਮ ਜੋਗੀ

ਜੋਗੀ ਸ਼ਗਨ ਮਨਾਇਕੇ ਆਣ ਵੜਿਆ ਕਹਿੰਦਾ ਪੀਰ ਦਾ ਰੋਟ ਪਕਾਉਣਾ ਜੇ
ਫਿਰੇ ਮਰਦ ਔਰਤ ਨਾਹੀਂ ਗੈਰ ਕੋਈ ਕਿਸੇ ਨਾਂਹ ਪਿਛਾਉੜਾ ਪਾਉਣਾ ਜੇ
ਹੋਵੇ ਇੱਕ ਨਵੇਕਲੀ ਜਾ ਚੰਗੀ ਜਿੱਥੇ ਹੀਰ ਦਾ ਪਲੰਘ ਵਿਛਾਉਣਾ ਜੋ
ਤੇ ਮੈਂ ਗੁਰੂ ਮੰਤਰ ਪੜ੍ਹਾਾਂ ਲੱਖ ਵਾਰੀ ਮੇਰੇ ਪੀਰ ਦਾ ਇਹ ਫੁਰਮਾਉਣਾ ਜੇ
ਧੂਆਂ ਧੂਪ ਧੁਖਾਇਕੇ ਰਾਤ ਅੰਦਰ ਗੁਰ ਮੰਤਰਾਂ ਜਤਨ ਕਰਾਉਣਾ ਜੇ
ਵਾਰਸਸ਼ਾਹ ਮੀਆਂ ਬੂਹਾ ਬੰਦ ਕਰਨਾ ਬਾਰ ਬਾਰ ਨਾਹੀਂ ਏਥੇ ਆਉਣਾ ਜੇ

ਕਲਾਮ ਜੋਗੀ

ਦਰਦ ਦੂਰ ਹੋਸੀ ਰੱਬ ਸੁੱਖ ਕਰਸੀ ਮੇਰਾ ਆਖਣਾ ਨਾਂਹ ਭੁਲਾਉਣਾ ਓਏ
ਜੋਗੀ ਆਖਿਆ ਫਿਰੇ ਨਾ ਮਰਦ ਔਰਤ ਪਵੇ ਕਿਸੇ ਦਾ ਨਾਂਹ ਪਰਛਾਉਣਾ ਓਏ
ਕਰਾਂ ਬੈਠ ਨਵੇਕਲਾ ਜਤਨ ਗੋਸ਼ੇ ਕੋਈ ਨਹੀਂ ਜੇ ਛਿੰਝ ਪਵਾਉਣਾ ਓਏ
ਕੰਨ ਸੰਨ੍ਹ ਵਿੱਚ ਵਹੁਟੜੀ ਆਣ ਫਾਬੀ ਨਾਹੀਂ ਸਹਿਮ ਤੇ ਸ਼ੋਰ ਕਰਾਉਣਾ ਓਏ
ਇਕੋ ਆਦਮੀ ਆਉਣਾ ਮਿਲੇ ਸਹਿਤੀ ਔਖਾ ਸੱਪ ਦਾ ਰੋਗ ਗਵਾਉਣਾ ਓਏ
ਕੁਆਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ ਨਾਹੀਂ ਹੋਰ ਕਿਸੇ ਐਥੇ ਆਉਣਾ ਓਏ
ਮਸਤ ਲਟਕਦਾ ਖੁਸ਼ੀ ਦੀਦਾਰ ਦੀ ਨੂੰ ਦੁੱਖ ਆਪਣਾ ਚਾ ਹਟਾਉਣਾ ਓਏ
ਉਹਦੇ ਡੰਗ ਉੱਤੇ ਅਸਾਂ ਲਾ ਮਣਕਾ ਉੱਸੇ ਸੱਪ ਨੂੰ ਡੰਗ ਚਟਾਉਣਾ ਓਏ
ਸੱਪ ਨੱਸ ਜਾਏ ਛਾਲ ਮਾਰ ਜਾਏ ਖਰਾ ਔਖੜਾ ਛਿਲਾ ਕਮਾਉਣਾ ਓਏ
ਮਹਿਰ ਅਜੂ ਦੇ ਪੁੱਤ ਨੂੰ ਹੱਥ ਲਾਯਾ ਸੈਦੇ ਖੇੜੇ ਨੂੰ ਮੱਤ ਸਿਖਾਉਣਾ ਓਏ
ਲਿਖਿਆ ਸਤ ਸੈ ਵਾਰ ਕੁਰਾਨ ਅੰਦਰ ਨਹੀਂ ਛੱਡ ਨਮਾਜ਼ ਪਛਤਾਉਣਾ ਓਏ
ਵਾਰਸਸ਼ਾਹ ਉਹਦੀ ਕਰੀਂ ਬੰਦਗੀ ਤੂੰ ਮੁੜ ਵੱਤ ਨਾ ਜੱਗ ਤੇ ਆਉਣਾ ਓਏ

ਜੋਗੀ ਦੇ ਹੁਕਮ ਦੀ ਤਾਮੀਲ

ਸਹਿਤੀ ਕੁੜੀ ਨੂੰ ਸੱਦ ਕੇ ਸੋੋਂਪਿਓ ਨੇ ਮੰਜੀ ਵਿੱਚ ਐਵਾਨ ਡਵ੍ਹਾਇਕੇ ਤੇ
ਪਿੰਡੋਂ ਬਾਹਰ ਇੱਕ ਡੂੰਮਾਂ ਦਾ ਕੋਠੜਾ ਸੀ ਓਥੇ ਦਿੱਤੀ ਨੇ ਥਾਂ ਬਣਾਇਕੇ ਤੇ
ਨਾਢੂ ਸ਼ਾਹ ਬਣਿਆ ਮਸਤ ਹੋ ਆਸ਼ਕ ਮਾਸ਼ੂਕ ਨੂੰ ਕੋਲ ਬਹਾਇਕੇ ਤੇ
ਖੇੜੇ ਆਪ ਜਾ ਘਰੀਂ ਬੇਫ਼ਿਕਰ ਸੁੱਤੇ ਤਾਮਾ ਬਾਜ ਦੇ ਹੱਥ ਫੜਾਇਕੇ ਤੇ
ਉਨ੍ਹਾਂ ਖੇਹ ਸਿਰ ਘੱਤ ਕੇ ਪਿਟਨਾ ਏਂ ਜਿਨ੍ਹਾਂ ਵਿਆਹੀ ਸੀ ਧੜੀ ਲਗਾਇਕੇ ਤੇ
ਭਲਕੇ ਮਾਲਕ ਨਾ ਹੋਵਸਨ ਮੂਲ ਖੇੜੇ ਜਿਨ੍ਹਾਂ ਵਿਆਹੀ ਸੀ ਸ਼ਗਨ ਮਨਾਇਕੇ ਤੇ
ਉਨ੍ਹਾਂ ਜਗਤ ਉਲਾਂਭੜੇ ਬਹੁਤ ਦੇਸੀ ਹੁਣ ਬੈਠਿਓਂ ਨੂੰਹ ਗਵਾਇਕੇ ਤੇ
ਵਾਰਸਸ਼ਾਹ ਫਿਰ ਤਿਨ੍ਹਾਂ ਨੇ ਵੈਣ ਕਰਨੇ ਜਿਨ੍ਹਾਂ ਵਿਆਹੀਓਂ ਘੋੜੀਆਂ ਗਾਇਕੇ ਤੇ