(੩੦੭)
ਰਾਂਝੇ ਨੇ ਪੰਜ ਪੀਰਾਂ ਨੂੰ ਯਾਦ ਕਰਨਾ
ਰਾਂਝਾ ਕੋਠੜੀ ਦੇ ਵਿੱਚ ਤੰਗ ਬੈਠਾ ਦਿਲ ਓਸਦਾ ਅੰਦਰੋਂ ਡੋਲਿਆ ਏ
ਅਧੀ ਰਾਤ ਰਾਂਝੇ ਪੀਰ ਯਾਦ ਕੀਤਾ ਤੁਰਾ ਖ਼ਿਜ਼ਰ ਦਾ ਹੱਥ ਲੈ ਤੋਲਿਆ ਏ
ਸ਼ਕਰਗੰਜ ਦਾ ਪਕੜ ਰੁਮਾਲ ਚੁੰਮੇਂ ਮੁੰਦਰਾ ਲਾਲ ਸ਼ਾਹਬਾਜ ਦਾ ਖੋਲ੍ਹਿਆ ਏ
ਖੂੰਡੀ ਸਯਦ ਜਲਾਲ ਬੁਖਾਰੀਏ ਦੀ ਵਿੱਚੋਂ ਅਤਰ ਦੇ ਮੁਸ਼ਕ ਨੂੰ ਝੋਲਿਆ ਏ
ਖੰਜਰ ਕੱਢ ਮਖਦੂਮ ਜਹਾਨੀਏਂ ਦਾ ਵਿੱਚੋਂ ਰੂਹ ਰੰਝੇਟੇ ਦਾ ਬੋਲਿਆ ਏ
ਮਦਦ ਪੀਰਾਂ ਦੀ ਹੋਵੇ ਜਿਸ ਸ਼ਖਸ ਤਾਈਂ ਓਥੇ ਏਥੇ ਨਾ ਕਿਸੇ ਥੀਂ ਜੋਲਿਆ ਏ
ਮੁਸ਼ਕਲ ਕਰਨ ਆਸਾਨ ਆ ਪੀਰ ਮੇਰੇ ਰਾਂਝੇ ਯਾਰ ਨੇ ਸੁਖਨ ਇਹ ਬੋਲਿਆ ਏ
ਤੇਰੀਆਂ ਮੁਸ਼ਕਲਾਂ ਸੱਭ ਆਸਾਨ ਬੱਚਾ ਜੀਉ ਸਾਡੜਾ ਤੁੱਧ ਨੇ ਮੋਹ ਲਿਆ ਏ
ਪੀਰ ਬਹਾਵਦੀਨ ਜ਼ਿਕਰੀਏ ਧਮਕ ਦਿੱਤੀ ਕੰਢਾ ਡਾਹ ਕੇ ਕਾਸਨੂੰ ਖੋਲਿਆ ਏ
ਜਾਹ ਪੁਸ਼ਤ ਪਨਾਹ ਹੈ ਰੱਬ ਤੇਰੀ ਜੱਟਾ ਕਿਉਂ ਤੇਰਾ ਦਿੱਲ ਡੋਲਿਆ ਏ
ਜਾਹ ਬੈਠਾ ਏਂ ਕਾਸਨੂੰ ਉੱਠ ਜੱਟਾ ਸਵੀਂ ਨਹੀਂ ਤੇਰਾ ਰਾਹ ਖੋਲ੍ਹਿਆ ਏ
ਵਾਰਸਸ਼ਾਹ ਪਛੋਤਾਵੇਂ ਬੰਦਗੀ ਨੂੰ ਅਜਰਾਈਲ ਜਦ ਧੌਣ ਚੜ੍ਹ ਬੋਲਿਆ ਏ
ਜੋਗੀ ਦਾ ਨੱਸਣਾ ਸਹਿਤੀ ਦਾ ਮੁਰਾਦ ਮੰਗਣਾ
ਨਿਕਲ ਕੋਠਿਓਂ ਤੁਰਤ ਤਿਆਰ ਹੋਯਾ ਸਹਿਤੀ ਆਣ ਹਜ਼ੂਰ ਸਲਾਮ ਕੀਤਾ
ਬੇੜਾ ਲਾ ਬੰਨੇ ਅਸਾਂ ਆਜਜ਼ਾਂ ਦਾ ਰੱਬ ਫ਼ਜ਼ਲ ਤੇਰੇ ਉਤੇ ਆਮ ਕੀਤਾ
ਤੇਰਾ ਆਖਣਾ ਦਿਲੋਂ ਮਨਜ਼ੂਰ ਕਰਕੇ ਖੱਤਾ ਖੇੜਿਆਂ ਦਾ ਸਭੋ ਖਾਮ ਕੀਤਾ
ਮੈਂ ਤਾਂ ਹੋਈ ਖੁਆਰ ਜਹਾਨ ਸਾਰੇ ਨਾਮ ਯਾਰ ਦਾ ਕੁੱਲ ਬਦਨਾਮ ਕੀਤਾ
ਮੇਰਾ ਯਾਰ ਮਿਲਾਉਣਾ ਮਿਹਰ ਸੇਤੀ ਅਸਾਂ ਕੰਮ ਤੇਰਾ ਸਰੰਜਾਮ ਕੀਤਾ
ਭਾਬੀ ਹੱਥ ਫੜਾਇਕੇ ਟੋਰ ਦਿੱਤੀ ਬਦੂ ਖੇੜਿਆਂ ਨੂੰ ਖ਼ਾਸ ਆਮ ਕੀਤਾ
ਸ਼ਰਮ ਮਾਪਿਆਂ ਦੀ ਸਭੋ ਰੋੜ੍ਹ ਦਿਤੀ ਸੱਸੀ ਨਾਲ ਜਿਵੇਂ ਆਦਮ ਜਾਮ ਕੀਤਾ
ਤੇਰੇ ਵਾਸਤੇ ਮਾਪਿਆਂ ਨਾਲ ਕੀਤੀ ਜਿਵੇਂ ਅਲੀ ਦੇ ਨਾਲ ਗ਼ੁਲਾਮ ਕੀਤਾ
ਜਦੋਂ ਕੋਠਿਓਂ ਦੌੜ ਕੇ ਨਿਕਲ ਤੁਰਿਆ ਹੱਥ ਬੰਨ੍ਹ ਕੇ ਆਣ ਸਲਾਮ ਕੀਤਾ
ਮੂੂੰਹੋਂ ਕਹੇ ਮੁਰਾਦ ਜੇ ਮਿਲੇ ਮੈਨੂੰ ਇਹੋ ਤੁੱਧ ਥੀਂ ਤਲਬ ਇਮਾਮ ਕੀਤਾ
ਜੋ ਕੁਝ ਹੋਵਣੀ ਨੇ ਸੀਤਾ ਨਾਲ ਕੀਤੀ ਅਤੇ ਦਹਿਸਰੇ ਨਾਲ ਜੋ ਰਾਮ ਕੀਤਾ
ਮਿਲੇ ਸ਼ਾਹ ਮੁਰਾਦ ਤਾਂ ਮੋਈ ਜੀਵਾਂ ਮੈਂ ਤਾਂ ਜਾਣਕੇ ਅੱਜ ਅਰਾਮ ਕੀਤਾ
ਉੱਥੇ ਟੁੱਟਿਆਂ ਦਿਲਾਂ ਨੂੰ ਖੁਸ਼ੀ ਹੋਵੇ ਜਿੱਥੇ ਰੱਬ ਨੇ ਆਣ ਮੁਕਾਮ ਕੀਤਾ
ਦਿਲ ਜਾਨ ਥੀਂ ਹੋਇਕੇ ਟਹਿਲ ਕੀਤੀ ਤੇਰਾ ਕੰਮ ਸਾਈਆਂ ਬਾ ਅੰਜਾਮ ਕੀਤਾ