ਪੰਨਾ:ਹੀਰ ਵਾਰਸਸ਼ਾਹ.pdf/328

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੩੧੦)

ਬਿਜਲੀ ਗਈ ਅਸਥਾਨ ਥੀਂ ਇਸ ਗੈਬੋਂ ਸੱਭ ਬਾਗ ਬੂਟਾ ਸਾਫ਼ ਹੋ ਗਿਆ
ਜੋਗੀ ਲੈ ਗਿਆ ਹੀਰ ਨੂੰ ਸਣੇ ਸਹਿਤੀ ਸਾਡਾ ਸ਼ਰਮ ਹਯਾ ਸਭ ਖੋ ਗਿਆ
ਚਾਦਰ ਚਿਟੀ ਨੂੰ ਦਾਗ਼ ਸਿਆਹ ਲੱਗਾ ਜੋਗੀ ਆਪਣਾ ਧੋਵਣਾ ਧੋ ਗਿਆ
ਕਈ ਕੁਲਾਂ ਤੋਂ ਦਾਗ ਨਾ ਦੂਰ ਹੋਸੀ ਸਾਨੂੰ ਕਾਲ ਕੀ ਘੱਤ ਸਮੋ ਗਿਆ
ਜ਼ਿਮੀ ਤਖ਼ਤ ਅਸਮਾਨ ਭੀ ਦੂਰ ਦਿੱਸੇ ਜਿਹੜਾ ਹੋਵਣਾ ਸੀ ਸੋਈ ਹੋ ਗਿਆ
ਸਾਡਾ ਜੀਵਨਾ ਬਹੁਤ ਮੁਹਾਲ ਹੋਯਾ ਵਾਰਸਸ਼ਾਹ ਹੁਣ ਅੰਦਰੋਂ ਰੋ ਗਿਆ

ਕਲਾਮ ਸ਼ਾਇਰ

ਹਾਲ ਹਾਲ ਕਰਕੇ ਵਾਹਰਾਂ ਭੱਜ ਪਈਆਂ ਚਾਂਗ ਕੂਕਦੀ ਵਿੱਚ ਅਕਾਸ਼ ਹੋਈ
ਸੁਣੋ ਅੰਦਰੋਂ ਬਾਹਰੋਂ ਹਾਲ ਬੂਬੂ ਸੱਸ ਹੀਰ ਦੀ ਉੱਠ ਹਰਾਸ ਹੋਈ
ਇੱਕ ਚਿੱਤੜ ਵਜਾਂਵਦੇ ਜਾਣ ਭੰਨੇ ਭਲਾ ਹੋਯਾ ਫਕੀਰ ਦੀ ਆਸ ਹੋਈ
ਇੱਕ ਜਾਣ ਰੋੋਂਦੇ ਜੂਹ ਖੇੜਿਆਂ ਦੀ ਅੱਜ ਦੇਖੋ ਤੇ ਚੌੜ ਨਖਾਸ ਹੋਈ
ਜੋਗੀ ਲੈ ਗਿਆ ਸਹਿਤੀ ਤੇ ਹੀਰ ਤਾਈਂ ਗੱਲ ਆਮ ਓਵੇਂ ਅੱਜ ਖ਼ਾਸ ਹੋਈ
ਇੱਕ ਲਈ ਡੰਡੇ ਨੰਗੇ ਜਾਣ ਭੱਜੇ ਯਾਰੋ ਪਈ ਸੀ ਹੀਰ ਉਦਾਸ ਹੋਈ
ਇੱਕੋ ਦਰਦ ਸੀ ਹੀਰ ਨੂੰ ਸੁਣੋ ਯਾਰੋ ਦਿਨ ਰਾਤ ਨੱਢੀ ਸੀ ਹਰਾਸ ਹੋਈ
ਵਾਰਸਸ਼ਾਹ ਨਾ ਮੁੁੰਨਦਿਆਂ ਢਿੱਲ ਲਗਦੀ ਜਦੋਂ ਉਸਤਰੇ ਨਾਲ ਪਟਾਸ ਹੋਈ

ਕਲਾਮ ਸ਼ਾਇਰ

ਪਹਿਲਾਂ ਵਾਹਰਾਂ ਆਣ ਮੁਰਾਦ ਮਿਲੀਆਂ ਅਗੇ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ
ਪਕੜ ਤਰਕਸਾਂ ਤੀਰ ਕਮਾਨ ਦੌੜੇ ਖੇੜੇ ਨਾਲ ਹਥਿਆਰਾਂ ਦੇ ਮਾਰ ਦਿੱਤੇ
ਜੇੜ੍ਹੇ ਵਾਹਰਾਂ ਘਤੇ ਸੇ ਠਾਠ ਯਾਰੋ ਵਾਹ ਵਾਹ ਕਰਦੇ ਸਭੇ ਪਾੜ ਦਿੱਤੇ
ਮਾਰ ਬਰਛੀਆਂ ਆਣ ਬਲੋਚ ਕੜਕੇ ਤੇਗਾਂ ਮਾਰਕੇ ਪਿੰਡ ਵਿਚ ਵਾੜ ਦਿੱਤੇ
ਇੱਕ ਦੂਏ ਦੇ ਨਾਲ ਨਾ ਰਹਿਆ ਕੋਈ ਖੋਹ ਖੋਹ ਕੇ ਮਾਰ ਉਜਾੜ ਦਿੱਤੇ
ਵਾਂਗ ਫੌਜ ਸਕੰਦਰੀ ਧਾ ਵਾਹਰਾਂ ਦਾਰਾ ਮਾਰਿਆ ਖੇਤ ਵਿਗਾੜ ਦਿੱਤੇ
ਵਾਰਸਸ਼ਾਹ ਜਾਂ ਰੱਬ ਨੇ ਮਿਹਰ ਕੀਤੀ ਬੱਦਲ ਕਹਿਰ ਦੇ ਲੁਤਫ਼ ਨੇ ਪਾੜ ਦਿੱਤੇ

ਤਥਾ

ਜੇੜ੍ਹੀ ਜੂਹ ਅੰਦਰ ਰਾਂਝਾ ਹੀਰ ਗਏ ਓਥੇ ਸ਼ੇਰ ਹੈਸੀ ਆਦਮ ਖੋਰ ਮੀਆਂ
ਅਚਨਚੇਤ ਜੋ ਉਸਨੂੰ ਬੋ ਆਈ ਉਥੋਂ ਦੌੜਿਆ ਏ ਕਰਕੇ ਜ਼ੋਰ ਮੀਆਂ
ਚਾਰੋਂ ਤਰਫ ਫਿਰੇ ਬੁੱਕਾਂ ਮਾਰਦਾ ਉਹ ਬੇਲੇ ਵਿੱਚ ਮਚਾਇਆ ਸ਼ੋਰ ਮੀਆਂ
ਕੰਨ ਹੀਰ ਦੇ ਵਿੱਚ ਅਵਾਜ਼ ਪਹੁੰਚੀ ਕਹਿੰਦੀ ਪਿਆ ਧੰਧਾ ਹੁਣ ਹੋਰ ਮੀਆਂ
ਹੀਰ ਆਖਦੀ ਰਾਂਝਿਆ ਸ਼ੇਰ ਆਯਾ ਮੇਰੇ ਕੰਨ ਪਈ ਘੱਨਘੋਰ ਮੀਆਂ