ਪੰਨਾ:ਹੀਰ ਵਾਰਸਸ਼ਾਹ.pdf/329

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧੧)

ਪੀਰ ਯਾਦ ਕਰ ਰੱਬ ਦਾ ਵਾਸਤਾ ਈ ਸ਼ੇਰ ਨਹੀਂ ਇਹ ਕਹਿਰ ਕਲੋਰ ਮੀਆਂ
ਪੰਜ ਪੀਰ ਰੰਝੇਟੇ ਨੇ ਯਾਦ ਕੀਤੇ ਉਹ ਆਏ ਨੀ ਅੱਖ ਦੇ ਫੋਰ ਮੀਆਂ
ਮਦਦ ਕਰੋ ਖ਼ੁਦਾਇ ਦੇ ਵਾਸਤੇ ਜੀ ਸਾਡੀ ਤੁਸਾਂ ਦੇ ਹੱਥ ਹੈ ਡੋਰ ਮੀਆਂ
ਜੇਕਰ ਕਰੋ ਮਦਦ ਤਾਹੀਂ ਗੱਲ ਚੰਗੀ ਨਹੀਂ ਦਿੱਸਦੀ ਏ ਸਾਨੂੰ ਗੋਰ ਮੀਆਂ
ਵਾਰਸਸ਼ਾਹ ਪੀਰਾਂ ਅੱਗੇ ਅਰਜ਼ ਕਰਦਾ ਖੁਸ਼ੀ ਕਰੋ ਮੈਨੂੰ ਦਿਹੋ ਟੋਰ ਮੀਆਂ

ਪੀਰਾਂ ਨੇ ਰਾਂਝੇ ਨੂੰ ਦੁਆ ਦੇਣੀ

ਪੰਜਾਂ ਪੀਰਾਂ ਜ਼ਬਾਨ ਥੀਂ ਹੁਕਮ ਕੀਤਾ ਬੱਚਾ ਜਾਹ ਜਲਦੀ ਫਤ੍ਹੇ ਪਾਵਸੇਂ ਤੂੰ
ਜਦੋਂ ਸ਼ੇਰ ਆਸੀ ਤੇਰੇ ਮਾਰਨੇ ਨੂੰ ਤਦੋਂ ਕਿਬਰ ਹੰਕਾਰ ਗਵਾਵਸੇਂ ਤੂੰ
ਕਰ ਆਜਜ਼ੀ ਇਜਜ਼ ਤੂੰ ਸ਼ੇਰ ਅੱਗੇ ਓਹਨੂੰ ਮਿੰਨਤ ਦੇ ਨਾਲ ਸੁਣਾਵਸੇਂ ਤੂੰ
ਜੇਕਰ ਮੰਨਸੀ ਅਰਜ਼ ਉਹ ਨਾਂਹ ਤੇਰੀ ਵਾਰਸ ਓਸਨੂੰ ਮਾਰ ਮੁਕਾਵਸੇਂ ਤੂੰ

ਸ਼ੇਰ ਦਾ ਆਉਣਾ

ਰਾਂਝਾ ਆਖਦਾ ਸੁਣੀ ਤੂੰ ਸ਼ੇਰ ਮਰਦਾ ਤੈਨੂੰ ਕਸਮ ਹੈ ਪੀਰ ਫ਼ਕੀਰ ਦੀ ਜੀ
ਅਸਾਂ ਆਜਜ਼ਾਂ ਨੂੰ ਕਿਉਂ ਮਾਰਨਾ ਏਂ ਗੱਲ ਬੁਰੀ ਹੈ ਏਸ ਤਦਬੀਰ ਦੀ ਜੀ
ਮੰਨ ਅਸਾਂ ਦਾ ਆਖਿਆ ਜਾਹ ਮੁੜ ਕੇ ਮੰਨ ਕਸਮ ਹਜ਼ਰਤ ਦਸਤਗ਼ੀਰ ਦੀ ਜੀ
ਵਾਰਸਸ਼ਾਹ ਰਾਂਝਾ ਮਿੰਨਤ ਬਹੁਤ ਕਰਦਾ ਤਬ੍ਹਾ ਤੰਗ ਪਈ ਜੱਟੀ ਹੀਰ ਦੀ ਜੀ

ਕਲਾਮ ਸ਼ੇਰ

ਸ਼ੇਰ ਆਖਦਾ ਰਾਂਝਿਆ ਸੁਣੀ ਮੈਥੋਂ ਸੱਤ ਰੋਜ ਦਾ ਤੁਆਮ ਨਾ ਖਾਇਆ ਏ
ਭੁੱਖ ਤ੍ਰੇਹ ਨੇ ਬਹੁਤ ਬੇਹਾਲ ਕੀਤਾ ਰੱਬ ਅੱਜ ਸ਼ਿਕਾਰ ਮਿਲਾਇਆ ਏ
ਤੁਸਾਂ ਦੋਹਾਂ ਨੂੰ ਰੱਜ ਕੇ ਖਾਵਸਾਂ ਮੈਂ ਸ਼ੇਰ ਗੱਜ ਕੇ ਆਖ ਸੁਣਾਇਆ ਏ
ਵਾਰਸਸ਼ਾਹ ਮੀਆਂ ਹੀਰ ਆਖਦੀ ਏ ਸਾਨੂੰ ਰੱਬ ਅਜ਼ਾਬ ਚਾ ਪਾਇਆ ਏ

ਕਲਾਮ ਸ਼ਾਇਰ

ਰਾਂਝਾ ਮਿੰਨਤਾਂ ਕਰਕੇ ਥੱਕ ਰਿਹਾ ਸ਼ੇਰ ਆਖਿਆਂ ਬਾਜ਼ ਨਾ ਆਉਂਦਾ ਏ
ਰਾਂਝੇ ਪੀਰਾਂ ਦਾ ਹੁਕਮ ਪਰਵਾਨ ਕੀਤਾ ਹਰ ਚੰਦ ਸਵਾਲ ਤਾਂ ਪਾਉਂਦਾ ਏ
ਸ਼ੇਰ ਇਕ ਨਾ ਮੰਨੀ ਸੀ ਬਾਤ ਉਸਦੀ ਪੰਜਾ ਕਹਿਰ ਦਾ ਚਾ ਚਲਾਉਂਦਾ ਏ
ਵਾਰਸਸ਼ਾਹ ਰਾਂਝਾ ਪੰਜਾ ਝੱਲ ਕੇ ਤੇ ਗੁਸਾ ਜੀਉ ਉੱਤੇ ਬਹੁਤ ਖਾਉਂਦਾ ਏ

ਕਲਾਮ ਰਾਂਝਾ

ਰਾਂਝਾ ਹੀਰ ਨੂੰ ਆਖਦਾ ਚੱਲ ਪਿਆਰੀ ਮੈਂ ਤੇ ਸ਼ੇਰ ਨੂੰ ਮਾਰਕੇ ਆਉਨਾ ਹਾਂ
ਮਿੰਨਤਾਂ ਕੀਤੀਆਂ ਬਾਜ਼ ਨਾ ਆਉਂਦਾ ਏ ਮੁੱਢੋਂ ਏਸਦੀ ਅਲਖ ਮੈਂ ਲਾਹੁਨਾ ਹਾਂ
ਪਿਛਾ ਛੱਡ ਦੇਵੇ ਜੇਕਰ ਅਸਾਂਦਾ ਇਹ ਨਹੀਂ ਤੇ ਜਾਨ ਥੀਂ ਮਾਰ ਗਵਾਉਨਾ ਹਾਂ