੨੭
ਚੂਚਕ ਦੀ ਮਨਜ਼ੂਰੀ
ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ ਮੱਝਾਂ ਦੇਹ ਸੰਭਾਲ ਕੇ ਸਾਰੀਆਂ ਨੀ
ਖ਼ਬਰਦਾਰ ਰਹੇ ਮੱਝਾਂ ਵਿਚ ਖੜਾ ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨੀ
ਰਲਾ ਕਰੇ ਨਾਹੀਂ ਨਾਲ ਖੰਧਿਆਂ ਦੇ ਏਸ ਕਦੇ ਨਾਹੀਂ ਮੱਝਾਂ ਚਾਰੀਆਂ ਨੀ
ਮਤਾਂ ਖੇਡ ਰੁੱਝੇ ਖੜੀਆਂ ਜਾਨ ਮੱਝੀ ਹੋਣ ਪਿੰਡ ਦੇ ਵਿੱਚ ਖੁਆਰੀਆਂ ਨੀ
ਇਹ ਤਬ੍ਹਾ ਦਾ ਬਹੁਤ ਮਲੂਕ ਚੰਚਲ ਮਹੀਂਵਾਲ ਹੋਣਾ ਗਲਾਂ ਭਾਰੀਆਂ ਨੀ
ਦਿਨੇ ਰਾਤ ਫਿਰਨਾ ਵਿੱਚ ਬੇਲਿਆਂ ਦੇ ਮਗਰ ਮਝੀਆਂ ਬਹੁਤ ਖੁਆਰੀਆਂ ਨੀ
ਤੇਰੇ ਕਹੇ ਹੀਰੇ ਕਾਮਾ ਰੱਖਿਆ ਏ ਜਿਉਂ ਕਰੇਂ ਤੂੰ ਮਿੰਨਤਾਂ ਜ਼ਾਰੀਆਂ ਨੀ
ਵਾਰਸ ਨੇਕ ਨਸੀਬ ਨੇ ਆਸ਼ਕਾਂ ਦੇ ਗੱਲਾਂ ਵਿਗੜੀਆਂ ਰੱਬ ਸਵਾਰੀਆਂ ਨੀ
ਹੀਰ ਮਾਉਂ ਨੂੰ ਆਖਦੀ ਹੈ
ਪਾਸ ਮਾਉਂ ਦੇ ਹੀਰ ਨੇ ਗਲ ਕੀਤੀ ਮਾਹੀ ਮਹੀਂ ਦਾ ਆਣਕੇ ਛੇੜਿਆ ਮੈਂ
ਨਿੱਤ ਪਿੰਡ ਦੇ ਵਿੱਚ ਵਿਚਾਰ ਪੈਂਦੀ ਇਹ ਝੱਗੜਾ ਚਾ ਨਬੇੜਿਆ ਮੈਂ
ਸੁੰਞਾ ਨਿੱਤ ਚੁੱਲੇ ਮੰਗੂ ਵਿੱਚ ਬੇਲੇ ਮਾਹੀ ਸੁਘੜ ਹੀ ਆਣ ਸਹੇੜਿਆ ਮੈਂ
ਮਾਈ ਕਰਮ ਜਾਗੇ ਸਾਡੇ ਮੰਗੂਆਂ ਦੇ ਸਾਊ ਅਸਲ ਜਟੇਟੜਾ ਘੇਰਿਆ ਮੈਂ
ਪਹਿਲੋਂ ਦੇਹ ਦਿਲਾਸੜਾ ਪੁਛਿਆ ਸੀ ਗੱਲਾਂ ਮਿੱਠੀਆਂ ਨਾਲ ਕਹੋੜਿਆ ਮੈਂ
ਉਹਦੀ ਜ਼ਾਤ ਸਫ਼ਾਤ ਤਹਿਕੀਕ ਕਰਕੇ ਰਾਂਝਾ ਜ਼ਾਤ ਦਾ ਫ਼ਕਰ ਨਖੇੜਿਆ ਮੈਂ
ਸ਼ੀਰੀ ਨਾਲ ਕਲਾਮ ਹਕਾਇਤਾਂ ਦੇ ਓਦ੍ਹਾ ਜੀਉੜਾ ਪਕੜ ਲੜਿਆ ਮੈਂ
ਵਾਰਸਸ਼ਾਹ ਹੁਣ ਰੱਬ ਨੇ ਮਿਹਰ ਕੀਤੀ ਬੂਟਾ ਦੁੱਖ ਦਾ ਪਕੜ ਉਖੇੜਿਆ ਮੈਂ
ਹੀਰ ਰਾਂਝੇ ਪਾਸ ਆਈ
ਫੇਰ ਹੀਰ ਰੰਝੇਟੇ ਦੇ ਕੋਲ ਆਈ ਹੋਈ ਬਹੁਤ ਅਧੀਨ ਦਿਲਾਸੜੇ ਤੇ
ਮਖਣ ਖੰਡ ਪਰਾਉਂਠੇ ਖਾਹ ਮੀਆਂ ਮੱਝਾਂ ਛੇੜ ਦੇ ਰੱਬ ਦੇ ਆਸਰੇ ਤੇ
ਹੱਸਣ ਗਭਰੂ ਰਾਂਝਣੇ ਨਾਲ ਭਾਈ ਗੁਜ਼ਰ ਆਵਸੀ ਦੁੱਧ ਦੇ ਕਾਸੜੇ ਤੇ
ਹੀਰ ਆਖਿਆ ਰੱਬ ਰਜ਼ਾਕ ਤੇਰਾ ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ
ਮੈਂ ਤਾਂ ਸੱਠ ਸਹੇਲੀਆਂ ਨਾਲ ਲੈ ਕੇ ਕਿੜ ਰੱਖਸਾਂ ਸਾਹ ਉਬਾਸੜੇ ਤੇ
ਤੇਰੇ ਨਾਲ ਸ਼ਰੀਕ ਰਫ਼ੀਕ ਹੋਕੇ ਨਜ਼ਰ ਪਾਉਸਾਂ ਖੋਜ ਦੇ ਘਾਸੜੇ ਤੇ
ਮੱਝੀਂ ਛੇੜ ਦੇ ਝੱਲ ਦੇ ਵਿੱਚ ਦਿਲਬਰ ਆਪ ਹੋ ਬਹੀਂ ਇੱਕ ਪਾਸੜੇ ਤੇ
ਵਾਰਸ ਰੱਬ ਨੇ ਕੰਮ ਬਣਾ ਦਿੱਤਾ ਪਰ ਉਮਰ ਹੈ ਨਕਸ਼ ਪਤਾਸੜੇ ਤੇ
ਘਾਹਾਂ ਦੀਆਂ ਕਿਸਮਾਂ
ਰਬ ਕਰਮ ਕੀਤਾ ਵੱਸੀ ਬਾਰ ਸਾਵੀ ਹੋਯਾ ਘਾਹ ਪੱਠਾ ਰੰਬਾ ਮਾਰ ਯਾਰੋ