ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/330

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧੨)

ਵਾਰਸਸ਼ਾਹ ਜੇਕਰ ਕਿਹਾ ਨਾ ਮੰਨੇ ਇਹਨੂੰ ਜਾਨ ਥੀਂ ਮਾਰ ਮੁਕਾਉਨਾ ਹਾਂ

ਸ਼ੇਰ ਨੇ ਗੁਸਾ ਕਰਨਾ

ਸ਼ੇਰ ਗੱਲ ਸੁਣਕੇ ਰਾਂਝੇ ਯਾਰ ਵਾਲੀ ਦਿੱਲ ਵਿੱਚ ਕਚੀਚੀਆਂ ਖਾਉਂਦਾ ਏ
ਕਹਿੰਦਾ ਆਦਮੀ ਜ਼ਾਤ ਕੀ ਆਖਦਾ ਏ ਪੰਜਾ ਦੂਸਰੀ ਵਾਰ ਚਲਾਉਂਦਾ ਏ
ਰਾਂਝੇ ਵੇਖਿਆ ਨਹੀਂ ਖਿਆਲ ਛਡਦਾ ਦੋਹਾਂ ਬਾਹੋਂ ਤੋਂ ਪਕੜ ਬਹਾਉਂਦਾ ਏ
ਵਾਰਸਸ਼ਾਹ ਗੁਸੇ ਨਾਲ ਸ਼ੇਰ ਤਾਈਂ ਰਾਂਝਾ ਜਾਨ ਥੀਂ ਮਾਰਿਆ ਚਾਹੁੰਦਾ ਏ

ਸ਼ੇਰ ਦਾ ਮਰਨਾ

ਰਾਂਝੇ ਕੱਢ ਖੂੰਡਾ ਪੀਰ ਜ਼ਿਕਰੀਏ ਦਾ ਵੱਖੀ ਸ਼ੇਰ ਦੀ ਵਿੱਚ ਖੁਭਾਇਆ ਸੂ
ਖੰਜਰ ਸਯਦ ਜਲਾਲ ਬੁਖਾਰੀਏ ਦਾ ਸ਼ਿਕਮ ਓਸਦੇ ਨਾਲ ਚਾ ਲਾਇਆ ਸੂ
ਹੁਕਮ ਪੀਰ ਦਾ ਜੱਟ ਨੂੰ ਯਾਦ ਆਇਆ ਜ਼ੋਰ ਆਪਣਾ ਸੱਭ ਲਗਾਇਆ ਸੂ
ਪੰਜਾਂ ਪੀਰਾਂ ਰੰਝੇਟੇ ਨੂੰ ਫਤ੍ਹੇ ਦਿੱਤੀ ਜਦੋਂ ਅੱਲਾ ਦਾ ਨਾਮ ਧਿਆਇਆ ਸੂ
ਸ਼ੇਰ ਤੜਫਦਾ ਬਹੁਤ ਬੇਹਾਲ ਹੋਇਆ ਓਹਦੀ ਅਲਖ ਫਸਾਦ ਮੁਕਾਇਆ ਸੂ
ਵਾਰਸਸ਼ਾਹ ਮੀਆਂ ਰਾਂਝੇ ਬੈਠ ਕੇ ਤੇ ਚੰਮ ਸ਼ੇਰ ਦੇ ਬਦਨ ਤੋਂ ਲਾਹਿਆ ਸੂ

ਕਲਾਮ ਸ਼ਾਇਰ

ਖਲ ਸ਼ੇਰ ਦੀ ਲਾਹ ਮਿਰਗਾਨ ਕੀਤਾ ਨਹੁੰ ਮਾਸ ਬਗਲੀ ਅੰਦਰ ਪਾਇਆ ਏ
ਹੀਰ ਬੈਠੀ ਸੀ ਬਹੁਤ ਦਲੀਲ ਅੰਦਰ ਰਾਂਝੇ ਜਾਇਕੇ ਮੁੱਖ ਵਿਖਾਇਆ ਏ
ਜੱਟੀ ਆਖਦੀ ਸ਼ੁਕਰ ਖੁਦਾਇ ਦਾ ਏ ਤੈਨੂੰ ਰੱਬ ਨੇ ਅੱਜ ਬਚਾਇਆ ਏ
ਰਾਂਝਾ ਖੁਸ਼ੀ ਦੇ ਨਾਲ ਉਠ ਰਵਾਂ ਹੋਯਾ ਤੁਰਤ ਹੀਰ ਜੱਟੀ ਪਾਸ ਆਇਆ ਏ
ਦੁਸ਼ਮਣ ਜਾਨ ਦਾ ਪਕੜ ਫ਼ਨਾਹ ਕੀਤਾ ਉਹਦਾ ਨਾਮ ਨਿਸ਼ਾਨ ਮਿਟਾਇਆ ਏ
ਵਾਰਸਸ਼ਾਹ ਮਕਬੂਲ ਉਹ ਰੱਬ ਦੇ ਨੀ ਜਿਨ੍ਹਾਂ ਨਫਸ ਨੂੰ ਮਾਰ ਗੁਵਾਇਆ ਏ

ਕਲਾਮ ਸ਼ਾਇਰ

ਜੂਹ ਅਦਲੀ ਦੀ ਲੰਘੀ ਜਾਂ ਦੁੱਖੀਆਂ ਨੇ ਰਾਂਝੇ ਯਾਰ ਨੂੰ ਨੀਂਦ ਆ ਘੇਰਿਆ ਏ
ਮਤੀਂ ਦੇ ਰਹੀ ਹੀਰ ਰਾਂਝਣੇ ਨੂੰ ਓਸ ਇੱਕ ਨਾ ਚਿਤ ਸਹੇੜਿਆ ਏ
ਵਕਤ ਸੌਣ ਦਾ ਨਹੀਂ ਇਹ ਹੀਰ ਵਾਰੀ ਜ਼ੋਰਾਵਰੀ ਦਰਾਜ਼ ਹੋ ਫੇੜਿਆ ਏ
ਤੁੱਧ ਬੁਰਾ ਹੀ ਫੇੜਨਾ ਫੇੜਿਆ ਏ ਕੌਣ ਹੋਣੀ ਦੇ ਨਾਲ ਕਹੇੜਿਆ ਏ
ਜ਼ੋਰਾਵਰੀ ਉਹ ਆਣ ਦਰਾਜ਼ ਹੋਇਆ ਹੀਰ ਆਖਦੀ ਬੁਰਾ ਤੂੰ ਭੇੜਿਆ ਏ
ਰਾਂਝੇ ਹੋਸ਼ ਨਾ ਮੂਲ ਵਿਚਾਰ ਕੀਤੀ ਹੀਰ ਓਸ ਨੂੰ ਮੂਲ ਨਾ ਛੇੜਿਆ ਏ
ਜਦੋਂ ਹੋ ਬੇਸੁਰਤ ਉਹ ਘੂਕ ਸੁੱਤਾ ਫੇਰ ਹੀਰ ਨੂੰ ਨੀਂਦ ਨੇ ਘੇਰਿਆ ਏ
ਮਤ ਨਾ ਲਈ ਦੋਹਾਂ ਆਸ਼ਕਾਂ ਤੇ ਵੇਖ ਹੋਣੀ ਨੇ ਅਕਲ ਨਿਖੇੜਿਆ ਏ