ਪੰਨਾ:ਹੀਰ ਵਾਰਸਸ਼ਾਹ.pdf/334

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧੬)

ਮੇਰਾ ਨਿਆਂ ਰਾਜਾ ਸਾਹਿਬ ਤੇਰੇ ਅਗੇ ਇਹ ਵਡੇ ਦਰਬਾਰ ਨੀ ਆਦੀਆਂ ਦੇ
ਚੇਤਾ ਦਾੜ੍ਹੀਆਂ ਪਗੜੀਆਂ ਵੇਖ ਭੁੱਲੇੇਂ ਇਹ ਸ਼ੈਤਾਨ ਨੇ ਅੰਦਰੋਂ ਵਾਦੀਆਂ ਦੇ
ਮੈਂ ਫ਼ਕੀਰ ਗ਼ਰੀਬ ਅਨਾਥ ਜੋਗੀ ਤੈਨੂੰ ਕਰਾਂਗਾ ਬਚਨ ਅਬਾਦੀਆਂ ਦੇ
ਐਡਾ ਝੂਠ ਅਪਰਾਧ ਇਹ ਬੋਲਦੇ ਨੀ ਇਹ ਝੱਗੜੇ ਬੇ ਮੁਰਾਦੀਆਂ ਦੇ
ਵਾਰਸ ਬਾਹਰੋਂ ਸੁਫ਼ੈਦ ਸਿਆਹ ਵਿਚੋਂ ਤੰਬੂ ਹੋਣ ਜਿਵੇਂ ਮਾਲਜਾਦੀਆਂ ਦੇ

ਖੇੜਿਆਂ ਨੇ ਰਾਜੇ ਅਗੇ ਅਰਜ਼ ਕਰਨੀ

ਹੱਥ ਖੇੜਿਆਂ ਜੋੜ ਫ਼ਰਯਾਦ ਕੀਤੀ ਨਹੀਂ ਵਕਤ ਹੁਣ ਜ਼ੁਲਮ ਕਮਾਵਣੇ ਦਾ
ਇਹ ਠੱਗ ਹਜਾਰੇ ਦਾ ਵੱਡਾ ਖੋਟਾ ਸਿਹਰ ਜਾਣਦਾ ਸਰਹੋਂ ਜਮਾਵਣੇ ਦਾ
ਵਿਹੜੇ ਵੜਦਿਆਂ ਨਢੀਆਂ ਮੋਹ ਲਈਆਂ ਇਸਤੇ ਇਲਮ ਜੇ ਰੰਨ ਵਲਾਵਣੇ ਦਾ
ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ ਉਹ ਵਕਤ ਸੀ ਮਾਂਦਰੀ ਲਿਆਵਣੇ ਦਾ
ਸਹਿਤੀ ਦੱਸਿਆ ਜੋਗੀੜਾ ਬਾਗ਼ ਕਾਲੇ ਢੱਬ ਜਾਣਦਾ ਝਾੜਿਆਂ ਪਾਵਣੇ ਦਾ
ਮੰਤਰ ਝਾੜੇ ਨੂੰ ਅਸਾਂ ਨੇ ਸੱਦ ਆਂਦਾ ਸਾਨੂੰ ਕੰਮ ਸੀ ਜਿੰਦ ਬਚਾਵਣੇ ਦਾ
ਇੱਕ ਧੀ ਤੇ ਇੱਕ ਸੀ ਨੂੰਹ ਸਾਡੀ ਮੰਤਰ ਫੂਕਿਆ ਦੋਹਾਂ ਲੈ ਜਾਵਣੇ ਦਾ
ਲੈ ਕੇ ਦੋਹਾਂ ਨੂੰ ਰਾਤੋ ਈ ਰਾਤ ਨੱਠਾ ਫ਼ਕਰ ਵਲੀ ਅਲਾ ਫੇਰਾ ਪਾਵਣੇ ਦਾ
ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਸੇ ਇਸ ਨੂੰ ਵੱਲ ਜੇ ਭੇਖ ਵਟਾਵਣੇ ਦਾ
ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰ ਦੇ ਨੀ ਸੂਲੀ ਰਸਮ ਹੈ ਚੋਰ ਚੜਾਵ੍ਹਣੇ ਦਾ
ਉਕਤੁਲੂਅਲਮੌਜੁ ਲਾਇਲਾਯਜਾਹ ਕਿਹਾ ਫਾਇਦਾ ਝਗੜਿਆਂ ਪਾਵਣੇ ਦਾ
ਭਲਾ ਕਰੇਂ ਤੇ ਏਸਨੂੰ ਮਾਰ ਸਿੱਟੇਂ ਹੁਕਮ ਆਇਆ ਹੈ ਚੋਰ ਮੁਕਾਵਣੇ ਦਾ
ਇਹਦੀਆਂ ਸੇਲੀਆਂ ਤੇ ਮੂਲ ਭੁੱਲ ਨਾਹੀਂ ਇਸ ਤੇ ਵੱਲ ਹੈ ਭੇਸ ਵਟਾਵਣੇ ਦਾ
ਬਾਦਸ਼ਾਹਾਂ ਨੂੰ ਅਦਲ ਹੀ ਪੁੱਛੀਏਗਾ ਵਕਤ ਆਵਸੀ ਅਮਲ ਤੁਲਾਵਣੇ ਦਾ
ਤਦੋਂ ਖੇੜਿਆਂ ਨੂੰ ਬਹੁਤ ਹੋਯਾ ਗ਼ਲਬਾ ਮੌਤ ਆਪਣਾ ਆਪ ਭੁਲਾਵਣੇ ਦਾ
ਕੀ ਜਾਣੀਏਂ ਹੋਗ ਕੀ ਬਾਬ ਸਾਡੇ ਵੇਲਾ ਆਵੇ ਜਾਂ ਪਾਸ ਬੁਲਾਵਣੇ ਦਾ
ਵੇਲਾ ਗੁਜਰਿਆ ਫੇਰ ਨਾ ਹੱਥ ਆਵੇ ਪਛੋਤਾਵਾ ਹੈ ਉਮਰ ਗਵਾਵਣੇ ਦਾ
ਵਾਰਸਸ਼ਾਹ ਤੂੰ ਅਦਲ ਚਾ ਕਰੀਂ ਕੋਈ ਰਖਾਂ ਆਸ ਮੈਂ ਫ਼ਜ਼ਲ ਕਰਾਵਣੇ ਦਾ

ਕਲਾਮ ਰਾਂਝਾ

ਰਾਂਝੇ ਆਖਿਆ ਸੋਹਣੀ ਰੰਨ ਡਿੱਠੀ ਮਗਰ ਲੱਗ ਮੇਰੇ ਆ ਘੇਰਿਆ ਨੇ
ਨੱਠਾ ਖ਼ੌਫ ਤੋਂ ਇਹ ਹਨ ਦੇਸ ਵਾਲੇ ਵੇਖੋ ਕਟਕ ਅਜ਼ਗੈਬ ਦਾ ਫੇਰਿਆ ਨੇ
ਮੈਂ ਹੀਰ ਦਾ ਹੀਰ ਕਦੀਮ ਮੇਰੀ ਝਗੜਾ ਪਾਇਕੇ ਐਵੇਂ ਲਵੇੜਿਆ ਨੇ