ਪੰਨਾ:ਹੀਰ ਵਾਰਸਸ਼ਾਹ.pdf/335

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧੭)

ਪੰਜਾਂ ਪੀਰਾਂ ਦੀ ਇਹ ਮਜਾਵਰਾਣੀ ਇਨ੍ਹਾਂ ਕਿੱਧਰੋਂ ਸਾਕ ਸਹੇੜਿਆ ਨੇ
ਦੇਖੋ ਵਿੱਚ ਦਰਬਾਰ ਦੇ ਝੂਠ ਬੋਲਣ ਇਹ ਵਡਾ ਹੀ ਫੇੜਨਾ ਫੇੜਿਆ ਨੇ
ਆਪ ਵਾਰਸੀ ਬਣੇ ਉਸ ਵਹੁਟੜੀ ਦੇ ਮੇਰੇ ਸੰਗ ਦਾ ਸੰਗ ਨਿਖੇੜਿਆ ਨੇ
ਸੱਭ ਰਾਜਿਆਂ ਰਾਣਿਆਂ ਧੱਕ ਦਿੱਤਾ ਤੇਰੇ ਮੁਲਕ ਵਿੱਚ ਆਣਕੇ ਛੇੜਿਆ ਨੇ
ਚੋਰ ਯਾਰ ਬਦਨਾਮ ਕਰ ਜੋਗੀੜੇ ਨੂੰ ਮਾਰ ਮਾਰ ਕੇ ਚਾ ਖਦੇੜਿਆ ਨੇ
ਮਜ਼ਰੂਹ ਸਾਂ ਗ਼ਮਾਂ ਦੇ ਨਾਲ ਭਰਿਆ ਮੇਰਾ ਅੱਲੜਾ ਘਾਉ ਉਚੇੜਿਆ ਨੇ
ਕੋਈ ਰੋਜ਼ ਜਹਾਨ ਤੇ ਵਾਉ ਲੈਣਾ ਭਲਾ ਹੋਯਾ ਨਾ ਚਾ ਨਿਬੇੜਿਆ ਨੇ
ਰਾਜਾ ਆਖਦਾ ਕਰਾਂ ਮੈਂ ਕਤਲ ਸਾਰੇ ਤੇਰੀ ਚੀਜ਼ ਨੂੰ ਜ਼ਰਾ ਜੇ ਛੇੜਿਆ ਨੇ
ਸੱਚ ਆਖ ਤੂੰ ਮਾਰ ਕੇ ਕਰਾਂ ਪੁਰਜ਼ੇ ਕੋਈ ਬੁਰਾ ਜੇ ਏਸ ਨਾਲ ਫੇੜਿਆ ਨੇ
ਛੱਡ ਅਰਲੀਆਂ ਜੋਗ ਭਜਾ ਨੱਠੇ ਪਰ ਖੂਹ ਨੂੰ ਅਜੇ ਨਾ ਗੇੜਿਆ ਨੇ
ਮੈਂ ਤਾਂ ਆਪ ਸ਼ੈਤਾਨ ਨੂੰ ਜਾ ਪੁੱਛਾਂ ਆਦਮ ਵਿੱਚ ਅਲੂਦ ਲਵੇੜਿਆ ਨੇ
ਮੈਨੂੰ ਬੰਨ੍ਹ ਕੇ ਰੁੱਖ ਦੇ ਨਾਲ ਰਾਜਾ ਪਿੰਡਾ ਚਾਬਕਾਂ ਨਾਲ ਉਧੇੜਿਆ ਨੇ
ਵਾਰਸਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ ਸੁਰਮਾ ਸੁਰਮਚੂ ਨਾਲ ਲਬੇੜਿਆ ਨੇ

ਕਲਾਮ ਰਾਜਾ

ਰਾਜੇ ਆਖਿਆ ਤੁਸਾਂ ਤਕਸੀਰ ਕੀਤੀ ਇਹ ਵੱਡਾ ਫ਼ਕੀਰ ਰੰਜਾਣਿਆਂ ਜੇ
ਨੱਕ ਕੰਨ ਵਢਾ ਦਿਆਂ ਚਾੜ੍ਹ ਸੂਲੀ ਐਵੇਂ ਕੋਈ ਇਹ ਗੱਲ ਨਾਂ ਜਾਣਿਆਂ ਜੇ
ਰੱਜੇ ਜੱਟ ਨਾ ਜਾਣਦੇ ਕਿਸੇ ਤਾਈਂ ਤੁਸੀਂ ਆਪਣੇ ਕਦਮ ਪਛਾਣਿਆਂ ਜੇ
ਰੰਨ ਖੋਹ ਫ਼ਕੀਰਾਂ ਦੇ ਰਾਹ ਮਾਰਨ ਤੰਬੂ ਕਿਬਰ ਦੇ ਤੁਸੀਂ ਨਾ ਤਾਣਿਆਂ ਜੇ
ਕਰਾਂ ਓਹ ਜੋ ਜਾਣਸੀ ਮੁਲਕ ਸਾਰਾ ਬੁਰਾ ਜੋਗੀ ਨੂੰ ਜੇ ਰੰਜਾਣਿਆ ਜੇ
ਨੇੜੇ ਰੱਬ ਨੂੰ ਸਮਝ ਕੇ ਜਾਣਦਾ ਸੀ ਕਿਉਂ ਆਜਜ਼ਾਂ ਨੂੰ ਤੱਰਸਾਣਿਆ ਜੇ
ਰਾਤੀਂ ਚੋਰ ਤੇ ਦਿਨੇ ਉਧਾਲੀਆਂ ਤੇ ਸ਼ੈਤਾਨ ਵਾਂਗੂੰ ਜੱਗ ਰਾਣਿਆਂ ਜੇ
ਮਾਰ ਖੱਲ ਤੁਹਾਡੀ ਮੈਂ ਖਿੱਚ ਕੱਢਾਂ ਮੇਰੇ ਰਾਜ ਦੇ ਵਿੱਚ ਬੁਲਾਣਿਆਂ ਜੇ
ਕਾਜ਼ੀ ਸ਼ੈਹਿਰ ਦਾ ਤੁਸਾਂ ਨੂੰ ਕਰੇ ਝੂਠਾ ਮੌਜਾਂ ਸੂਲੀ ਦੀਆਂ ਤੁਸਾਂ ਮਾਣਿਆਂ ਜੇ
ਇਹ ਨਿੱਤ ਹੰਕਾਰ ਨਾ ਨਾਲ ਰਹਿੰਦਾ ਕਦੀ ਮੌਤ ਤਹਿਕੀਕ ਪਛਾਣਿਆਂ ਜੇ
ਫ਼ੱਕਰ ਜਾਣ ਕੇ ਏਸ ਨੂੰ ਮਾਰਿਆ ਜੇ ਮੁਫ਼ਲਸ ਬਹੁਤ ਗਰੀਬ ਸਤਾਣਿਆਂ ਜੇ
ਵਾਰਸਸ਼ਾਹ ਸਰਾਂ ਦੀ ਰਾਤ ਵਾਂਗੂੰ ਦੁਨੀਆਂ ਖਾਬ ਖ਼ਿਆਲ ਹੈ ਜਾਣਿਆਂ ਜੇ

ਖੇੜਿਆਂ ਅਤੇ ਰਾਂਝੇ ਦਾ ਕਾਜ਼ੀ ਪਾਸ ਆਉਣਾ

ਜਦੋਂ ਸ਼ਰਹ ਦੀ ਆਣਕੇ ਰੁਜ਼ੂ ਹੋਏ ਕਾਜ਼ੀ ਆਖਿਆ ਕਰੋ ਬਿਆਨ ਮੀਆਂ