ਪੰਨਾ:ਹੀਰ ਵਾਰਸਸ਼ਾਹ.pdf/336

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧੮)

ਦਿਉ ਖੋਲ੍ਹ ਸੁਣਾਇਕੇ ਬਾਤ ਮੈਨੂੰ ਕਰਾਂ ਉਮਰ ਖਤਾਬ ਦਾ ਨਿਆਉਂ ਮੀਆਂ
ਖੇੜੇ ਆਖਿਆ ਹੀਰ ਸੀ ਸਾਕ ਚੰਗਾ ਘਰ ਚੂਚਕੇ ਸਿਆਲ ਦੇ ਜਾਨ ਮੀਆਂ
ਅੱਜੂ ਖੇੜੇ ਦੇ ਪੁੱਤ ਨੂੰ ਖ਼ੈਰ ਕੀਤਾ ਹੋਰ ਲਾ ਥੱਕੇ ਲੱਖ ਤਾਨ ਮੀਆਂ
ਜੰਞ ਜੋੜਕੇ ਅਸਾਂ ਵਿਆਹ ਆਂਦੀ ਟਕੇ ਖਰਚ ਕੀਤੇ ਢੇਰ ਦਾਨ ਮੀਆਂ
ਲੱਖ ਆਦਮਾਂ ਦੇ ਢੁੱਕੇ ਲੱਖਮੀ ਸਨ ਹਿੰਦੂ ਸਿੱਖ ਅਤੇ ਮੁਸਲਮਾਨ ਮੀਆਂ
ਸਭ ਰਸਮ ਕੀਤੀ ਮੁਲਾਂ ਸੱਦ ਆਂਦਾ ਜਿਸਨੂੰ ਹਿਫ਼ਜ਼ ਸੀ ਫ਼ਿਕਰ ਕੁਰਾਨ ਮੀਆਂ
ਸ਼ਾਹਦ ਪਾਸ ਬਹਾਲ ਨਕਾਹ ਬੱਧਾ ਜਿਵੇਂ ਲਿੱਖਿਆ ਵਿੱਚ ਕੁਰਾਨ ਮੀਆਂ
ਅਸਾਂ ਲਾਇਕੇ ਧੱਨ ਵਿਆਹ ਆਂਦੀ ਦੇਸ ਮੁਲਕ ਰਹਿਆ ਸਭੌ ਜਾਣ ਮੀਆਂ
ਸਾਰੀ ਖਲਕ ਖੁਦਾਇ ਦੀ ਜਾਣਦੀ ਸੀ ਸ਼ਾਹਦ ਪੰਜ ਤੇ ਸਤ ਨਾ ਜਾਣ ਮੀਆਂ
ਅਸਾਂ ਖੋਲ੍ਹ ਕੇ ਹਾਲ ਬਿਆਨ ਕੀਤਾ ਝੂਠ ਬੋਲਣਾ ਬਹੁਤ ਨੁਕਸਾਨ ਮੀਆਂ
ਰਾਵਣ ਵਾਂਗ ਲੈ ਚੱਲਿਆ ਸੀਤਾ ਤਾਈਂ ਇਹ ਫੋਹਰੇ ਤੇਜ਼ ਜ਼ਬਾਨ ਮੀਆਂ
ਇਹੋ ਅਰਜ਼ ਲੌ ਬਾਲ ਜਬਾਨ ਅੰਦਰ ਰੱਬਾ ਜ਼ੁਲਮ ਤੋਂ ਰਹੇ ਈਮਾਨ ਮੀਆਂ
ਸਾਡੀ ਨੂੰਹ ਆਵੇ ਜੇਕਰ ਹੱਥ ਸਾਡੇ ਤਦੋਂ ਹੋਵਸੀ ਮਿਹਰ ਰਹਿਮਾਨ ਮੀਆਂ
ਰੱਬਾ ਦੁਨੀ ਦਾ ਸਦਾ ਈਮਾਨ ਰੱਖੀਂ ਹੱਕਦਾਰ ਨੂੰ ਹੱਕ ਪਛਾਣ ਮੀਆਂ
ਨਾਲ ਸਿਦਕ ਦੇ ਨੂੰਹ ਜੇ ਰਹੇ ਸਾਥੋਂ ਤਦੋਂ ਹਕ ਦਾ ਹਕ ਤੂੰ ਜਾਨ ਮੀਆਂ
ਡਰ ਮਾਰਦਾ ਰਾਜਿਆਂ ਰਾਣਿਆਂ ਦਾ ਹੈਬਤ ਨਾਲ ਹੈ ਕੰਬਦੀ ਜਾਨ ਮੀਆਂ
ਵਾਰਸਸ਼ਾਹ ਦਰਗਾਹ ਵਿੱਚ ਸੱਚ ਬੋਲੀਂ ਝੂਠ ਕਰੇ ਈਮਾਨ ਜ਼ਿਆਨ ਮੀਆਂ

ਕਲਾਮ ਜੋਗੀ

ਰਾਂਝਾ ਆਖਦਾ ਪੁੱਛੋ ਖਾਂ ਇਹ ਛਾਪਾ ਕਿਥੋਂ ਦਾਮਨ ਨਾਲ ਚਮੇੜਿਆ ਜੇ
ਰਾਹ ਜਾਂਦੜੇ ਕਿਸੇ ਨਾ ਪੈਣ ਚੰਬੜ ਇਹ ਭੂਤਨਾ ਕਿਥੋਂ ਸਹੇੜਿਆ ਜੇ
ਉਹ ਤਾਂ ਰੋਂਦੜਾ ਰਿਹਾ ਹੈ ਮਗਰ ਤੁੁੱਸਾਂ ਓਹਦਾ ਨੈਣਾਂ ਦਾ ਨੀਰ ਨਖੇੜਿਆ ਜੇ
ਇੱਕ ਮੱਝ ਚਿੱਕੜ ਨਾਲ ਲਿੱਬੜੀ ਸੀ ਸਾਰਾ ਮੰਗੂ ਚਾ ਓਸ ਲਬੇੜਿਆ ਜੇ
ਸਾਰੇ ਮੁਲਕ ਇਹ ਝਗੜਦਾ ਪਿਆ ਫਿਰਦਾ ਕਿਸੇ ਹਟਕਿਆ ਤੇ ਨਹੀਂ ਹੋੜਿਆ ਜੇ
ਵਾਰਸਸ਼ਾਹ ਕੁਸੁੰਭੇ ਦੇ ਫੋਗ ਵਾਂਗੂੰ ਓਹਦਾ ਉੱਕੜਾ ਰੱਸਾ ਨਚੋੜਿਆ ਜੇ

ਬਿਆਨ ਖੇੜਿਆਂ

ਜਦੋਂ ਟਕੇ ਸਰਸਾਹੀ ਸੀ ਅੰਨ ਵਿਕਦਾ ਕਹਿਤ ਪਿਆ ਸੀ ਬਹੁਤ ਗਜ਼ਬੋਲੀਆਂ ਦਾ
ਤਦੋਂ ਆਯਾ ਸੀ ਕਾਲ ਵਿਚ ਭੁਖਮਰਦਾ ਲਗਾਚਾਕ ਸੀ ਮਹਿਰਦੀਆਂ ਖੋਲੀਆਂ ਦਾ
ਲੋਕ ਕਰਨ ਵਿਚਾਰ ਜਵਾਨ ਬੇਟੀ ਓਹਨੂੰ ਫ਼ਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ