ਪੰਨਾ:ਹੀਰ ਵਾਰਸਸ਼ਾਹ.pdf/347

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨੯)

ਤਾਨ੍ਹੇ ਮਾਰਦੇ ਨਾਈ ਨੂੰ ਮੋੜ ਘਲਿਆ ਮੁੜਕੇ ਫੇਰ ਨਾ ਅਸਾਂ ਤੇ ਆਇਆ ਜੇ
ਭਾਈ ਰਾਂਝੇ ਤੇ ਹੀਰ ਨੂੰ ਘਰੀ ਲਿਆਏ ਨਾਲ ਗੌਰ ਦੇ ਪਲੰਘ ਵਿਛਾਇਆ ਜੇ
ਵਾਰਸਸ਼ਾਹ ਦੀਆਂ ਖ਼ਿਦਮਤਾਂ ਕਰਨ ਸਭੇ ਸਾਰਾ ਕੋੜਮਾ ਖੁਸ਼ੀ ਕਰਾਇਆ ਜੇ

ਹੀਰ ਅਤੇ ਰਾਂਝੇ ਨੂੰ ਘਰ ਲੈ ਆਉਣਾ

ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ ਨਾਲ ਰਾਂਝਣਾ ਘਰੀਂ ਮੰਗਾਇਓ ਨੇ
ਲਾਹ ਮੁੰਦਰਾਂ ਜੱਟਾਂ ਮੁੰਨਾ ਸੁੱਟੀਆਂ ਸਿਰ ਸੋਹਣੀ ਪੱਗ ਬੰਨ੍ਹਾਇਓ ਨੇ
ਜਾਮਾ ਰੇਸ਼ਮੀ ਗੱਲ ਵਿੱਚ ਪਾਇਕੇ ਤੇ ਉਹਦੀ ਆਦਮੀ ਸ਼ਕਲ ਬਣਾਇਓ ਨੇ
ਯਾਕੂਬ ਦੇ ਪਿਆਰੜੇ ਪੁੱਤ ਵਾਂਗੂੰ ਕੱਢ ਖੂਹ ਥੀਂ ਤਖ਼ਤ ਬਹਾਇਓ ਨੇ
ਮੱਖਣ ਘੱਤ ਉੱਤੇ ਦੁੱਧ ਖੰਡ ਚਾਵਲ ਅੱਗੇ ਰੱਖ ਕੇ ਪਲੰਘ ਵਿਛਾਇਓ ਨੇ
ਖਾਣਾ ਰੱਖ ਅਗੇ ਬਹੁਤ ਨਾਲ ਖੁਸ਼ੀ ਉੱਤੇ ਫਰਸ਼ ਦੇ ਬੈਠ ਖੁਵਾਇਓ ਨੇ
ਭਾਈ ਚਾਰੇ ਨੂੰ ਮੇਲ ਬਹਾਇਓ ਨੇ ਸਭੇ ਹਾਲ ਅਹਿਵਾਲ ਸੁਣਾਇਓ ਨੇ
ਦੇਕੇ ਵਾਅਦੇ ਕੂੜ ਤੇ ਮਕਰ ਵਾਲੇ ਰਾਂਝੇ ਯਾਰ ਦਾ ਮੰਨ ਮਨਾਇਓ ਨੇ
ਜਾਹ ਭਾਈਆਂ ਦੀ ਜੰਞ ਜੋੜ ਲਿਆਵੀਂ ਅੰਦਰ ਵਾੜਕੇ ਬਹੁ ਸਮਝਾਇਓ ਨੇ
ਨਾਲ ਦੇਇ ਲਾਗੀ ਖੁਸ਼ੀ ਹੋ ਸਭਨਾਂ ਤਰਫ ਘਰਾਂ ਦੀ ਚਾ ਪਹੁੰਚਾਇਓ ਨੇ
ਵਜਹ ਨਾਲ ਜਵਾਬ ਦੇ ਮੋੜ ਛੱਡਿਆ ਨਾਲ ਹੱਥ ਇਕ ਖੱਤ ਫੜਾਇਓ ਨੇ
ਸਾਥੀ ਆਉਣਾ ਜਾਉਣਾ ਛੱਡ ਦੇਣਾ ਵਿੱਚ ਖਤ ਦੇ ਇਹ ਲਿਖਾਇਓ ਨੇ
ਬਦਨੀਤ ਤੇ ਆਣ ਤਿਆਰ ਹੋਏ ਮਾਰਨ ਧੀ ਦਾ ਮਤਾ ਪਕਾਇਓ ਨੇ
ਕੈਦੋ ਰਾਤ ਦਿਨ ਵਿੱਚ ਸਲਾਹ ਰਹਿੰਦਾ ਵੇਖੋ ਕੇਡ ਮਖੌਲ ਬਣਾਇਓ ਨੇ
ਹੱਥੀਂ ਆਪਣੀ ਅੱਗ ਖਰੀਦ ਕੇ ਤੇ ਪੈਰਾਂ ਹੇਠ ਅੰਗਿਆਰ ਖਿੰਡਾਇਓ ਨੇ
ਗਰਦਨ ਆਪਣੀ ਖ਼ੂਨ ਲਿਖਾਇਕੇ ਤੇ ਮੱਥੇ ਦਾਗ਼ ਸਿਆਹੀ ਦਾ ਲਾਇਓ ਨੇ
ਝੂਠੇ ਸੱਚੇ ਉਲਾਂਭੜੇ ਦੇ ਕੇ ਤੇ ਨਾਈ ਖੇੜਿਆਂ ਤਰਫ ਭਜਾਇਓ ਨੇ
ਵਾਰਸਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੇ ਵੇਖੋ ਨਵਾਂ ਪਖੰਡ ਜਗਾਇਓ ਨੇ

ਰਾਂਝੇ ਨੇ ਆਪਣੇ ਘਰ ਆਕੇ ਜੰਵ ਤਿਆਰ ਕਰਨੀ

ਰਾਂਝੇ ਜਾਇਕੇ ਘਰੀਂ ਅਰਾਮ ਕੀਤਾ ਗੰਢ ਫੇਰੀਆ ਸੂ ਵਿੱਚ ਭਾਈਆਂ ਦੇ
ਸਾਰਾ ਕੋੜਮਾਂ ਆਇਕੇ ਗਿਰਦ ਹੋਇਆ ਬੈਠਾ ਪੰਚ ਹੋ ਵਿੱਚ ਭਰਜਾਈਆਂ ਦੇ
ਚਲੋ ਭਾਈਓ ਵਿਆਹਕੇ ਹੀਰ ਲਿਆਈਏ ਸਿਆਲ ਲਈ ਹੁਨਾਲ ਦੁਆਈਆਂ ਦੇ
ਜੰਞ ਜੋੜਕੇ ਰਾਂਝੇ ਨੇ ਤਿਆਰ ਕੀਤੀ ਟਮਕ ਚਾ ਬੱਧੇ ਮਗਰ ਨਾਈਆਂ ਦੇ
ਵਾਜੇ ਦਖਣੀ ਨਗਰਾਂ ਦੇ ਨਾਲ ਵੱਜਣ ਲੱਖ ਸੰਖ ਛੁੱਟਣ ਸ਼ਰਨਾਈਆਂ ਦੇ