(੩੩੧)
ਸਿਆਲਾਂ ਨੇ ਸਲਾਹ ਕਰਕੇ ਹੀਰ ਨੂੰ ਜ਼ਹਿਰ ਦੇਣੀ
ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ ਭੱਲੇ ਆਦਮੀ ਗੈਰਤਾਂ ਪਾਲ ਦੇ ਨੀ
ਯਾਰੋ ਗੱਲ ਮਸ਼ਹੂਰ ਜਹਾਨ ਉੱਤੇ ਸਾਨੂੰ ਮਿਹਣੇ ਹੀਰ ਸਿਆਲ ਦੇ ਨੀ
ਪੱਟ ਛੱਡੀਏ ਇਹ ਕਾਲਖ ਪੱਟਿਆਂ ਦੀ ਬੁਰੇ ਐਬ ਤੇ ਮਿਹਣੇ ਗਾਲ ਦੇ ਨੀ
ਪੱਤ ਰਹੇਗੀ ਨਾ ਜੇਕਰ ਤੋਰ ਦਈਏ ਨੱਢੀ ਨਾਲ ਮੁੰਡੇ ਮਹੀਂਵਾਲ ਦੇ ਨੀ
ਜੀਦ੍ਹਾ ਖਾਂਵਦੇ ਉਸੀ ਦਾ ਬੁਰਾ ਮੰਗਣ ਦਗ਼ਾ ਕਰਨ ਹੋਕੇ ਮਹਿਰਮ ਹਾਲ ਦੇ ਨੀ
ਕਬਰ ਵਿੱਚ ਦਯੂਸ ਖੰਜੀਰ ਹੋਸਨ ਜਿਹੜੇ ਲਾਡ ਕਰਦੇ ਧੰਨ ਮਾਲ ਦੇ ਨੀ
ਬਰਕਤ ਜੱਗ ਦੀ ਅਤੇ ਅਮਾਨ ਭੰਨਣ ਪਾਸ ਗੈਬਤੀ ਜਵਾਂ ਨੂੰ ਗਾਲ ਦੇ ਨੀ
ਨਾਲ ਸੱਜਣਾਂ ਲੜਨ ਤੇ ਵੈਰ ਘੱਤਨ ਖੋਟੇ ਨੀਤ ਦੇ ਠੱਗ ਕਮਾਲ ਦੇ ਨੀ
ਔਰਤ ਆਪ ਕੋਈ ਜੇਕਰ ਗ਼ੈਰ ਵੇਖਣ ਗ਼ੈਰਤ ਕਰਨ ਨਾ ਓਸ ਦੇ ਹਾਲ ਦੇ ਨੀ
ਮੂੰਹ ਤਿਨ੍ਹਾਂ ਦਾ ਵੇਖਣਾ ਜੋਕ ਵਾਂਗੂੰ ਕਤਲ ਕਰੋ ਰਫ਼ੀਕਣਾਂ ਨਾਲ ਦੇ ਨੀ
ਸਯਦ ਸ਼ੇਖ ਨੂੰ ਪੀਰ ਨਾ ਮੂਲ ਜਾਣੇ ਅਮਲ ਕਰੇ ਜੋ ਉਹ ਚੰਡਾਲ ਦੇ ਨੀ
ਹੋਵੇ ਚੂ੍ੜ੍ਹਾ ਤੁਰਕ ਹਰਾਮ ਮੁਸਲਮ ਮੁਸਲਮਾਨ ਸਭ ਓਸ ਦੇ ਨਾਲ ਦੇ ਨੀ
ਦੌਲਤ ਮੰਦ ਦਯੂਸ ਦੀ ਤੁਰਕ ਸੁਹਬਤ ਮਗਰ ਲੱਗੀਏ ਨੇਕ ਕੰਗਾਲ ਦੇ ਨੀ
ਕਦੀ ਕਚਕਰਾ ਲਾਲ ਨਾ ਹੋ ਜਾਂਦਾ ਜੇ ਪਰੋ ਦੇਈਏ ਨਾਲ ਲਾਲ ਦੇ ਨੀ
ਜਹਿਰ ਦੇ ਕੇ ਮਾਰੀਏ ਹੀਰ ਤਾਈਂ ਗੁਨਾਹਗਾਰ ਹੋ ਜੁੱਲ ਜਲਾਲ ਦੇ ਨੀ
ਰਹਿੰਦੀ ਹੀਰ ਬੀਮਾਰ ਲਚਾਰ ਅੱਗੇ ਸੂਰਤ ਓਸ ਦੀ ਵਾਂਗ ਮਲਾਲ ਦੇ ਨੀ
ਕੈਦੋ ਆਖਦਾ ਰਾਂਝੇ ਨੂੰ ਮਾਰ ਸੁੱਟਿਆ ਗੁਜ਼ਰ ਗਈ ਵਿੱਚ ਏਸ ਖਿਆਲ ਦੇ ਨੀ
ਮਗਰੋਂ ਜ਼ਹਿਰ ਦਿਤੀ ਘੋਲ ਵਿੱਚ ਸ਼ਰਬਤ ਪੱਤ ਆਪਣੀ ਆਪ ਓਹ ਗਾਲ ਦੇ ਨੀ
ਮਾਰ ਸੁੱਟਿਆ ਹੀਰ ਨੂੰ ਮਾਪਿਆਂ ਨੇ ਇਹ ਪੇਖਣੇ ਜੁੱਲ ਜਲਾਲ ਦੇ ਨੀ
ਬੱਦ ਅਮਲੀਆਂ ਜਿਹੜੀਆਂ ਕਰੇਂ ਚੋਰੀ ਮਹਿਰਮ ਸੱਭ ਤੇਰੇ ਵਾਲ ਵਾਲ ਦੇ ਨੀ
ਪੜ੍ਹਕੇ ਇਲਮ ਤੇ ਅਮਲ ਨਾ ਕਰਨ ਜੇੜ੍ਹੇ ਓਹ ਸ਼ੈਤਾਨ ਮਰਦੂਦ ਦੇ ਨਾਲ ਦੇ ਨੀ
ਸ਼ਰਹ ਵਿੱਚ ਬਦ ਮਾਰਨੇ ਆਂਵਦੇ ਨੀ ਏਸ ਗੱਲ ਨੂੰ ਮਰਦ ਸੰਭਾਲ ਦੇ ਨੀ
ਤਰਕ ਸੂਮ ਸਲਵਾਤ ਦਰਪੇਸ਼ ਰਖਣ ਦੁਨੀਆਂ ਵਾਸਤੇ ਮਿਹਨਤਾਂ ਜਾਲ ਦੇ ਨੀ
ਇੱਕ ਨਮਾਜ਼ ਨਾ ਛੁੱਟੀ ਪੈਗੰਬਰਾਂ ਤੋਂ ਤਾਰਕ ਮਾਰਦੇ ਦੱਮ ਕਮਾਲ ਦੇ ਨੀ
ਦੇਖੋ ਅਕਲ ਸ਼ਊਰ ਜੇ ਮਾਰਿਆ ਨੇ ਪਏ ਹੋਰਨਾਂ ਨੂੰ ਕੋਲੋਂ ਗਾਲ ਦੇ ਨੀ
ਪੀਰ ਫੰਦ ਫਰੇਬ ਦਾ ਪਹਿਨ ਜਾਮਾਂ ਦਿਲੋਂ ਖੁਸ਼ੀ ਮੁਰੀਦ ਮਲਾਲ ਦੇ ਨੀ
ਭਾਵੇਂ ਟੱਬਰ ਮੁਰੀਦ ਦਾ ਮਰੇ ਭੁੱਖਾ ਪੀਰ ਆਪਣੇ ਨਫ਼ਰ ਨੂੰ ਪਾਲ ਦੇ ਨੀ