ਪੰਨਾ:ਹੀਰ ਵਾਰਸਸ਼ਾਹ.pdf/351

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩੩)

ਕਾਸਦ ਦੌੜਿਆ ਝੰਗ ਸਿਆਲ ਤੋਂ ਜੀ ਤੁਰਤ ਤਖਤ ਹਜ਼ਾਰੇ ਵਿਚ ਆਇਆ ਈ
ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ ਖੱਤ ਰੋਇਕੇ ਹੱਥ ਫੜਾਇਆ ਈ
ਰਾਂਝੇ ਪੁੱਛਿਆ ਖਬਰ ਕੀ ਲਿਆਇਆ ਏਂ ਮੂੰਹ ਕਾਸਨੂੰ ਬੁਰਾ ਬਣਾਇਆ ਈ
ਮੇਰੇ ਮਾਲ ਨੂੰ ਖੈਰ ਹੈ ਕਾਸਦਾ ਓਏ ਆਖ ਕਾਸਨੂੰ ਡੁਸਕਣਾ ਲਾਇਆ ਈ
ਕਾਸਦ ਮੁੱਖ ਤੋਂ ਉੱਠ ਕੇ ਆਹ ਮਾਰੀ ਅਗੋਂ ਇਹ ਜਵਾਬ ਸੁਣਾਇਆ ਈ
ਤੇਰੇ ਮਾਲ ਨੂੰ ਧਾੜਵੀ ਓਹ ਪਿਆ ਜਿਸ ਤੋਂ ਕਦੀ ਨਾ ਕਿਸੇ ਛੁਡਾਇਆ ਈ
ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ ਮੈਨੂੰ ਸਿਆਲਾਂ ਨੇ ਅੱਜ ਭਿਜਵਾਇਆ ਈ
ਗੁੱਸਲ ਕਫ਼ਨ ਦੇਕੇ ਕਲ੍ਹ ਹੀਰ ਤਾਈਂ ਵਿਚ ਕਬਰ ਦੇ ਚਾ ਦਫ਼ਨਾਇਆ ਈ
ਕੁੱਲ ਮਹਿਰ ਬੈਠੇ ਉਹਦੀ ਫਾਤਿਆ ਤੇ ਮੈਨੂੰ ਏਧਰ ਤੁਰਤ ਦੌੜਾਇਆ ਈ
ਲਿਖਿਆ ਮਾਲਕਾਂ ਦਾ ਤੇਰੇ ਹੱਥ ਦਿੱਤਾ ਬੰਦਾ ਅਦਬ ਬਜਾ ਲਿਆਇਆ ਈ
ਹੁਣ ਮਾਯੂਸ ਹੋਯੋਂ ਤਖਤ ਜ਼ਿੰਦਗੀ ਤੋਂ ਤੈਨੂੰ ਹੁਕਮ ਤਬਦੀਲ ਦਾ ਆਇਆ ਈ
ਦੁਨੀਆਂ ਖੇਡ ਹੈ ਖੂਹ ਕਿਆਰਿਆਂ ਦੇ ਓੜਕ ਖਾਕ ਦਰਖਾਕ ਸਮਾਇਆ ਈ

ਕਲਾਮ ਸ਼ਾਇਰ

ਕਈ ਬੋਲ ਗਏ ਸ਼ਾਖ ਉਮਰ ਦੀ ਤੇ ਐਥੇ ਆਲ੍ਹਣਾ ਕਿਸੇ ਨਾ ਪਾਇਆ ਈ
ਕਈ ਹੁਕਮ ਤੇ ਜ਼ੁਲਮ ਕਮਾ ਚਲੇ ਨਾਲ ਕਿਸੇ ਨਾ ਸਾਥ ਨਿਭਾਇਆ ਈ
ਵਡੀ ਉਮਰ ਤੇ ਬਹੁਤ ਉਲਾਦ ਵਾਲਾ ਜਿਸ ਨੂਹ ਤੂਫਾਨ ਡੁਬਾਇਆ ਈ
ਜਿਹੜਾ ਦੀਨ ਤੇ ਦੁਨੀ ਦਾ ਬਾਦਸ਼ਾਹ ਸੀ ਉਹ ਭੀ ਖਾਕ ਦੇ ਵਿੱਚ ਸਮਾਇਆ ਈ
ਸੁਖਨ ਯਾਦਗਾਰੀ ਰਹੀ ਸ਼ਾਇਰਾਂ ਦੀ ਜਿਨ੍ਹਾਂ ਤਬਹ ਦਾ ਜ਼ੋਰ ਅਜ਼ਮਾਇਆ ਈ
ਐਪਰ ਹੀਰ ਨਾ ਕਿਸੇ ਨੇ ਕਹੀ ਐਸੀ ਸ਼ੇਅਰ ਬਹੁਤ ਮਰਗੂਬ ਬਣਾਇਆ ਈ
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਿਲਾਇਆ ਈ
ਵਾਰਸਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ

ਰਾਂਝੇ ਨੇ ਆਹ ਮਾਰ ਕੇ ਮਰ ਜਾਣਾ

ਦੁਨੀਆਂ ਕੂਚ ਮਕਾਨ ਫ਼ਨਾਹ ਦਾ ਈ ਕਿਉਂ ਬੈਠਾ ਏਂ ਝੌਪੜੀ ਪਾ ਮੀਆਂ
ਤੇਰੇ ਨਾਲ ਦੇ ਬੇਲੀਆ ਲੱਦ ਗਏ ਇਹਨਾਂ ਸਭ ਦਾ ਚਲ ਚਲਾ ਮੀਆਂ
ਰਾਂਝੇ ਵਾਂਗ ਫ਼ਰਿਹਾਦ ਦੇ ਆਹ ਮਾਰੀ ਜਾਨ ਗਈ ਸੂ ਹੋ ਹਵਾ ਮੀਆਂ
ਦੋਵੇਂ ਦਾਰੇ ਫਨਾਹ ਥੀਂ ਗਏ ਸਾਬਤ ਜਾ ਫਿਰੇ ਵਿਚ ਦਾਰ ਬਕਾ ਮੀਆਂ
ਦੋਵੇਂ ਇਸ਼ਕ ਮਿਜ਼ਾਜੀ ਵਿੱਚ ਰਹੇ ਕਾਇਮ ਨਾਲ ਸਿਦਕ ਦੇ ਗਏ ਵਿਹਾ ਮੀਆਂ
ਵਾਰਸਸ਼ਾਹ ਇਸ ਖਵਾਬ ਸਰਾਏਂ ਦੀ ਤੇ ਕਈ ਵਾਜੜੇ ਗਏ ਵਜਾ ਮੀਆਂ