(੩੧)
ਖ਼ਿਦਮਤਗਾਰੀ ਪਿਆਰ ਦੇ ਨਾਲ ਕਰਦੀ ਅਦਬ ਇੱਕ ਨਾ ਮੂਲ ਭੁਲਾਉਂਦੀ ਏ
ਵਾਰਸਸ਼ਾਹ ਜੋ ਹਾਲ ਅਹਿਵਾਲ ਸਾਰਾ ਕੁੱਲ ਪੜਤਨੇ ਖੋਲ੍ਹ ਦਿਖਾਉਂਦੀ ਏ
ਕਲਾਮ ਰਾਂਝਾ
ਸ਼ਰਹ ਵਿਚ ਮਨਜ਼ੂਰ ਨਾ ਕੌਲ ਰੰਨਾਂ ਰਾਂਝਾ ਹੀਰ ਨੂੰ ਆਖ ਸੁਣਾਉਂਦਾ ਏ
ਮਕਰ ਰੰਨ ਦੇ ਜੇਡ ਨਾ ਮਕਰ ਕੋਈ ਰੱਬ ਵਿੱਚ ਕੁਰਾਨ ਫਰਮਾਉਂਦਾ ਏ
ਮੁਰਸ਼ਦ ਜਿੰਨ ਤੇ ਰੰਨ ਦਾ ਬੁਤ ਸ਼ੈਤਾਂ ਜਿਹੜਾ ਇਫ਼ਤਰਾ ਮਕਰ ਪੜ੍ਹਾਉਂਦਾ ਏ
ਰੰਨਾਂ ਸੱਚਿਆਂ ਨੂੰ ਕਰਨ ਚਾ ਝੂਠਾ ਮਰਦ ਆਣ ਦੇ ਵਿਚ ਸਮਾਉਂਦਾ ਏ
ਰੰਨਾਂ ਮੁੰਡਿਆਂ ਪੋਸਤੀਆਂ ਭੰਗੀਆਂ ਦਾ ਇਤਬਾਰ ਜ਼ਬਾਨ ਨਾ ਆਉਂਦਾ ਏ
ਵਾਰਸਸ਼ਾਹ ਜੋ ਕੌਲ ਤੇ ਦਏ ਪਹਿਰਾ ਪੁੱਤ ਮਹਿਰ ਦਾ ਚਾਕ ਸਦਾਉਂਦਾ ਏ
ਕਲਾਮ ਹੀਰ
ਹੀਰ ਆਖਦੀ ਰੰਨਾਂ ਨੂੰ ਨਿੰਦਨਾ ਏਂ ਰੰਨ ਦੇਹ ਚੜੀ ਆਪਾ ਜਾਲਦੀ ਏ
ਰੰਨ ਜੇਡ ਨਾ ਹੱਠ ਹੈ ਕਿਸੇ ਕਰਨਾ ਰੰਨ ਮਾਲ ਤੇ ਮੁਲਕ ਨਾ ਭਾਲਦੀ ਏ
ਮਜਨੂੰ ਆਸ਼ਕ ਦੇ ਤੱਨ ਵਿਚ ਦੱਬ ਉੱਗੀ ਸੋਹਣੀ ਆਪਣੇ ਆਪ ਨੂੰ ਗਾਲਦੀ ਏ
ਜ਼ੁਲੈਖਾਂ ਛੱਡ ਸਰਦਾਰੀਆਂ ਹੋਈ ਆਜਜ਼ ਝੁਗੀ ਪਾਇਕੇ ਹੱਠ ਸੰਭਲਦੀ ਏ
ਪੇਈਏ ਸਾਹੁਰੇ ਸੱਕੀਆਂ ਦੇਣ ਪਿਛਾ ਗ਼ਮੀ ਕਰਨ ਨਾ ਦੌਲਤਾਂ ਮਾਲਦੀ ਏ
ਸਸੀ ਹੋ ਸ਼ਹੀਦ ਵਿਚ ਥਲਾਂ ਮੋਈ ਸ਼ੀਰੀ ਸਮਝ ਲੈ ਓਸ ਦੇ ਨਾਲ ਦੀ ਏ
ਵਲੀ ਗੌਂਸ ਇਹ ਰੰਨਾਂ ਤੋਂ ਹੋਏ ਪੈਦਾ ਹਵਾ ਸਮਝ ਲੈ` ਆਦਮੋਂ ਨਾਲ ਦੀ ਏ
ਹੱਠ ਰੰਨ ਦੇ ਜੇਡ ਨਾ ਮਰਦ ਕਰਦਾ ਵਾਰਸਸ਼ਾਹ ਨੂੰ ਖ਼ਬਰ ਇਸ ਹਾਲ ਦੀ ਏ
ਕਲਾਮ ਹੀਰ
ਅੱਲਾ ਸੱਚ ਨਬੀ ਬਰਹੱਕ ਮੀਆਂ ਮੈਂ ਤਾਂ ਆਪਣਾ ਦਿਆਂ ਕਰਾਰ ਤੈਨੂੰ
ਤੇਰੀ ਬੰਦੀ ਹਾਂ ਜਿਚਰ ਹੈ ਜਾਨ ਮੇਰੀ ਖੜ ਵੇਚ ਲੈ ਹੱਟ ਬਜ਼ਾਰ ਮੈਨੂੰ
ਮੈਥੋਂ ਭੁੱਲੀਆਂ ਨੀ ਹੋਰ ਸਭ ਗੱਲਾਂ ਤੇਰੇ ਵਿਰਦ ਦੀ ਬੱਸ ਹੈ ਕਾਰ ਮੈਨੂੰ
ਤੇਰੇ ਦਾਮਨੇ ਲੱਗੜੀ ਰਹਾਂ ਮੀਆਂ ਜਿਵੇਂ ਜਾਣਨੈਂ ਪਾਰ ਉਤਾਰ ਮੈਨੂੰ
ਤੇਰੇ ਨਾਮ ਦਾ ਰਾਤ ਦਿਨ ਜਿਕਰ ਹੈ ਜੀ ਦਿਹ ਮਿਹਰ ਦੇ ਨਾਲ ਦੀਦਾਰ ਮੈਨੂੰ
ਆਪ ਕੱਟਸਾਂ ਜਿਵੇਂ ਜੋ ਹੋਗ ਲਿਖੀ ਤੂੰ ਤਾਂ ਦਿਲੋਂ ਨਾ ਮੁਲ ਵਿਸਾਰ ਮੈਨੂੰ
ਤੇਰੇ ਨਾਲ ਹੀ ਕੌਲ ਨਿਬਾਹੁਣਾ ਏਂ ਭਾਵੇਂ ਜੀਤ ਆਵੇ ਭਾਵੇਂ ਹਾਰ ਮੈਨੂੰ
ਹੁਣ ਜੀਉਂਦੀ ਮੁੱਖ ਨ ਮੋੜਸਾਂ ਮੈਂ ਵਾਰਸਸ਼ਾਹ ਦੇ ਨਾਲ ਇਕਰਾਰ ਮੈਨੂੰ
ਹੀਰ ਨੇ ਨਸੀਹਤ ਕਰਨੀ ਮੀਆਂ ਰਾਂਝੇ ਨੂੰ
ਹੀਰ ਕਰੇ ਤੱਸਲੀਆਂ ਰਾਂਝਣੇ ਦੀਆਂ ਮੇਰੀ ਗੱਲ ਦੇ ਵੱਲ ਧਿਆਨ ਕਰਨਾ