ਪੰਨਾ:ਹੀਰ ਵਾਰਸਸ਼ਾਹ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੫)

ਹੀਰ ਬੋਲਦੀ ਕੀਤਾ ਈ ਬੁਰਾ ਮਾਹੀਆ ਤੇਰੀ ਮੱਤ ਨੂੰ ਕੌਣ ਲੈਲਾਉਂਦਾ ਏ
ਦੇਸੀ ਸੁੱਤੀਆਂ ਕਲਾਂ ਜਗਾ ਲੰਙਾ ਅੱਕ ਦੁੱਧ ਦੇ ਵਿੱਚ ਚੁਆਉਂਦਾ ਏ
ਨੁਕਤਾਚੀਨ ਜਹਾਨ ਦਾ ਚੁਗਲ ਲੰਙਾ ਮਾਵਾਂ ਧੀਆਂ ਦੇ ਵੈਰ ਪੁਆਉਂਦਾ ਏ
ਵਾਰਸਸ਼ਾਹ ਮੀਆਂ ਵੇਖ ਟੰਗ ਲੰਙੀ ਸ਼ੈਤਾਨ ਦੀ ਕਲਾ ਜਗਾਉਂਦਾ ਏ

ਹੀਰ ਰਾਂਝਾ

ਹੀਰੇ ਆਸ਼ਕਾਂ ਸੱਭ ਮਲਾਮਤਾਂ ਨੀ ਨਾਲ ਸਬਰ ਦੇ ਸ਼ੁਕਰ ਗੁਜ਼ਾਰ ਦੇ ਨੀ
ਸਖੀ ਸਾਇਲਾਂ ਮੂਲ ਨਾ ਰੱਦ ਕਰਦੇ ਖੈਰ ਦੇਂਵਦੇ ਨਾਲ ਪਿਆਰ ਦੇ ਨੀ
ਸ਼ੈਤਾਨ ਬਖੀਲ ਮਕਾਰ ਕੁੱਤਾ ਜਿਹੜਾ ਕਰਦਾ ਏ ਕੰਮ ਬੇਕਾਰ ਦੇ ਨੀ
ਦੁਨੀਆਂ ਦਾਰਾਂ ਤੇ ਫਾਜ਼ਲਾਂ ਠੱਗ ਲੈਂਦਾ ਆਸ਼ਕ ਸਾਲਿਆਂ ਦਾ ਦੁਰਕਾਰ ਦੇ ਨੀ
ਅਜੇ ਵੇਲਾ ਈ ਗੱਲ ਸੰਭਾਲ ਹੀਰੇ ਹੋਵੇਂ ਖੁਆਰ ਨਾ ਵਿੱਚ ਸੰਸਾਰ ਦੇ ਨੀ
ਵਾਰਸਸ਼ਾਹ ਮੀਆਂ ਕੰਮ ਸੋਈ ਕਰੀਏ ਜੇੜ੍ਹੇ ਹੋਣ ਸੱਚੇ ਪਰਵਦਗਾਰ ਦੇ ਨੀ

ਕਲਾਮ ਹੀਰ

ਹੀਰ ਆਖਿਆ ਰਾਂਝਿਆ ਬੁਰਾ ਕੀਤੋ ਸਾਡਾ ਕੰਮ ਸੀ ਨਾਲ ਵੈਰਾਈਆਂ ਦੇ
ਸਾਡੇ ਖੋਜ ਨੂੰ ਤੱਕ ਕੇ ਕਰੇ ਚੁਗਲੀ ਦਿੱਨ ਰਾਤ ਹੈ ਵਿੱਚ ਬੁਰਿਆਈਆਂ ਦੇ
ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ ਭੰਗ ਘੱਤਦਾ ਵਿੱਚ ਕੁੜਮਾਈਆਂ ਦੇ
ਝੂਠੀ ਸੱਚੀਆਂ ਗੱਲਾਂ ਨੂੰ ਮੇਲਦਾ ਏ ਵਾਂਗ ਲਾਗੀਆਂ ਕੂੜਿਆਂ ਨਾਈਆਂ ਦੇ
ਮਨਘੜਤ ਕਿੱਸੇ ਜੋੜ ਜੋੜ ਕੇ ਤੇ ਰੌਲਾ ਪਾਵਸੀ ਵਾਂਗ ਭਰਾਈਆਂ ਦੇ
ਦੌਲਤ ਦੀਨ ਤੇ ਧਰਮ ਈਮਾਨ ਸੱਭੇ ਵਾਰਸਸ਼ਾਹ ਦੇ ਨਾਲ ਕਮਾਈਆਂ ਦੇ

ਸਵਾਲ ਜਵਾਬ ਹੀਰ ਤੇ ਰਾਂਝਾ

ਹੀਰ ਆਖਦੀ ਰਾਂਝਿਆ ਬੁਰਾ ਕੀਤੋ ਤੈਂ ਤਾਂ ਪੁਛਣਾ ਸੀ ਠਹਿਰਾਇਕੇ ਤੇ
ਮੇਰੇ ਆਉਣੇ ਤੀਕ ਉਡੀਕਣਾ ਸੀ ਗਲੋਂ ਲਾਇਕੇ ਕਿਵੇਂ ਖੜਾਇਕੇ ਤੇ
ਇਹ ਤਾਂ ਵਿੱਚ ਸੰਸਾਰ ਖੁਆਰ ਕਰਸੀ ਸਾਡੇ ਸੱਚ ਨੂੰ ਕੂੜ ਬਣਾਇਕੇ ਤੇ
ਮੈਂ ਤਾਂ ਜਾਣਦਾ ਨਹੀਂ ਸਾਂ ਇਹ ਸੂੰਹਾ ਖੈਰ ਮੰਗਿਓਸੂ ਮੈਥੋਂ ਆਇਕੇ ਤੇ
ਖੈਰ ਲੈਂਦਾ ਈ ਪਿਛ੍ਹਾਂ ਨੂੰ ਤੁਰਤ ਨੱਠਾ ਉੱਠ ਵਗਿਆ ਕੰਡ ਵਲਾਇਕੇ ਤੇ
ਨੇੜੇ ਜਾਂਦਾ ਈ ਨੱਢੀਏ ਜਾ ਮਿਲ ਨੀ ਭੱਜ ਪੁੱਛ ਲੈ ਗੱਲ ਸਮਝਾਇਕੇ ਤੇ
ਹੀਰ ਮਗਰ ਨੱਠੀ ਜਾ ਖੜਾ ਕੀਤਾ ਓਹਨੂੰ ਨਾਲ ਅਵਾਜ਼ ਬੁਲਾਇਕੇ ਤੇ
ਵਾਰਸਸ਼ਾਹ ਮੀਆਂ ਉਸਥੋਂ ਗੱਲ ਪੁਛੀ ਦੋ ਤਿੰਨ ਅਡੀਆਂ ਹਿੱਕ ਵਿਚ ਲਾਇਕੇ ਤੇ

ਹੀਰ ਨੇ ਕੈਦੋ ਨੂੰ ਫੜਣਾ

ਮਿਲੀ ਰਾਹ ਵਿੱਚ ਦੌੜਕੇ ਜਾ ਨੱਢੀ ਪਹਿਲੇ ਨਾਲ ਫ਼ਰੇਬ ਦੇ ਚੱਟਿਆ ਸੂ